ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਬਟਾਲਾ ਵਿਖੇ ਲਗਾਇਆ ਸੁਵਿਧਾ ਕੈਂਪ
ਵੱਡੀ ਗਿਣਤੀ ਵਿੱਚ ਲੋਕਾਂ ਨੇ ਕੈਂਪ ਵਿੱਚ ਪਹੁੰਚ ਕੇ ਸਰਕਾਰੀ ਯੋਜਨਾਵਾਂ ਦਾ ਲਾਭ ਲਿਆ
29 ਅਕਤੂਬਰ ਨੂੰ ਵੀ ਸਵੇਰੇ 10 ਤੋਂ ਸ਼ਾਮ 4 ਵਜੇ ਤੱੱਕ ਲੱਗੇਗਾ ਸੁਵਿਧਾ ਕੈਂਪ
ਬਟਾਲਾ, 28 ਅਕਤੂਬਰ ( ਅਮਰੀਕ ਮਠਾਰੂ ) – ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਅੱਜ ਬਟਾਲਾ ਦੇ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਵਿਸ਼ੇਸ਼ ਸੁਵਿਧਾ ਕੈਂਪ ਲਗਾਇਆ ਗਿਆ। ਇਸ ਸੁਵਿਧਾ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਵਿਸ਼ੇਸ਼ ਕਾਊਂਟਰ ਲਗਾ ਕੇ ਯੋਗ ਲਾਭਪਾਤਰੀਆਂ 5-5 ਮਰਲੇ ਦੇ ਪਲਾਟ, ਪੈਨਸ਼ਨ ਸਕੀਮ, ਕੱਚੇ ਮਕਾਨਾਂ ਲਈ ਪੀ.ਐੱਮ. ਅਵਾਸ ਯੋਜਨਾ, ਬਿਜਲੀ ਕੁਨੈਕਸ਼ਨ, ਘਰਾਂ ਵਿੱਚ ਪਖਾਨਾ, ਗੈਸ ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ, ਅਸ਼ੀਰਵਾਦ ਸਕੀਮ, ਸਕਾਲਰਸ਼ਿਪ ਸਕੀਮ, ਐੱਸ.ਸੀ. ਬੀ.ਸੀ.ਕਾਰਪੋਰੇਸ਼ਨ/ ਬੈਂਕਫਿੰਕੋ ਤੋਂ ਲੋਨ, ਬੱਸ ਪਾਸ, ਪੈਂਡਿੰਗ ਇੰਤਕਾਲ ਦੇ ਕੇਸ, ਮਨਰੇਗਾ ਜਾਬ ਕਾਰਡ, 2 ਕਿਲੋਵਾਟ ਲੋਡ ਤੱਕ ਦੇ ਖਪਤਕਾਰਾਂ ਦੇ ਬਿਜਲੀ ਦੇ ਬਕਾਇਆ ਬਿੱਲ ਮੁਆਫ਼ੀ ਦੇ ਸਰਟੀਫਿਕੇਟ ਅਤੇ ਪੈਂਡਿੰਗ ਸੀ.ਐੱਲ.ਯੂ ਕੇਸ/ ਨਕਸ਼ੇ ਆਦਿ ਯੋਜਨਾਵਾਂ ਦਾ ਲਾਭ ਦਿੱਤਾ ਗਿਆ। ਇਸ ਸੁਵਿਧਾ ਕੈਂਪ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਅਤੇ ਐੱਸ.ਡੀ.ਐੱਮ. ਬਟਾਲਾ ਸ੍ਰੀ ਰਾਮ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ।
ਸਭ ਤੋਂ ਵੱਧ ਲੋਕ ਪਾਵਰਕਾਮ ਦੇ ਕਾਊਂਟਰ ’ਤੇ ਬਿਜਲੀ ਦੇ ਬਕਾਇਆ ਬਿੱਲਾਂ ਦੀ ਮੁਆਫ਼ੀ ਲਈ ਆਏ ਅਤੇ ਪਾਵਰਕਾਮ ਨੇ ਬਕਾਇਆ ਬਿੱਲਾਂ ਦੀ ਮੁਆਫ਼ੀ ਲਈ ਯੋਗ ਲਾਭਪਾਤਰੀਆਂ ਦੇ ਫਾਰਮ ਭਰੇ। ਇਸੇ ਤਰਾਂ ਪੈਨਸ਼ਨ ਯੋਜਨਾ, ਸਰਬੱਤ ਸਿਹਤ ਬੀਮਾਂ ਯੋਜਨਾ, 5-5 ਮਰਲੇ ਦੇ ਪਲਾਟਾਂ ਦੀ ਯੋਜਨਾਵਾਂ ਦਾ ਲਾਭ ਲੈਣ ਲਈ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਫਾਰਮ ਭਰੇ। ਇਸੇ ਦੌਰਾਨ ਸਿਹਤ ਵਿਭਾਗ ਵੱਲੋਂ ਕੋਵਿਡ-19 ਵੈਕਸੀਨ ਲਗਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ।
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਨੇ ਸੁਵਿਧਾ ਕੈਂਪ ਦਾ ਜਾਇਜਾ ਲੈਂਦਿਆਂ ਕਿਹਾ ਕਿ ਅੱਜ ਦਾ ਇਹ ਕੈਂਪ ਪੂਰੀ ਤਰਾਂ ਸਫਲ ਰਿਹਾ ਹੈ। ਵੱਡੀ ਗਿਣਤੀ ਵਿੱਚ ਲੋਕਾਂ ਨੇ ਸੁਵਿਧਾ ਕੈਂਪ ਵਿੱਚ ਸ਼ਮੂਲੀਅਤ ਕਰਕੇ ਵੱਖ-ਵੱਖ ਭਲਾਈ ਯੋਜਨਾਵਾਂ ਦਾ ਲਾਭ ਲਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ, ਸ਼ਿਵ ਬਟਾਲਵੀ ਆਡੀਟੋਰੀਅਮ ਬਟਾਲਾ, ਬੀ.ਡੀ.ਪੀ.ਓ. ਦਫ਼ਤਰ ਡੇਰਾ ਬਾਬਾ ਨਾਨਕ, ਬੀ.ਡੀ.ਪੀ.ਓ. ਦਫ਼ਤਰ ਕਲਾਨੌਰ ਅਤੇ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਵਿਖੇ ਇਹ ਸੁਵਿਧਾ ਕੈਂਪ ਲਗਾਏ ਗਏ ਸਨ ਜੋ ਕਿ ਕੱਲ 29 ਅਕਤੂਬਰ ਨੂੰ ਵੀ ਲੱਗਣਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਪੰਜਾਬ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਉਠਾ ਸਕਦੇ ਹਨ।