
ਅੱਚਲ ਵਟਾਲੇ ਦਾ ਮੇਲਾ ਕਈ ਸਦੀਆਂ ਤੋਂ ਲਗਾਤਾਰ ਲੱਗ ਰਿਹਾ ਹੈ। ਇਸ ਮੇਲੇ ਦੇ ਵੱਖ-ਵੱਖ ਰੰਗਾਂ ਦਾ ਵਰਨਣ ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਹੋਏ ਪ੍ਰਸਿੱਧ ਇਤਿਹਾਸਕਾਰ ਅਤੇ ਬਟਾਲਾ ਦੇ ਵਸਨੀਕ ਸੁਜਾਨ ਰਾਏ ਭੰਡਾਰੀ ਨੇ ਆਪਣੀ ਫਾਰਸੀ ਵਿੱਚ ਲਿਖੀ ਕਿਤਾਬ ‘ਖੁਲਾਸਤੁਤ ਤਵਾਰੀਖ’ ਵਿੱਚ ਬਹੁਤ ਖੂਬਸੂਰਤੀ ਨਾਲ ਕੀਤਾ ਹੈ। ਸੁਜਾਨ ਰਾਏ ਭੰਡਾਰੀ ਬਟਾਲੇ ਦੇ ਹੋਣ ਕਾਰਨ ਖੁਦ ਵੀ ਅੱਚਲ ਦੇ ਮੇਲੇ ਵਿੱਚ ਜਾਂਦੇ ਰਹੇ ਸਨ ਅਤੇ ਉਨ੍ਹਾਂ ਨੇ ਜੋ ਅੱਚਲ ਦੇ ਮੇਲੇ ਸਬੰਧੀ ਆਪਣਾ ਬਿਆਨ ਦਰਜ ਕੀਤਾ ਹੈ ਉਹ ਹੂ-ਬ-ਹੂ ਹੇਠਾਂ ਦਿੱਤਾ ਜਾ ਰਿਹਾ ਹੈ।

“ਬਟਾਲੇ ਤੋਂ ਦੋ ਕੋਹ ਦੂਰ ਅਚਲ ਨਾਉਂ ਦਾ ਇੱਕ ਪੁਰਾਣਾ ਅਸਥਾਨ ਮਹਾਦੇਵ ਦੇ ਸਪੁੱਤਰ ਸੁਆਮੀ ਕਾਰਤਿਕ ਨਾਲ ਸਬੰਧਤ ਹੈ। ਇਥੋਂ ਦੇ ਤਲਾਉ ਦੇ ਪਾਣੀ ਨੂੰ ਮਿਠਾਸ ਅਤੇ ਸੁਆਦ ਵਿੱਚ ਕੌਸਰ (ਸੁਰਗ ਦੀ ਇੱਕ ਨਹਿਰ ਦਾ ਨਾਉਂ) ਦੇ ਬਰਾਬਰ ਸਮਝੋ। ਅਕਤੂਬਰ ਦੇ ਅਰੰਭ ਵਿੱਚ ਜਦ ਕਿ ਦਿਨ ਤੇ ਰਾਤ ਬਰਾਬਰ ਅਤੇ ਰੁੱਤ ਸਮਾਨ ਹੁੰਦੀ ਹੈ, ਹਜ਼ਾਰਾਂ ਜੋਗੀ, ਤਪੱਸਵੀ, ਸਾਧੂ ਇਥੇ ਆਉਂਦੇ ਹਨ। ਦੇਸ਼ ਵਿਚੋਂ ਲੱਖਾਂ ਇਸਤਰੀਆਂ ਤੇ ਮਰਦਾਂ ਦੇ ਆਉਣ ਨਾਲ ਬਹੁਤ ਭੀੜ ਹੋ ਜਾਂਦੀ ਹੈ। ਪੂਰੇ ਛੇ ਦਿਨ ਕੋਹਾਂ ਵਿੱਚ ਆਦਮੀ ਹੀ ਆਦਮੀ ਦਿਖਾਈ ਦੇਂਦੇ ਹਨ। ਬਹੁਤ ਸਾਰੇ ਆਦਮੀ ਇਨ੍ਹਾਂ ਪਹੁੰਚੇ ਹੋਏ ਫ਼ਕੀਰਾਂ ਨੂੰ ਬੇਨਤੀਆਂ ਕਰਕੇ ਆਪਣੀਆਂ ਮੁਰਾਦਾਂ ਪਾਉਂਦੇ ਹਨ। ਮਿੱਤਰ ਮਿੱਤਰਾਂ ਨੂੰ ਮਿਲ ਕੇ ਸੰਗਤ ਕਰਦੇ ਹਨ ਅਤੇ ਦ੍ਰਿਸ਼ਟੀਵਾਨ ਭਾਰੀ ਇਕੱਤਰਤਾ ਦੇ ਦਰਪਣ ਵਿੱਚ ਰੱਬੀ ਕੁਦਰਤ ਦਾ ਅਨੁਭਵ ਕਰਦੇ ਹਨ। ਤਮਾਸ਼ਬੀਨਾਂ ਨੂੰ ਪਰੀਆਂ ਵਰਗੀਆਂ ਸੁੰਦਰੀਆਂ ਦੇ ਦੀਦਾਰ ਅਤੇ ਖਾਣ-ਪੀਣ ਦੇ ਸ਼ੌਕੀਨਾਂ ਨੂੰ ਹਲਵੇ ਪਰਾਉਂਠੇ ਆਦਿ ਦੇ ਸੁਆਦ ਮਾਨਣ ਦਾ ਮੌਕਾ ਮਿਲਦਾ ਹੈ। ਫ਼ਕੀਰਾਂ ਦੀ ਦੁਆ ਨਾਲ ਰੋਗੀਆਂ ਨੂੰ ਪੂਰਣ ਤੰਦਰੁਸਤੀ ਨਸੀਬ ਹੁੰਦੀ ਹੈ।
ਰੰਗ ਰਾਗ ਦੇ ਇਸ ਮੇਲੇ ਵਿੱਚ ਕਿਤੇ ਸੁਆਦੀ ਮਿਠਆਈਆਂ, ਕਿਤੇ ਉੱਤਮ ਖਾਣ ਪਾਨ ਦੀਆਂ ਚੀਜਾਂ ਅਤੇ ਕਿਤੇ ਤਾਜ਼ਾ ਤੇ ਮਿੱਠੇ ਮੇਵੇ ਵਿਕਦੇ ਹਨ। ਇੱਕ ਪਾਸੇ ਸੰਗੀਤ ਤੇ ਨਾਚ ਦੀ ਮਹਿਫ਼ਿਲ ਜਮਦੀ ਹੈ, ਦੂਜੇ ਪਾਸੇ ਭੰਡ ਤੇ ਨਕਲੀਏ ਨਕਲਾਂ ਤੇ ਹਸਾਉਣੀਆਂ ਗੱਲਾਂ ਦੀ ਦਾਦ ਦੇਂਦੇ ਹਨ। ਕਿਤੇ ਕੋਈ ਕਹਾਣੀ ਸੁਣਾਉਣ ਵਾਲਾ ਕਿੱਸਾ ਸੁਣਾ ਕੇ ਲੋਕਾਂ ਨੂੰ ਪ੍ਰਸੰਨ ਕਰਦਾ ਹੈ। ਕਿਤੇ ਤਕੜੇ ਜੁੱਸੇ ਵਾਲੇ ਸ਼ਕਤੀਵਾਨ ਪਹਿਲਵਾਨ ਦੀਆਂ ਜੋੜੀਆਂ ਰੁਸਤਮ, ਅਸੰਫਦਯਾਰ (ਰੁਸਤਮ-ਈਰਾਨ ਦਾ ਪਹਿਲਵਾਨ, ਅਸਫੰਦਯਾਰਈਰਾਨ ਦਾ ਰਾਜਾ) ਵਾਂਗ ਜ਼ੋਰ ਅਜਮਾਈ ਕਰਦੀਆਂ ਹਨ। ਬਾਜ਼ੀਗਰਾਂ ਦੇ ਹੈਰਾਨ ਕਰਨ ਵਾਲੇ ਕਰਤਬ ਅਤੇ ਨਟਾਂ ਦੇ ਅਦੁੱਤੀ ਕੰਮ ਦੇਖ ਕੇ ਹਰ ਆਦਮੀ ਚਕ੍ਰਿਤ ਹੋ ਜਾਂਦਾ ਹੈ। ਚਿੱਤਰਕਾਰ ਯੁੱਧਾਂ ਅਤੇ ਮਹਿਫਿਲਾਂ ਦੇ ਅਜਿੇ ਲਾਸਾਨੀ ਚਿੱਤਰ ਅਤੇ ਗੁਲਜ਼ਾਰਾਂ ਤੇ ਨਹਿਰਾਂ ਦੀਆਂ ਅਜਿਹੀਆਂ ਤਸਵੀਰਾਂ ਲਿਆ ਕੇ ਰੱਖਦੇ ਹਨ ਕਿ ਦੇਖਣ ਵਾਲੇ ਆਪ ਤਸਵੀਰ ਬਣ ਜਾਂਦੇ ਹਨ। ਇੱਕ ਪਾਸੇ ਹਥਿਆਰਾਂ ਅਤੇ ਸਾਜ਼-ਸਮਾਨ ਦੀ ਦੁਕਾਨ ਤੇ ਦੂਜੇ ਪਾਸੇ ਜ਼ਰੂਰੀ ਵਸਤਾਂ ਅਤੇ ਖੇਡ ਖਿਡਾਉਣਿਆਂ ਦੀ, ਲੋਕਾਂ ਦਾ ਰੌਲਾ-ਰੱਪਾ, ਡੱਫ, ਤੰਬੂਰਿਆਂ, ਨਗਾਰਿਆਂ ਦੀਆਂ ਅਵਾਜ਼ਾਂ, ਹਜ਼ਾਰਾਂ ਆਦਮੀਆਂ ਦੀ ਹਾ ਹੂ, ਗੱਲ ਕੀ ਉਹ ਹਲਾ-ਗੁੱਲਾ ਹੁੰਦਾ ਹੈ ਕਿ ਕੰਨ ਪਈ ਅਵਾਜ਼ ਨਹੀਂ ਸੁਣਦੀ। ਘੱਟਾ ਤੇ ਗਰਦ ਆਸਮਾਨ ਤੱਕ ਪਹੁੰਚ ਜਾਂਦਾ ਹੈ। ਅਜਿਹਾ ਮੇਲਾ ਭਰਦਾ ਹੈ ਕਿ ਆਸਮਾਨ ਚਾਅ ਦੀ ਦ੍ਰਿਸ਼ਟੀ ਨਾਲ ਉਸਨੂੰ ਤੱਕਦਾ ਹੈ ਅਤੇ ਤਾਰੇ ਇਸ ਨੂੰ ਦੇਖ-ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਯਾਤਰੂਆਂ ਦਾ ਕਥਨ ਹੈ ਕਿ ਉਨ੍ਹਾਂ ਨੇ ਸੰਸਾਰ ਵਿੱਚ ਇਸ ਤਰਾਂ ਵਧ-ਚੜ੍ਹ ਕੇ ਲਗਣ ਵਾਲਾ ਹੋਰ ਕੋਈ ਮੇਲਾ ਨਹੀਂ ਦੇਖਿਆ। ਬਟਾਲੇ ਦੇ ਵਸਨੀਕਾਂ ਨੂੰ ਇਹ ਹੱਲਾ-ਗੁੱਲਾ ਇਤਨਾ ਪਿਆਰਾ ਲੱਗਦਾ ਹੈ ਕਿ ਭਾਵੇਂ ਸੌ ਕੋਹਾਂ ਦੂਰ ਮੌਜ-ਮੇਲਾ ਮਾਨਣ ਵਿੱਚ ਲੀਨ ਨਾ ਹੋਣ, ਉਹ ਇੱਥੇ ਪੁੱਜਣ ਦੀ ਇੱਛਾ ਕਾਰਣ ਕਾਹਲੇ ਪੈ ਜਾਂਦੇ ਹਨ।”
Adv.
ਇਤਿਹਾਸਕਾਰ ਸੁਜਾਨ ਰਾਏ ਭੰਡਾਰੀ ਦੇ ਇਸ ਬਿਆਨ ਤੋਂ ਪਤਾ ਲੱਗਦਾ ਹੈ ਕਿ ਪਹਿਲਾਂ ਅੱਚਲ ਦਾ ਮੇਲਾ 6 ਦਿਨ ਲੱਗਦਾ ਹੁੰਦਾ ਸੀ ਅਤੇ ਬਹੁਤ ਵੱਡੀ ਗਿਣਤੀ ਵਿੱਚ ਸਾਧੂ ਤੇ ਸੰਗਤ ਇਸ ਮੇਲੇ ਵਿੱਚ ਸ਼ਾਮਲ ਹੁੰਦੀ ਸੀ। ਬਟਾਲਾ ਵਾਸੀਆਂ ਦਾ ਇਸ ਮੇਲੇ ਨਾਲ ਸਨੇਹ ਬਿਆਨ ਕਰਦਿਆਂ ਸੁਜਾਨ ਰਾਏ ਭੰਡਾਰੀ ਨੇ ਲਿਖਿਆ ਹੈ ਕਿ ਬਟਾਲਵੀ ਚਾਹੇ ਕਿੰਨੀ ਵੀ ਦੂਰ ਕਿਉਂ ਨਾ ਹੁੰਦੇ ਆਖਰ ਉਹ ਮੇਲੇ ਵਾਲੇ ਦਿਨ ਅੱਚਲ ਪਹੁੰਚ ਹੀ ਜਾਂਦੇ ਸਨ। ਇਸ ਤੋਂ ਇਲਾਵਾ ਉਸ ਸਮੇਂ ਮੇਲੇ ਵਿੱਚ ਹੁੰਦੇ ਸਾਰੇ ਰੰਗਾਂ ਨੂੰ ਲੇਖਕ ਨੇ ਬਹੁਤ ਵਧੀਆ ਬਿਆਨ ਕੀਤਾ ਹੈ। ਹੁਣ ਵੀ ਹਰ ਸਾਲ ਦੀਵਾਲੀ ਤੋਂ ਬਾਅਦ ਨੌਵੀਂ ਅਤੇ ਦਸਵੀਂ ਨੂੰ ਅੱਚਲ ਦਾ ਮੇਲਾ ਮਨਾਇਆ ਜਾਂਦਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ।
**- ਇੰਦਰਜੀਤ ਸਿੰਘ ਹਰਪੁਰਾ,**ਬਟਾਲਾ, ਪੰਜਾਬ
*98155-77574**
** ਅਮਰੀਕ ਸਿੰਘ ਮਠਾਰੂ **
*90416 12123

