
ਹਰਚੋਵਾਲ :- (ਜੇ ਸੰਧੂ )ਗੁਰਦਾਸਪੁਰ ਦੇ ਪਿੰਡ ਭਾਮ ਦੇ ਇੱਕ ਨੌਜਵਾਨ ਦੇ ਕਤਲ ਹੋਣ ਦੀ ਖਬਰ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੁਰਪਿੰਦਰ ਸਿੰਘ ਪੁੱਤਰ ਬਾਬਾ ਸੁਖਜਿੰਦਰ ਸਿੰਘ ਵਾਸੀ ਭਾਮ ਜੋ ਕਿ ਚੱਢਾ ਸ਼ੂਗਰ ਮਿੱਲ ਕੀਡ਼ੀ ਅਫਗਾਨਾ ਵਿਖੇ ਨੌਕਰੀ ਕਰਦਾ ਸੀ। ਉਸ ਦੀ ਹਰਚੋਵਾਲ ਤੋਂ ਬਟਾਲਾ ਰੋਡ ਤੇ ਇਕ ਟਿਊਬਵੈੱਲ ਉਤੇ ਗੋਲੀਆਂ ਨਾਲ ਵਿੰਨ੍ਹੀ ਲਾਸ਼ ਮਿਲੀ ਹੈ। ਇਸ ਮੌਕੇ ਮ੍ਰਿਤਕ ਦਾ ਪਰਿਵਾਰ ਵੀ ਮੌਕੇ ਤੇ ਪਹੁੰਚ ਗਿਆ ਅਤੇ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਐੱਸਐੱਚਓ ਸ੍ਰੀਮਤੀ ਬਲਜੀਤ ਕੌਰ ਡੀਐੱਸਪੀ ਹਰਵਿੰਦਰ ਸਿੰਘ ਗਿੱਲ ਚੌਕੀ ਇੰਚਾਰਜ ਦਲਜੀਤ ਸਿੰਘ ਨੇ ਵੀ ਮੌਕੇ ਤੇ ਜਾ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ।
ਇਸ ਸਬੰਧੀ ਮ੍ਰਿਤਕ ਦੇ ਪਿਤਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਗੁਰਪਿੰਦਰ ਸਿੰਘ ਨੂੰ ਅੱਜ ਦੁਪਹਿਰ ਦੇ ਸਮੇਂ ਦੋ ਨੌਜਵਾਨ ਘਰੋਂ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਆਏ ਸਨ। ਕੁਝ ਸਮੇਂ ਬਾਅਦ ਜਦੋਂ ਉਨ੍ਹਾਂ ਨੇ ਗੁਰਵਿੰਦਰ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ। ਇਸ ਉਪਰੰਤ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਹੋ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਗੁਰਪਿੰਦਰ ਨੇ ਉਨ੍ਹਾਂ ਨੂੰ ਦੱਸਿਆ ਕਿ ਪਿੰਡ ਹਰਚੋਵਾਲ ਦੇ ਕੁਝ ਮੁੰਡਿਆਂ ਨਾਲ ਉਸ ਦਾ ਝਗੜਾ ਚੱਲ ਰਿਹਾ ਹੈ ਜਿਸ ਦਾ ਰਾਜ਼ੀਨਾਮਾ ਹੋ ਗਿਆ ਹੈ ਅਤੇ ਹੁਣ ਕੋਈ ਖਤਰੇ ਦੀ ਗੱਲ ਨਹੀਂ ਹੈ। ਪਰ ਅੱਜ ਉਸ ਦਾ ਕਤਲ ਹੋ ਗਿਆ ਹੈ।ਜਵਾਨ ਪੁੱਤਰ ਦੀ ਮੌਤ ਕਾਰਨ ਉਸ ਦਾ ਪੂਰਾ ਪਰਿਵਾਰ ਹੀ ਉੱਜੜ ਗਿਆ ਹੈ
Adv.
ਦੂਸਰੇ ਪਾਸੇ ਗੋਲੀਆਂ ਮਾਰਨ ਵਾਲੇ ਵਿਅਕਤੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਸਨ। ਜਿਸ ਸਬੰਧੀ ਉਨ੍ਹਾਂ ਨੇ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਸ ਐੱਸਐੱਸਪੀ ਬਟਾਲਾ ਅਤੇ ਡੀਜੀਪੀ ਪੰਜਾਬ ਨੂੰ ਵੀ ਲਿਖਤੀ ਸ਼ਿਕਾਇਤਾਂ ਅਤੇ ਡਾਕ ਰਾਹੀਂ ਸ਼ਿਕਾਇਤਾਂ ਵੀ ਭੇਜੀਆਂ ਸਨ। ਉਨ੍ਹਾਂ ਨੇ ਦੱਸਿਆ ਕਿ ਅੱਜ ਜੋ ਵਾਰਦਾਤ ਹੋਈ ਹੈ ਉਸ ਵਿਚ ਨੌਜਵਾਨਾਂ ਨੇ ਪ੍ਰਤਾਪ ਸਿੰਘ ਉੱਤੇ ਹਮਲਾ ਕੀਤਾ ਸੀ ਜਿਸ ਦੀ ਜਵਾਬੀ ਕਾਰਵਾਈ ਵਿੱਚ ਇਹ ਨੌਜਵਾਨ ਮੌਕੇ ਤੇ ਮਾਰਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਨੂੰ ਇਸ ਮਾਮਲੇ ਦੀ ਤਫਤੀਸ਼ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦੇਣਾ ਚਾਹੀਦਾ ਹੈ
Adv.
ਇਸ ਮੌਕੇ ਡੀਐੱਸਪੀ ਗਿੱਲ ਨੇ ਦੱਸਿਆ ਕਿ ਹਾਲ ਦੀ ਘੜੀ ਮ੍ਰਿਤਕ ਗੁਰਪਿੰਦਰ ਸਿੰਘ ਦੇ ਕਤਲ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਹ ਕਤਲ ਕਿਹੜੇ ਕਾਰਨਾਂ ਕਰਕੇ ਹੋਇਆ ਹੈ ਅਤੇ ਇਸ ਕਤਲ ਵਿਚ ਕੌਣ ਕੌਣ ਸ਼ਾਮਲ ਹਨ।ਉਨ੍ਹਾਂ ਨੇ ਕਿਹਾ ਕਿ ਪੁਲਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

