ਬਟਾਲਾ ਵਿਖੇ ਲੱਗੇ ਰੋਜ਼ਗਾਰ ਮੇਲੇ ਦੇ ਪਹਿਲੇ ਦਿਨ 1138 ਨੌਜਵਾਨਾਂ ਦੀ ਨੌਂਕਰੀ ਲਈ ਹੋਈ ਚੋਣ
ਰੋਜ਼ਗਾਰ ਮੇਲੇ ਨੂੰ ਲੈ ਕੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ
ਏ.ਡੀ.ਸੀ. ਰਾਹੁਲ ਤੇ ਐੱਸ.ਡੀ.ਐੱਮ. ਭੰਡਾਰੀ ਨੇ ਲਿਆ ਰੋਜ਼ਗਾਰ ਮੇਲੇ ਦਾ ਜਾਇਜਾ
ਬਟਾਲਾ, 14 ਸਤੰਬਰ (ਅਮਰੀਕ ਮਠਾਰੂ/ ਗੁਰਿੰਦਰ ਸੰਧੂ ) – ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਅੱਜ ਬਟਾਲਾ ਸ਼ਹਿਰ ਦੇ ਗੁਰੂ ਨਾਨਕ ਕਾਲਜ ਵਿਖੇ ਲੱਗੇ ਰੋਜ਼ਗਾਰ ਮੇਲੇ ਵਿੱਚ 1138 ਨੌਜਵਾਨ ਲੜਕੇ-ਲੜਕੀਆਂ ਦੀ ਨੌਂਕਰੀ ਲਈ ਚੋਣ ਹੋਈ ਹੈ। ਦੋ ਰੋਜ਼ਾ ਰੋਜ਼ਗਾਰ ਮੇਲੇ ਦੇ ਪਹਿਲੇ ਦਿਨ ਅੱਜ 1365 ਪ੍ਰਾਰਥੀਆਂ ਨੇ ਭਾਗ ਲਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਨੇ ਦੱਸਿਆ ਕਿ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਸ਼ੁਰੂ ਹੋਏ ਦੋ ਰੋਜ਼ਾ ਰੋਜ਼ਗਾਰ ਮੇਲੇ ਦੇ ਪਹਿਲੇ ਦਿਨ ਪੁਖਰਾਜ, ਆਈ.ਸੀ.ਆਈ.ਸੀ. ਬੈਂਕ, ਭਾਰਤੀ ਜੀਵਨ ਬੀਮਾ ਨਿਗਮ, ਸਕਸੈਸ ਮੰਤਰਾ, ਹੋਲੀਸਟਰ, ਲਿਗਾਰਡ, ਏਅਰਟੈਲ, ਡੀ.ਐੱਫ.ਐੱਮ, ਡਿਕਸਨ, ਬਜਾਜ ਮੋਟਰਜ਼, ਯੈਸ ਬੈਂਕ, ਜੀ.ਐੱਸ.ਏ.ਆਈ, ਐੱਸ.ਪੀ.ਆਰ.ਐੱਨ, ਐੱਸ.ਆਈ.ਐੱਸ ਅਤੇ ਲੋਕਲ ਇੰਡਸਟਰੀ ਆਦਿ 18 ਕੰਪਨੀਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨੌਂਕਰੀਆਂ ਤੋਂ ਇਲਾਵਾ ਸਵੈ-ਰੁਜ਼ਗਾਰ ਬਾਰੇ ਪ੍ਰੇਰਤ ਕਰਨ ਲਈ ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ ਨੇ ਵੀ ਵਿਸ਼ੇਸ਼ ਸਟਾਲ ਲਗਾਏ ਹੋਏ ਸਨ ਜਿਥੇ ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਸਰਕਾਰ ਵੱਲੋਂ ਦਿੱਤੀ ਜਾਂਦੀ ਮਾਲੀ ਇਮਦਾਦ ਬਾਰੇ ਦੱਸਿਆ।
ਸ੍ਰੀ ਰਾਹੁਲ ਨੇ ਦੱਸਿਆ ਕਿ ਅੱਜ ਰੋਜ਼ਗਾਰ ਮੇਲੇ ਦੇ ਪਹਿਲੇ ਦਿਨ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਅਤੇ ਅੱਜ 1365 ਨੌਜਵਾਨ ਲੜਕੇ ਲੜਕੀਆਂ ਨੇ ਭਾਗ ਲਿਆ ਹੈ। ਉਨ੍ਹਾਂ ਦੱਸਿਆ ਕਿ ਮੇਲੇ ਦੀ ਸਫਲਤਾ ਦਰ ਬਹੁਤ ਵਧੀਆ ਰਹੀ ਹੈ ਅਤੇ 1365 ਨੌਜਵਾਨਾਂ ਵਿੱਚੋਂ 1138 ਨੌਜਵਾਨਾਂ ਦੀ ਨੌਂਕਰੀ ਲਈ ਚੋਣ ਹੋਈ ਹੈ। ਉਨ੍ਹਾਂ ਦੱਸਿਆ ਕਿ ਚੁਣੇ ਜਾਣ ਵਾਲੇ ਪ੍ਰਾਰਥੀਆਂ ਵਿੱਚ 901 ਲੜਕੇ ਅਤੇੇ 237 ਲੜਕੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਰੋਜ਼ਗਾਰ ਮੇਲੇ ਬੇਰੁਜ਼ਗਾਰ ਨੌਜਵਾਨਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਰੋਜ਼ਗਾਰ ਪ੍ਰਾਪਤੀ ਦੇ ਵੱਧ ਤੋਂ ਵੱਧ ਮੌਕੇ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ 17 ਸਤੰਬਰ ਨੂੰ ਵੀ ਗੁਰੂ ਨਾਨਕ ਕਾਲਜ ਵਿਖੇ ਇਹ ਰੋਜ਼ਗਾਰ ਮੇਲਾ ਚੱਲੇਗਾ ਅਤੇ ਉਹ ਸਾਰੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਸ ਵਿਚ ਭਾਗ ਲੈਣ ਦੀ ਅਪੀਲ ਕਰਦੇ ਹਨ।
Adv.
ਇਸ ਮੌਕੇ ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ, ਪਰਸ਼ੋਤਮ ਸਿੰਘ ਜ਼ਿਲ੍ਹਾ ਰੋਜ਼ਗਾਰ ਅਫਸਰ, ਗੁਰੂ ਨਾਨਕ ਕਾਲਜ ਬਟਾਲਾ ਦੇ ਪ੍ਰਿੰਸੀਪਲ ਡਾ. ਚਰਨਜੀਤ ਸਿੰਘ, ਪ੍ਰੋ. ਕਮਲਜੀਤ ਕੌਰ ਰੰਧਾਵਾ, ਪ੍ਰੋ. ਗੁਰਬੀਰ ਸਿੰਘ, ਪ੍ਰੋ. ਧਿਆਨ ਸਿੰਘ, ਪ੍ਰੋ. ਮਨਦੀਪ ਕੌਰ, ਪ੍ਰ. ਅੰਮ੍ਰਿਤਪਾਲ ਸਿੰਘ, ਪ੍ਰੋ. ਜਸਬੀਰ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।