
ਲੱਕੜ ਮਾਫ਼ੀਆ ਨੇ 100 ਸਾਲ ਪੁਰਾਣਾ ਕਿੱਕਰ ਦਾ ਰੁੱਖ ਵੱਢ ਕੇ ਰਾਤੋ-ਰਾਤ ਉਸਦਾ ਨਾਮੋ-ਨਿਸ਼ਾਨ ਮਿਟਾਇਆ

ਇਸ ਸਾਰ ਮਾਮਲੇ ਵਿੱਚ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਆਈ
ਬਟਾਲਾ, 15 ਅਕਤੂਬਰ ( ਅਮਰੀਕ ਮਠਾਰੂ ) – ਜਿਸ ਕਿੱਕਰ ਦੇ ਰੁੱਖ ਨੂੰ ਵੱਡੇ ਤੋਂ ਵੱਡੇ ਝੱਖੜ, ਹਨੇਰੀਆਂ ਨਾ ਪੁੱਟ ਸਕੇ ਆਖਰਕਾਰ ਉਹ ਕਥਿਤ ਤੌਰ ’ਤੇ ਆਪਣੇ ਰਾਖੇ ਵਣ-ਵਿਭਾਗ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਮੁੱਢੋਂ ਪੁੱਟ ਦਿੱਤਾ ਗਿਆ ਹੈ। ਕਰੀਬ ਇੱਕ ਸਦੀ ਤੋਂ ਵੱਧ ਪੁਰਾਣਾ ਇਹ ਕਿੱਕਰ ਦਾ ਰੁੱਖ ਬਟਾਲਾ ਸ਼ਹਿਰ ਦੇ ਕਾਹਨੂੰਵਾਨ ਰੋਡ ਦੇ ਕਿਨਾਰੇੇ ਸਾਗਰਪੁਰ ਵਾਲੇ ਮੋਡ ਦੇ ਬਿਲਕੁਲ ਸਾਹਮਣੇ ਪੈਰਾਡਾਈਜ਼ ਕਲੋਨੀ ਦੇ ਰੋਡ ’ਤੇ ਸੀ। ਇਹ ਕਿੱਕਰ ਦਾ ਰੁੱਖ ਭਾਂਵੇ ਬਹੁਤ ਪੁਰਾਣਾ ਸੀ ਪਰ ਹਰਿਆ-ਭਰਿਆ ਹੋਣ ਕਾਰਨ ਇਹ ਕੋਲੋਂ ਲੰਘਦੇ ਹਰ ਰਾਹੀ ਨੂੰ ਛਾਂ ਤੇ ਆਕਸੀਜਨ ਦੇਣ ਵਿੱਚ ਕੋਈ ਕੰਜੂਸੀ ਨਹੀਂ ਸੀ ਕਰਦਾ। ਕਿੱਕਰ ਦੇ ਇਸ ਦਰੱਖਤ ’ਤੇ ਬਹੁਤ ਸਾਰੇ ਪੰਛੀਆਂ ਦੇ ਆਲ੍ਹਣੇ ਸਨ ਅਤੇ ਇਸ ਦਰੱਖਤ ਦੇ ਵੱਢੇ ਜਾਣ ਕਾਰਨ ਉਨ੍ਹਾਂ ਸਾਰੇ ਪੰਛੀਆਂ ਦੇ ਘਰ ਵੀ ਉੱਜੜ ਚੁੱਕੇ ਹਨ। ਹਰ ਸਵੇਰ-ਸ਼ਾਮ ਇਸ ਕਿੱਕਰ ਦੇ ਦਰੱਖਤ ’ਤੇ ਚਹਿਚਹਾਉਣ ਵਾਲੇ ਇਹ ਪੰਛੀ ਹੁਣ ਉਦਾਸ ਹਨ ਅਤੇ ਕਿੱਕਰ ਵਾਲੀ ਥਾਂ ਦੇ ਲਾਗੇ ਬੈਠ ਕੇ ਉਸ ਕਿੱਕਰ ਦੇ ਰੁੱਖ ਅਤੇ ਉਸ ਉੱਪਰ ਆਪਣੇ ਆਲ੍ਹਣਿਆਂ ਨੂੰ ਤਲਾਸਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ।
ਪਤਾ ਲੱਗਾ ਹੈ ਕਿ ਇਸ ਕਿੱਕਰ ਦੇ ਦਰੱਖਤ ਨੂੰ ਵੱਡਣ ਦੀਆਂ ਪਹਿਲਾਂ ਵੀ ਕਈ ਵਾਰ ਜੁਗਤਾਂ ਬਣਾਈਆਂ ਗਈਆਂ ਸਨ ਪਰ ਚੰਗੇ ਭਾਗਾਂ ਨੂੰ ਓਦੋਂ ਇਹ ਬਚਿਆ ਰਿਹਾ। ਜੇਕਰ ਚਸ਼ਮਦੀਦਾਂ ਅਤੇ ਆਲੇ ਦੁਆਲੇ ਦੀ ਵਸਨੀਕਾਂ ਦੀ ਮੰਨੀਏ ਤਾਂ ਚਰਚਾ ਇਹ ਹੈ ਕਿ ਇਹ ਦਰੱਖਣ ਜੰਗਲਾਤ ਵਿਭਾਗ ਦੇ ਕੁਝ ਕਰਮਚਾਰੀਆਂ ਨੇ ਮਿਲੀਭੁਗਤ ਕਰਕੇ ਹਫ਼ਤਾ ਕੁ ਪਹਿਲਾਂ ਵਢਾ ਦਿੱਤਾ ਹੈ। ਬਹੁਤ ਵੱਡੇ ਕਿੱਕਰ ਦੇ ਰੁੱਖ ਨੂੰ ਵੱਢਣ ਦੇ ਨਾਲ ਉਸਦਾ ਮੁੱਢ ਤੱਕ ਪੁੱਟ ਦਿੱਤਾ ਗਿਆ ਹੈ ਅਤੇ ਉਸ ਟੋਏ ਨੂੰ ਪੂਰ ਕੇ ਉੱਪਰ ਬੱਜ਼ਰੀ ਪਾ ਕੇ ਸੜਕ ਬਣਾ ਦਿੱਤੀ ਗਈ ਹੈ ਤਾਂ ਜੋ ਕਿੱਕਰ ਦੇ ਰੁੱਖ ਦਾ ਇੱਕ ਵੀ ਨਿਸ਼ਾਨ ਬਾਕੀ ਨਾ ਰਹੇ।
ਜਦੋਂ ਇਹ ਮਾਮਲਾ ਪ੍ਰੈੱਸ ਦੇ ਧਿਆਨ ਵਿੱਚ ਆਇਆ ਤਾਂ ਪੱਤਰਕਾਰਾਂ ਨੇ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਜਦੋਂ ਇਸ ਸਬੰਧੀ ਸੁਆਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਹਨੇਰੀ ਨਾਲ ਇਹ ਕਿੱਕਰ ਦਾ ਰੁੱਖ ਡਿੱਗ ਗਿਆ ਸੀ ਤਾਂ ਕਰਕੇ ਉਸਨੂੰ ਵੱਢਿਆ ਗਿਆ ਹੈ। ਜਦੋਂ ਪੱਤਰਕਾਰਾਂ ਨੇ ਕਿਹਾ ਕਿ ਬੀਤੇ ਦਿਨਾਂ ਵਿੱਚ ਤਾਂ ਕੋਈ ਹਨੇਰੀ ਝੱਖੜ ਨਹੀਂ ਆਇਆ ਅਤੇ ਨਾ ਹੀ ਇਹ ਰੁੱਖ ਡਿੱਗਾ ਸੀ ਤਾਂ ਅਧਿਕਾਰੀਆਂ ਨੇ ਆਪਣੇ ਬਿਆਨ ਬਦਲ ਲਏ ਅਤੇ ਕਹਿਣ ਲੱਗੇ ਕਿ ਕੋਈ ਚੋਰ ਇਸਨੂੰ ਵੱਢ ਗਿਆ ਸੀ ਅਤੇ ਜੰਗਲਾਤ ਵਿਭਾਗ ਨੇ ਇਸ ਦੀ ਲੱਕੜ ਨੂੰ ਚੁੱਕ ਕੇ ਵਿਭਾਗ ਦੇ ਗੋਦਾਮ ਥਿੰਦ ਧਾਰੀਵਾਲ ਵਿਖੇ ਜਮ੍ਹਾ ਕਰ ਲਿਆ ਹੈ। ਪਰ ਇਥੇ ਸੁਆਲ ਫਿਰ ਪੈਦਾ ਹੁੰਦਾ ਹੈ ਕਿ ਉਹ ਕਿਹੜਾ ਚੋਰ ਸੀ ਜਿਸਨੇ ਮੁੱਢ ਪੁੱਟ ਕੇ ਜੜ੍ਹੋਂ ਇਸ ਰੁੱਖ ਨੂੰ ਵੱਢਿਆ, ਫਿਰ ਇਸਦੇ ਸਾਰੇ ਟਾਹਣੇ, ਟਾਹਣੀਆਂ ਨੂੰ ਸ਼ਾਂਗਿਆ ਅਤੇ ਮੋਛੇ ਤੱਕ ਪਾਏ ਪਰ ਏਨੀ ਮਿਹਨਤ ਕਰਨ ਦੇ ਬਾਵਜੂਦ ਉਹ ਸਾਰੀ ਲੱਕੜ ਨੂੰ ਓਥੇ ਹੀ ਛੱਡ ਗਿਆ।
ਮਾਮਲਾ ਉਜਾਗਰ ਹੋਣ ਤੋਂ ਬਾਅਦ ਜੰਗਲਾਤ ਮਹਿਕਮੇ ਨੇ ਕਾਰਵਾਈ ਪਾਉਂਦਿਆਂ ਆਪਣੀ ਡੇਮੇਜ ਰੀਪੋਰਟ ਰਜਿਸਟਰ ਵਿੱਚ ਇਸ ਨੂੰ ਦਰਜ ਕਰ ਲਿਆ ਹੈ। ਜੰਗਲਾਤ ਮਹਿਕਮੇ ਦੇ ਰੇਂਜ ਅਫ਼ਸਰ ਜਗਦੇਵ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਕਿੱਕਰ ਵੱਢਣ ਦੀ ਰਿਪੋਰਟ ਦਰਜ ਕਰ ਲਈ ਹੈ ਅਤੇ ਲੱਕੜ ਚੋਰ ਨੂੰ ਲੱਭਿਆ ਜਾ ਰਿਹਾ ਹੈ। ਜੇਕਰ ਤਿੰਨ ਮਹੀਨੇ ਵਿੱਚ ਚੋਰ ਨਾ ਲੱਭਾ ਤਾਂ ਪੁਲਿਸ ਕੋਲ ਸ਼ਿਕਾਇਤ ਕੀਤੀ ਜਾਵੇਗੀ।
ਓਧਰ ਦੂਜੇ ਪਾਸੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਸਾਰੇ ਮਾਮਲੇ ਵਿੱਚ ਜੰਗਲਾਤ ਮਹਿਕਮੇ ਦੀ ਭੂਮਿਕਾ ਸ਼ੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਰੁੱਖਾਂ ਦੀ ਸੰਭਾਲ ਕਰਨ ਵਾਲੇ ਜੰਗਲਾਤ ਮਹਿਕਮੇ ਦੇ ਅਧਿਕਾਰੀ ਤੇ ਕਰਮਚਾਰੀ ਹੀ ਰੁੱਖਾਂ ਦੀ ਸੰਭਾਲ ਕਰਨ ’ਚ ਫੇਲ੍ਹ ਹੋ ਜਾਣ ਤਾਂ ਫਿਰ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ।
Adv.
ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਬਟਾਲਾ ਦੇ ਨੁਮਾਇੰਦੇ ਇੰਦਰਜੀਤ ਸਿੰਘ, ਐਡਵੋਕੇਟ ਐੱਚ.ਐੱਸ. ਮਾਂਗਟ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਜੰਗਲਾਤ ਮੰਤਰੀ, ਵਣ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋਲੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਲੱਕੜ ਚੋਰਾਂ ਨੂੰ ਬੇਨਕਾਬ ਕੀਤਾ ਜਾਵੇ ਅਤੇ ਮਨੁੱਖਤਾ ਦੇ ਦੁਸ਼ਮਣਾਂ ਉੱਪਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਲੋਕਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਵਿੱਚ ਵਣ ਵਿਭਾਗ ਦੀ ਭੂਮਿਕਾ ਦੀ ਵੀ ਨਿਰਪੱਖ ਜਾਂਚ ਕੀਤੀ ਜਾਵੇ।
Adv.
ਖੈਰ ਜੰਗਲਾਤ ਵਿਭਾਗ ਜਾਂ ਪੰਜਾਬ ਸਰਕਾਰ ਇਸ ਉੱਪਰ ਕੀ ਕਾਰਵਾਈ ਕਰਦੀ ਹੈ ਇਸਦਾ ਜੁਆਬ ਤਾਂ ਭਵਿੱਖ ਦੇ ਗਰਭ ਵਿੱਚ ਹੈ ਪਰ ਇੱਕ ਗੱਲ ਪੱਕੀ ਹੈ ਕਿ ਸਦੀ ਪੁਰਾਣਾ ਉਹ ਦਰੱਖਤ ਹੁਣ ਵਾਪਸ ਨਹੀਂ ਆ ਸਕਦਾ। ਧਾਰੀਵਾਲ ਥਿੰਦ ਦੇ ਗੁਦਾਮ ਵਿੱਚ ਕਿੱਕਰ ਦੇ ਮੋਛੇ ਇਹ ਤਾਂ ਜਰੂਰ ਸੋਚਦੇ ਹੋਣਗੇ ਕਿ ਰਿਸ਼ਵਤਖੋਰ ਮਨੁੱਖ ਆਪਣੇ ਕਿਰਦਾਰ ਤੋਂ ਕਿੰਨਾ ਡਿੱਗ ਜਾਂਦਾ ਹੈ ਅਤੇ ਉਹ ਕਿਸੇ ਬੇਜ਼ੁਬਾਨੇ ’ਤੇ ਵੀ ਆਰਾ ਫੇਰਨ ਲੱਗਾ ਨਹੀਂ ਸੋਚਦਾ।

