ਨੌਜਵਾਨਾਂ ਸਮੇਤ ਹਰ ਉਮਰ ਵਰਗ ਦੇ ਵਿਅਕਤੀਆਂ ਨੂੰ ਆਪਣੇ ਅਮੀਰ ਧਾਰਮਿਕ ਤੇ ਇਤਿਹਾਸਕ ਵਿਰਸੇ ਨਾਲ ਜੋੜ ਰਹੀ ਹੈ ਹਫ਼ਤਾਵਾਰੀ ਬੱਸ ਯਾਤਰਾ
ਬਟਾਲਾ, 8 ਅਗਸਤ ( ਅਮਰੀਕ ਮਠਾਰੂ/ ਗੁਰਿੰਦਰ ਸੰਧੂ ) – ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਜ਼ਿਲ੍ਹੇ ਦੇ ਧਾਰਮਿਕ ਅਤੇ ਇਤਿਹਾਸਕ ਅਸਥਾਨਾਂ ਦੀ ਯਾਤਰਾ ਲਈ ਚਲਾਈ ਜਾ ਰਹੀ ਇੱਕ ਰੋਜ਼ਾ ਹਫ਼ਤਾਵਾਰੀ ਮੁਫ਼ਤ ਬੱਸ ਯਾਤਰਾ ਨੌਜਵਾਨ ਪੀੜ੍ਹੀ ਲਈ ਵਰਦਾਨ ਸਾਬਤ ਹੋ ਰਹੀ ਹੈ। ਰੂਹਾਨੀਅਤ ਅਤੇ ਇਤਿਹਾਸ ਦੇ ਸੁਮੇਲ ਇਸ ਯਾਤਰਾ ਨੇ ਜ਼ਿਲ੍ਹਾ ਵਾਸੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਕੱਲੇ ਨੌਜਵਾਨ ਹੀ ਨਹੀਂ ਬਲਕਿ ਬੱਚੇ, ਔਰਤਾਂ ਅਤੇ ਵਡੇਰੀ ਉਮਰ ਦੇ ਵਿਅਕਤੀ ਵੀ ਇਸ ਯਾਤਰਾ ਰਾਹੀਂ ਆਪਣੀ ਅਮੀਰ ਵਿਰਾਸਤ ਦੇ ਦਰਸ਼ਨ ਕਰ ਰਹੇ ਹਨ।
ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਅੱਜ ਬਟਾਲਾ ਸ਼ਹਿਰ ਤੋਂ ਵਿਸ਼ੇਸ਼ ਬੱਸ ਚਲਾਈ ਗਈ ਜਿਸ ਵਿੱਚ 40 ਦੇ ਕਰੀਬ ਯਾਤਰੂਆਂ ਨੇ ਭਾਗ ਲਿਆ। ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਟਾਲਾ ਇੰਦਰਜੀਤ ਸਿੰਘ ਨੇ ਇਸ ਯਾਤਰਾ ਦੀ ਅਗਵਾਈ ਕੀਤੀ ਜਦਕਿ ਗਾਈਡ ਹਰਬਖਸ਼ ਸਿੰਘ ਨੇ ਯਾਤਰੂਆਂ ਨੂੰ ਹਰ ਅਸਥਾਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਇਹ ਯਾਤਰਾ ਅੱਜ ਸਵੇਰੇ ਸ਼ਿਵ ਬਟਾਲਵੀ ਆਡੀਟੋਰੀਅਮ ਤੋਂ ਸ਼ੁਰੂ ਹੋਈ ਅਤੇ ਸਭ ਤੋਂ ਪਹਿਲਾਂ ਯਾਤਰੂਆਂ ਨੇ ਕਾਹਨੂੰਵਾਨ ਛੰਬ ਵਿਖੇ ਪੰਜਾਬ ਸਰਕਾਰ ਵੱਲੋਂ ਬਣਾਈ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਦੇ ਦਰਸ਼ਨ ਕੀਤੇ। ਇਸ ਸਮਾਰਕ ਦੇ ਦਰਸ਼ਨਾਂ ਦੌਰਾਨ ਯਾਤਰੂਆਂ ਨੂੰ ਘੱਲੂਘਾਰਾ ਦੇ ਇਤਿਹਾਸ ਉੱਪਰ ਇੱਕ ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ। ਯਾਤਰੂਆਂ ਨੇ ਛੋਟਾ ਘੱਲੂਘਾਰਾ ਦਾ ਇਤਿਹਾਸ ਜਾਣਨ ਉਪਰੰਤ ਸ਼ਹੀਦਾਂ ਨੂੰ ਸਿਜਦਾ ਕੀਤਾ ਅਤੇ ਖੂਬਸੂਰਤ ਸਮਾਰਕ ਦੀ ਸੁੰਦਰਤਾ ਨੂੰ ਮਾਣਿਆ। ਇਸ ਉਪਰੰਤ ਯਾਤਰੂਆਂ ਨੇ ਛੋਟਾ ਘੱਲੂਘਾਰਾ ਦੇ ਸ਼ਹੀਦਾਂ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਚੱਲ ਰਹੇ ਦੀਵਾਨ ਵਿੱਚ ਆਪਣੀ ਹਾਜ਼ਰੀ ਭਰੀ।
Adv.
ਯਾਤਰਾ ਦਾ ਅਗਲਾ ਪੜਾਅ ਸ੍ਰੀ ਹਰਗੋਬਿੰਦਪੁਰ ਵਿਖੇ ਹੋਇਆ ਜਿਥੇ ਸੰਗਤਾਂ ਨੇ ਸਭ ਤੋਂ ਪਹਿਲਾ ‘ਗੁਰੂ ਕੀ ਮਸੀਤ’ ਦੇ ਦਰਸ਼ਨ ਕੀਤੇ ਅਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਗ੍ਰਹਿਣ ਕੀਤਾ। ਇਸ ਤੋਂ ਬਾਅਦ ਯਾਤਰੂਆਂ ਨੇ ਸ੍ਰੀ ਹਰਗੋਬਿੰਦਪੁਰ ਦੇ ਵਿਰਾਸਤੀ ਦਰਵਾਜੇ ਲਾਹੌਰੀ ਗੇਟ ਦੇ ਦਰਸ਼ਨ ਕੀਤੇ ਅਤੇ ਫਿਰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਯਾਤਰਾ ਪਿੰਡ ਕਿਸ਼ਨ ਕੋਟ ਪਹੁੰਚੀ ਜਿਥੇ ਯਾਤਰੂਆਂ ਨੇ ਪ੍ਰਾਚੀਨ ਰਾਧਾ ਕ੍ਰਿਸ਼ਨ ਮੰਦਰ ਦੇ ਦਰਸ਼ਨ ਕੀਤੇ। ਇਸ ਉਪਰੰਤ ਘੁਮਾਣ ਵਿਖੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਸਮਾਧ ਵਿਖੇ ਸੰਗਤ ਨਤਮਸਤਕ ਹੋਈ। ਯਾਤਰਾ ਦਾ ਅਗਲਾ ਪੜਾਅ ਮਸਾਣੀਆਂ ਪਿੰਡ ਵਿਖੇ ਹੋਇਆ ਜਿਥੇ ਯਾਤਰੂਆਂ ਨੇ ਬਾਬਾ ਬਦਰ ਸ਼ਾਹ ਦੀਵਾਨ ਜੀ ਦੀ ਦਰਗਾਹ ਦੇ ਦਰਸ਼ਨ ਕੀਤੇ। ਸ੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਦੇ ਦਰਸ਼ਨ ਕਰਕੇ ਯਾਤਰਾ ਬਟਾਲਾ ਵਿਖੇ ਪਹੁੰਚ ਕੇ ਸਮਾਪਤ ਹੋ ਗਈ। ਇਹ ਯਾਤਰਾ ਬਿਲਕੁਲ ਮੁਫ਼ਤ ਸੀ ਅਤੇ ਸੰਗਤ ਦੀ ਰਿਫਰੈਸ਼ਮੈਂਟ ਦਾ ਪ੍ਰਬੰਧ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਵੱਲੋਂ ਕੀਤਾ ਗਿਆ ਸੀ।
Adv.
ਇਸ ਮੌਕੇ ਯਾਤਰੂਆਂ ਦੇ ਨਾਲ ਅਨੁਰਾਗ ਮਹਿਤਾ, ਹਰਪ੍ਰੀਤ ਸਿੰਘ, ਦਮਨਪ੍ਰੀਤ ਸਿੰਘ ਗਾਈਡ ਛੋਟਾ ਘੱਲੂਘਾਰਾ ਸਮਾਰਕ ਵੀ ਮੌਜੂਦ ਸਨ।