ਬਟਾਲਾ ਇਲਾਕੇ ਦੇ ਲੋਕਾਂ ਲਈ ਖੁਸ਼ੀ ਦੀ ਖਬਰ ਹੈ। ਬਟਾਲਾ ਨੂੰ ਪੰਜਾਬ ਦਾ 24ਵਾਂ ਜ਼ਿਲਾ ਬਣਾਇਆ ਜਾ ਸਕਦਾ ਹੈ। ਇਸ ਸੰਬੰਧੀ ਮੁੱਖ ਮੰਤਰੀ ਤੋਂ ਸੰਕੇਤ ਵੀ ਮਿਲੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਬਟਾਲਾ ਨੂੰ ਜ਼ਿਲਾ ਬਣਾਉਣ ਦੀ ਮੰਗ ਉਹਨਾਂ ਨੂੰ ਪਿਛਲੇ ਮਹੀਨੇ ਹੀ ਮਿਲ ਗਈ ਸੀ ਤੇ ਇਸਤੇ ਵਿਚਾਰ ਵੀ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਾਰੇ ਪਹਿਲੂਆਂ ਤੇ ਵਿਚਾਰ ਕਰਨ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ। ਪਤਾ ਲੱਗਾ ਹੈ ਕਿ ਇਸ ਮੰਗ ਨੂੰ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਹੀ ਮੁੱਖ ਮੰਤਰੀ ਸਾਹਮਣੇ ਉਠਾ ਚੁੱਕੇ ਹਨ।

ਦਰਅਸਲ ਬਟਾਲਾ ਨੂੰ ਮੁਕੰਮਲ ਜ਼ਿਲਾ ਬਣਾਉਣ ਦੀ ਮੰਗ ਕਾਫ਼ੀ ਪੁਰਾਣੀ ਹੈ। ਇਸ ਤੋਂ ਪਹਿਲਾਂ ਵੀ ਕਈ ਸਿਆਸੀ ਆਗੂ ਸਥਾਨਕ ਪੱਧਰ ਤੇ ਲੋਕਾਂ ਨਾਲ ਇਹ ਵਾਅਦਾ ਕਰਦੇ ਰਹੇ ਹਨ।ਬਟਾਲਾ ਪਹਿਲਾਂ ਹੀ ਪੁਲਿਸ ਜ਼ਿਲਾ ਹੈ, ਲਿਹਾਜ਼ਾ ਪ੍ਰਸ਼ਾਸਨਿਕ ਲੋੜਾਂ ਨੂੰ ਦੇਖਦੇ ਹੋਏ ਤੇ ਇਲਾਕੇ ਦੀ ਆਬਾਦੀ ਦੇ ਮੱਦੇਨਜ਼ਰ ਇਸਦੀ ਮੰਗ ਕਾਫੀ ਪੁਰਾਣੀ ਹੈ।
ਹਾਲਾਂਕਿ ਵਰਤਮਾਨ ਦਿਨਾਂ ਵਿੱਚ ਇਸਤੇ ਕਾਂਗਰਸ ਦੇ ਅੰਦਰ ਹੀ ਸਿਆਸਤ ਖੇਡੀ ਜਾ ਰਹੀ ਹੈ। ਇਸਦੀ ਸ਼ੁਰੂਆਤ ਦੋ ਦਿਨ ਪਹਿਲਾਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਚਿੱਠੀ ਨਾਲ ਹੋਈ ਜਦੋਂ ਉਹਨਾਂ ਨੇ ਮੁੱਖ ਮੰਤਰੀ ਅੱਗੇ ਬਟਾਲਾ ਨੂੰ ਜ਼ਿਲਾ ਬਣਾਉਣ ਦੀ ਮੰਗ ਕੀਤੀ। ਪਰ ਅੱਜ ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤੇ ਬਿਆਨ ਨੇ ਦੋਵਾਂ ਕੈਬਨਿਟ ਮੰਤਰੀਆਂ ਨੂੰ ਵੀ ਹੈਰਾਨ ਕਰ ਦਿੱਤਾ। ਪਤਾ ਲੱਗਾ ਹੈ ਕਿ ਇਹ ਮੰਗ ਪਿਛਲੇ ਮਹੀਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਤੇ ਇਸੇ ਹਲਕੇ ਦੇ ਸਿਰ ਕੱਢ ਆਗੂ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਹੀ ਕਰ ਚੁੱਕੇ ਹਨ।ਸਿਆਸੀ ਮਾਹਰ ਇਸ ਨੂੰ ਕਾਂਗਰਸ ਦੀ ਅੰਦਰੂਨੀ ਕ੍ਰੈਡਿਟ ਵਾਰ ਦੱਸ ਰਹੇ ਹਨ।
ਬਟਾਲਾ ਨੂੰ ਪੰਜਾਬ ਦਾ 24ਵਾਂ ਜ਼ਿਲਾ ਬਣਾਇਆ ਜਾ ਸਕਦਾ ਹੈ। ਕੁਝ ਸਮਾਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਮਲੇਰਕੋਟਲਾ ਨੂੰ ਜ਼ਿਲਾ ਬਣਾਇਆ ਹੈ। ਜਾਣਕਾਰ ਮੰਨਦੇ ਹਨ ਕਿ ਬਟਾਲਾ ਦੀ ਦਾਵੇਦਾਰੀ ਪਹਿਲਾਂ ਤੋਂ ਮਜ਼ਬੂਤ ਹੈ। ਉਧਰੋਂ ਅੱਜ ਮੁੱਖ ਮੰਤਰੀ ਵੱਲੋਂ ਇਸ ਮੰਗ ਤੇ ਵਿਚਾਰ ਕੀਤੇ ਜਾਣ ਦੀ ਗੱਲ ਨੇ ਇਲਾਕੇ ਦੇ ਲੋਕਾਂ ਨੂੰ ਇੱਕ ਉਮੀਦ ਜ਼ਰੂਰ ਦਿੱਤੀ ਹੈ
Adv.

