ਵੋਟਰ ਸੂਚੀ ਵਿੱਚ ਰਜਿਸਟਰੇਸ਼ਨ ਅਤੇ ਵੇਰਵਿਆਂ ਵਿੱਚ ਸੋਧ ਲਈ ਵਿਸ਼ੇਸ਼ ਮੁਹਿੰਮ ਸ਼ੁਰੂ : ਏ.ਡੀ.ਸੀ. ਰਾਹੁਲ
ਬਟਾਲਾ, 17 ਅਗਸਤ ( ਅਮਰੀਕ ਮਠਾਰੂ/ ਗੁਰਿੰਦਰ ਸੰਧੂ ) – ਪੰਜਾਬ ਵਿੱਚ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਵੋਟਰ ਸੂਚੀ ਦੀ ਸੋਧ ਪ੍ਰਕਿ੍ਰਆ ਵਿੱਚ ਤੇਜ਼ੀ ਲਿਆਂਦੀ ਗਈ ਹੈ। ਭਾਰਤੀ ਚੋਣ ਕਮਿਸ਼ਨ (ਈਸੀਆਈ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਕੁਆਲੀਫਾਇੰਗ ਮਿਤੀ 01.01.2022 ਦੇ ਅਧਾਰ ’ਤੇ ਵੋਟਰ ਸੂਚੀ ਵਿੱਚ ਵੇਰਵੇ ਰਜਿਸਟਰ ਕਰਨ, ਹਟਾਉਣ ਅਤੇ ਸੋਧਣ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਰਾਹੁਲ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਨੂੰ ਸਪੈਸ਼ਲ ਸਮਰੀ ਰਿਵੀਜ਼ਨ ਵਜੋਂ ਜਾਣਿਆ ਜਾਂਦਾ ਹੈ, ਇਸ ਨਾਲ ਨਾਗਰਿਕਾਂ ਨੂੰ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਅਤੇ ਆਫਲਾਈਨ ਜਾਂ ਆਨਲਾਈਨ ਮਾਧਿਅਮ ਰਾਹੀਂ ਆਪਣੇ ਚੋਣ ਵੇਰਵਿਆਂ ਦੀ ਤਸਦੀਕ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਇਹ ਮੁਹਿੰਮ ਜ਼ਿਲ੍ਹਾ ਗੁਰਦਾਸਪੁਰ ਵਿੱਚ ਹਲਕਾ ਪੱਧਰ ਤੋਂ ਲੈ ਕੇ ਬੂਥ ਪੱਧਰ ਤੱਕ ਵਿਆਪਕ ਰੂਪ ਵਿੱਚ ਚਲਾਈ ਜਾ ਰਹੀ ਹੈ। ਬੂਥ ਲੈਵਲ ਅਫ਼ਸਰਾਂ (ਬੀਐਲਓਜ) ਵੱਲੋਂ 09.08.2021 ਤੋਂ 31.10.2021 ਵਿਚਕਾਰ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾਵੇਗਾ ਤਾਂ ਜੋ ਮੁਹਿੰਮ ਨੂੰ ਹੋਰ ਤੇਜ ਕੀਤਾ ਜਾ ਸਕੇ ਅਤੇ ਮੌਜੂਦਾ ਪਾੜੇ ਨੂੰ ਦੂਰ ਕੀਤਾ ਜਾ ਸਕੇ।
ਏ.ਡੀ.ਸੀ. ਸ੍ਰੀ ਰਾਹੁਲ ਨੇ ਅੱਗੇ ਕਿਹਾ ਕਿ ਵੋਟਰ ਸੂਚੀਆਂ ਵਿੱਚ ਸੁਧਾਰ ਲਿਆਉਣ ਅਤੇ ਸਾਰੇ ਯੋਗ ਨਾਗਰਿਕਾਂ ਦੀ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਦੇ ਉਦੇਸ ਨਾਲ, ਸਾਰੇ ਸੂਬਿਆਂ/ਕੇਂਦਰ ਸਾਸਤ ਪ੍ਰਦੇਸਾਂ ਵਿੱਚ ਹਰ ਸਾਲ ਦੇ ਅੰਤ ਵਿੱਚ ਸਪੈਸ਼ਲ ਸਮਰੀ ਰਿਵੀਜ਼ਨ ਕੀਤੀ ਜਾਂਦੀ ਹੈ। ਉਹ ਲੋਕ ਜੋ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਨਹੀਂ ਕਰਾ ਸਕੇ ਅਤੇ ਜਿਹੜੇ ਵੋਟਰਾਂ ਨੂੰ ਵੋਟਰ ਸੂਚੀਆਂ ਵਿੱਚ ਗਲਤੀਆਂ ਮਿਲਦੀਆਂ ਹਨ ਜਾਂ ਜਿਹੜੇ ਵੋਟਰ ਕਿਸੇ ਹੋਰ ਹਲਕੇ ਵਿੱਚ ਚਲੇ ਗਏ ਹਨ, ਉਹ 1 ਜਨਵਰੀ, 2022 ਸਪੈਸ਼ਲ ਸਮਰੀ ਰਿਵੀਜ਼ਨ ਦੀ ਵਰਤੋਂ ਕਰ ਸਕਦੇ ਹਨ, ਜਿਨਾਂ ਦੀ ਉਮਰ 18 ਸਾਲ ਪੂਰੀ ਹੋ ਚੁੱਕੀ ਹੈ ਜਾਂ ਜੋ ਮਿਤੀ 01.01.2022 ਤੋਂ ਪਹਿਲਾਂ 18 ਸਾਲ ਦੇ ਹੋ ਜਾਣਗੇ।
ਸ੍ਰੀ ਰਾਹੁਲ ਨੇ ਕਿਹਾ ਕਿ ਜਨਸੰਖਿਆ ਰਜਿਸਟਰ ਅਨੁਸੂਚੀ ਵਿੱਚ ਇੰਦਰਾਜਾਂ (ਡੀਐਸਈਜ), ਮਲਟੀਪਲ ਐਂਟਰੀਆਂ ਅਤੇ ਤਰਕਸੰਗਤ ਗਲਤੀ ਨੂੰ ਹਟਾਉਣ ਦੀ ਪ੍ਰਕਿਰਿਆ 09.08.2021 ਤੋਂ 31.10.2021 ਵਿਚਕਾਰ ਹੋਵੇਗੀ। ਇਸ ਉਪਰੰਤ 01.11.2021 ਨੂੰ ਡਰਾਫਟ ਪ੍ਰਕਾਸ਼ਤ ਕੀਤਾ ਜਾਵੇਗਾ। ਦਾਅਵਿਆਂ ਅਤੇ ਇਤਰਾਜਾਂ ਦੀ ਮਿਆਦ 01.11.2021 ਤੋਂ 30.11.2021 ਵਿਚਕਾਰ ਰੱਖੀ ਗਈ ਹੈ। ਸਾਰੇ ਪੋਲਿੰਗ ਸਟੇਸ਼ਨਾਂ ’ਤੇ 06.11.2021, 07.11.2021, 20.11.2021 ਅਤੇ 21.11.2021 ਨੂੰ ਵਿਸ਼ੇਸ਼ ਕੈਂਪ ਵੀ ਲਗਾਏ ਜਾਣਗੇ।
ADV.
ਸ੍ਰੀ ਰਾਹੁਲ ਨੇ ਕਿਹਾ ਕਿ ਨਾਗਰਿਕ ਅਧਿਕਾਰਤ ਦਸਤਾਵੇਜਾਂ-ਆਧਾਰ ਕਾਰਡ, ਸਥਾਈ ਖਾਤਾ ਨੰਬਰ (ਪੈਨ) ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ, ਕਿਸੇ ਮਾਨਤਾ ਪ੍ਰਾਪਤ ਬੈਂਕ ਜਾਂ ਡਾਕਘਰ ਵੱਲੋਂ ਜਾਰੀ ਫੋਟੋ ਵਾਲੀ ਪਾਸਬੁੱਕ ਦੀ ਇੱਕ ਕਾਪੀ, ਸੇਵਾਮੁਕਤ ਕਰਮਚਾਰੀ ਦਾ ਫੋਟੋ ਵਾਲਾ ਪੈਨਸ਼ਨ ਦਸਤਾਵੇਜ, ਕੇਂਦਰ/ਰਾਜ ਸਰਕਾਰ ਦੁਆਰਾ ਜਾਰੀ ਕੀਤਾ ਸਰਵਿਸ ਪਛਾਣ ਪੱਤਰ, ਮਨਰੇਗਾ ਜਾਬ ਕਾਰਡ, ਕਿਰਤ ਤੇ ਰੁਜਗਾਰ ਮੰਤਰਾਲੇ ਦੁਆਰਾ ਜਾਰੀ ਕੀਤਾ ਸਿਹਤ ਬੀਮਾ ਸਮਾਰਟ ਕਾਰਡ, ਚੋਣ ਮਸੀਨਰੀ ਜਾਂ ਈਸੀਆਈ ਵੱਲੋਂ ਪ੍ਰਵਾਨਤ ਕੋਈ ਫੋਟੋ ਵੋਟਰ ਪਰਚੀ ਜਮਾਂ ਕਰਵਾ ਕੇ ਆਪਣੇ ਵੇਰਵੇ ਪ੍ਰਮਾਣਿਤ ਕਰਵਾ ਸਕਦੇ ਹਨ ਅਤੇ ਵੋਟਰ ਵਜੋਂ ਆਪਣਾ ਨਾਮ ਦਰਜ ਕਰਵਾ ਸਕਦੇ ਹਨ।