ਸਿੱਧੂ ਨੇ ਜਿਹੜੇ ਹਾਲਾਤ ਪੈਦਾ ਕਰ ਦਿੱਤੇ ਹਨ, ਅਜਿਹੇ ਅੱਜ ਤੋਂ ਪਹਿਲਾਂ ਪੰਜਾਬ ਵਿਚ ਕਦੇ ਨਹੀਂ ਦੇਖੇ।:-ਕੈਪਟਨ ਅਮਰਿੰਦਰ ਸਿੰਘ
ਬੀ ਜੇ ਪੀ ਵਿੱਚ ਨਹੀ ਜਾਣਗੇ,ਪਰ ਕਾਂਗਰਸ ਜਰੂਰ ਛੱਡਣਗੇ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵੀ ਨਵਜੋਤ ਸਿੰਘ ਸਿੱਧੂ ’ਤੇ ਹਮਲੇ ਜਾਰੀ ਰੱਖਦਿਆਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅਧਿਕਾਰ ਖੇਤਰ ਨੂੰ ਘਟਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਜਿਹੜੇ ਹਾਲਾਤ ਪੈਦਾ ਕਰ ਦਿੱਤੇ ਹਨ, ਅਜਿਹੇ ਅੱਜ ਤੋਂ ਪਹਿਲਾਂ ਪੰਜਾਬ ਵਿਚ ਕਦੇ ਨਹੀਂ ਦੇਖੇ। ਉਹ ਦਿੱਲੀ ਤੋਂ ਪਰਤਣ ਮੌਕੇ ਚੰਡੀਗੜ੍ਹ ਹਵਾਈ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਸਿੱਧੂ ਦਾ ਕੰਮ ਹੈ ਪਾਰਟੀ ਚਲਾਉਣਾ ਅਤੇ ਚੰਨੀ ਦਾ ਕੰਮ ਹੈ ਸਰਕਾਰ ਚਲਾਉਣਾ। ਕਦੇ ਵੀ ਇਕ-ਦੂਜੇ ਦੇ ਕੰਮ ਵਿਚ ਦਖ਼ਲਅੰਦਾਜ਼ੀ ਨਹੀਂ ਕੀਤੀ ਜਾਂਦੀ। ਮੈਂ ਵੀ ਤਿੰਨ ਵਾਰ ਪੰਜਾਬ ਕਾਂਗਰਸ ਦਾ ਪ੍ਰਧਾਨ ਰਿਹਾ ਹਾਂ।’’ ਉਨ੍ਹਾਂ ਕਿਹਾ, ‘‘ਦੋਵੇਂ ਆਗੂ ਇਕ-ਦੂਜੇ ਨਾਲ ਸਲਾਹ-ਮਸ਼ਵਰਾ ਕਰਦੇ ਹਨ ਪਰ ਸਰਕਾਰ ਸਬੰਧੀ ਆਖ਼ਰੀ ਫੈਸਲਾ ਚੰਨੀ ਦਾ ਹੀ ਹੋਵੇਗਾ ਕਿਉਂਕਿ ਉਹ ਮੁੱਖ ਮੰਤਰੀ ਹੈ, ਨਾ ਕਿ ਸਿੱਧੂ।’’ ਇਕ ਸਵਾਲ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਨੇ ਕਿਹਾ, ‘‘ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਿੱਧੂ ਪੰਜਾਬ ਲਈ ਸਹੀ ਬੰਦਾ ਨਹੀਂ ਹੈ ਅਤੇ ਉਹ ਜਿੱਥੋਂ ਮਰਜ਼ੀ ਚੋਣ ਲੜ ਲਵੇ ਮੈਂ ਉਸ ਨੂੰ ਜਿੱਤਣ ਨਹੀਂ ਦੇਵਾਂਗਾ।’’ ਇਹ ਪੁੱਛੇ ਜਾਣ ’ਤੇ ਕਿ ਕੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਉਹ ਆਪਣੀ ਖੁ਼ਦ ਦੀ ਖੇਤਰੀ ਪਾਰਟੀ ਬਣਾਉਣਗੇ, ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਮੀਡੀਆ ਵਿਚ ਤਾਂ ਇਹ ਵੀ ਚੱਲ ਰਿਹਾ ਸੀ ਕਿ ਉਹ ਅੱਜ ਦੁਪਹਿਰ 12 ਵਜੇ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਭਗਵਾਂ ਪਾਰਟੀ ਵਿਚ ਸ਼ਾਮਲ ਨਹੀਂ ਹੋਣਗੇ ਪਰ ਕਾਂਗਰਸ ਜ਼ਰੂਰ ਛੱਡਣਗੇ।
ਇਸ ਤੋਂ ਪਹਿਲਾਂ ਦਿੱਲੀ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦੇਣਗੇ ਪਰ ਨਾਲ ਹੀ ਇਹ ਵੀ ਕਿਹਾ ਕਿ ਉਹ ਭਾਜਪਾ ’ਚ ਸ਼ਾਮਲ ਨਹੀਂ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਸੀਨੀਅਰ ਆਗੂਆਂ ਨੂੰ ਬੇਇੱਜਤ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਖੁੰਝੇ ਲਗਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੀ ਬੇਇੱਜ਼ਤੀ ਨੂੰ ਸਹਿਣ ਨਹੀਂ ਕਰ ਸਕਦੇ। ਉਨ੍ਹਾਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਵਿੱਚ ਸੁਰੱਖਿਆ ਹਾਲਾਤ ਬਾਰੇ ਚਰਚਾ ਕੀਤੀ। ਕੈਪਟਨ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਕਾਂਗਰਸ ਸ਼ਬਦ ਹਟਾ ਦਿੱਤਾ ਹੈ।
PTI.
Adv.