ਸੇਫ ਦੀਵਾਲੀ ਮਨਾਉਣ ਲਈ ਨਗਰ ਨਿਗਮ ਬਟਾਲਾ ਨੇ ਤਿਆਰੀਆਂ ਕੀਤੀਆਂ
ਕਮਿਸ਼ਨਰ ਨਗਰ ਨਿਗਮ ਨੇ ਫਾਇਰ ਬ੍ਰਿਗੇਡ, ਸਿਹਤ, ਪੁਲਿਸ ਅਤੇ ਸਿਹਤ ਵਿਭਾਗ ਨੂੰ ਚੌਕਸੀ ਵਰਤਣ ਲਈ ਕਿਹਾ
ਦੁਕਾਨਦਾਰ ਆਪਣੀ ਅਤੇ ਲੋਕਾਂ ਦੀ ਸੁਰੱਖਿਆ ਲਈ ਦੁਕਾਨਾਂ ਵਿੱਚ ਅੱਗ ਬੁਝਾਊ ਯੰਤਰ ਜਰੂਰ ਰੱਖਣ ਕਮਿਸ਼ਨਰ ਰਾਹੁਲ
ਬਟਾਲਾ, 2 ਨਵੰਬਰ (ਅਮਰੀਕ ਮਠਾਰੂ/ਗੁਰਿੰਦਰ ਸੰਧੂ ) – ਦਿਵਾਲੀ ਤਿਉਹਾਰ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਨਗਰ ਨਿਗਮ ਬਟਾਲਾ ਵੱਲੋਂ ਆਪਣੀ ਤਿਆਰੀ ਮੁਕੰਮਲ ਕਰ ਲਈ ਗਈ ਹੈ। ਕਮਿਸ਼ਨਰ ਨਗਰ ਨਿਗਮ ਸ੍ਰੀ ਰਾਹੁਲ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਪਹਿਲਾਂ ਨਗਰ ਨਿਗਮ, ਪੁਲਿਸ ਵਿਭਾਗ, ਸਿਹਤ ਵਿਭਾਗ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦੀਵਾਲੀ ਦੇ ਤਿਉਹਾਰ ਸਬੰਧੀ ਕੀਤੀਆਂ ਤਿਆਰੀਆਂ ਦਾ ਜਾਇਜਾ ਲਿਆ ਅਤੇ ਬਾਅਦ ਵਿੱਚ ਸਾਰੇ ਅਧਿਕਾਰੀਆਂ ਨੇ ਬਟਾਲਾ ਸ਼ਹਿਰ ਦੇ ਬਜ਼ਾਰਾਂ ਵਿੱਚ ਜਾ ਕੇ ਸਥਿਤੀ ਦਾ ਮੁਲਾਂਕਣ ਕੀਤਾ ਅਤੇ ਸੇਫਟੀ ਸਬੰਧੀ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ।
ਕਮਿਸ਼ਨਰ ਨਗਰ ਨਿਗਮ ਸ੍ਰੀ ਰਾਹੁਲ ਨੇ ਡੀ.ਐੱਸ.ਪੀ. ਪਰਵਿੰਦਰ ਕੌਰ, ਟਰੈਫਿਕ ਇੰਚਾਰਜ, ਫਾਇਰ ਅਫ਼ਸਰ, ਸੈਕਟਰੀ ਨਗਰ ਨਿਗਮ ਅਤੇ ਤਹਿ-ਬਜ਼ਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਸਿਟੀ ਰੋਡ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਤਿਉਹਾਰ ਦੌਰਾਨ ਜਿਥੇ ਆਪਣੀ ਦੁਕਾਨਦਾਰੀ ਕਰਨ ਓਥੇ ਨਾਲ ਹੀ ਆਪਣੀ ਅਤੇ ਲੋਕਾਂ ਦੀ ਸੁਰੱਖਿਆ ਲਈ ਵੀ ਪੂਰੀ ਤਰਾਂ ਚੌਕਸੀ ਵਰਤਣ। ਉਨ੍ਹਾਂ ਕਿਹਾ ਕਿ ਅੱਗ ਵਰਗੀ ਦੁਰਘਟਨਾ ਤੋਂ ਬਚਣ ਲਈ ਅੱਗ ਬੁਝਾਉ ਯੰਤਰ ਜਾਂ ਪਾਣੀ ਆਦਿ ਦਾ ਅਗਾਊਂ ਪ੍ਰਬੰਧ ਕਰਕੇ ਰੱਖਿਆ ਜਾਵੇ। ਉਨ੍ਹਾਂ ਫਾਇਰ ਅਫ਼ਸਰ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਸਟਾਫ਼ ਨੂੰ ਕਿਸੇ ਵੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਤਿਆਰ-ਬਰ-ਤਿਆਰ ਰੱਖਣ। ਉਨ੍ਹਾਂ ਕਿਹਾ ਫਾਇਰ ਟੈਂਡ ਸ਼ਹਿਰ ਦੇ ਪ੍ਰਮੁੱਖ ਥਾਵਾਂ ’ਤੇ ਖੜੇ ਕੀਤੇ ਜਾਣ ਤਾਂ ਜੋ ਲੋੜ ਪੈਣ ’ਤੇ ਤੁਰੰਤ ਐਕਸ਼ਨ ਕੀਤਾ ਜਾ ਸਕੇ।
Adv.
ਕਮਿਸ਼ਨਰ ਸ੍ਰੀ ਰਾਹੁਲ ਨੇ ਟਰੈਫਿਕ ਪੁਲਿਸ ਨੂੰ ਹਦਾਇਤ ਕੀਤੀ ਕਿ ਤਿਉਹਾਰਾਂ ਦੌਰਾਨ ਸ਼ਹਿਰ ਦੇ ਬਜ਼ਾਰਾਂ ਵਿੱਚ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚੱਲਦੀ ਰੱਖਣ ਲਈ ਯਤਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਅਤੇ ਬਜ਼ਾਰਾਂ ਵਿੱਚ ਜਾਮ ਨਹੀਂ ਲੱਗਣੇ ਚਾਹੀਦੇ ਅਤੇ ਐਂਬੂਲੈਂਸ ਅਤੇ ਫਾਇਰ ਗੱਡੀਆਂ ਦੇ ਲੰਘਣ ਲਈ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਉਨ੍ਹਾਂ ਪੁਲਿਸ ਵਿਭਾਗ ਨੂੰ ਸੁਰੱਖਿਆ ਦੇ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਸਿਹਤ ਵਿਭਾਗ ਨੂੰ ਹਦਇਤ ਕੀਤੀ ਕਿ ਸਿਹਤ ਵਿਭਾਗ ਕਿਸੇ ਵੀ ਐਮਰਜੈਂਸੀ ਲਈ ਪੂਰੀ ਤਰਾਂ ਤਿਆਰ ਰਹੇ।
Adv.
ਕਮਿਸ਼ਨਰ ਨਗਰ ਨਿਗਮ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਦੀਵਾਲੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਟਾਕੇ ਚਲਾਉਣ ਤੋਂ ਗੁਰੇਜ ਕਰਨ ਅਤੇ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਨੂੰ ਮਨਾਉਣ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਲਈ ਸ਼ਹਿਰ ਵਾਸੀ ਦਫ਼ਤਰ ਨਿਗਮ ਨਿਗਮ ਜਾਂ ਐੱਸ.ਡੀ.ਐੱਮ. ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ।