ਸਬ-ਇੰਸਪੈਕਟਰਾਂ ਅਤੇ ਕਾਂਸਟੇਬਲਾਂ ਦੀ ਭਰਤੀ ਲਈ ਬਟਾਲਾ ਪੁਲਿਸ ਵੱਲੋਂ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਫਿਜ਼ੀਕਲ ਕੋਚਿੰਗ :-ਐੱਸ.ਐੱਸ.ਪੀ. ਬਟਾਲਾ

ਸਬ-ਇੰਸਪੈਕਟਰਾਂ ਅਤੇ ਕਾਂਸਟੇਬਲਾਂ ਦੀ ਭਰਤੀ ਲਈ ਬਟਾਲਾ ਪੁਲਿਸ ਵੱਲੋਂ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਫਿਜ਼ੀਕਲ ਕੋਚਿੰਗ:-ਐੱਸ.ਐੱਸ.ਪੀ. ਬਟਾਲਾ

ਬਟਾਲਾ, 13 ਜੁਲਾਈ ( ਅਮਰੀਕ ਮਠਾਰੂ/ਗੁਰਿੰਦਰ ਸੰਧੂ  ) – ਕਾਂਸਟੇਬਲਾਂ, ਹੈੱਡ-ਕਾਂਸਟੇਬਲਾਂ ਅਤੇ ਸਬ-ਇੰਸਪੈਕਟਰਾਂ ਦੀ ਭਰਤੀ ਤੋਂ ਪਹਿਲਾਂ ਬਟਾਲਾ ਪੁਲਿਸ ਵੱਲੋਂ ਦਿੱਤੇ ਜਾ ਰਹੇ ਮੁਫ਼ਤ ਫਿਜ਼ੀਕਲ ਕੋਚਿੰਗ ਅਤੇ ਸਿਖਲਾਈ ਸ਼ੈਸ਼ਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ 3500 ਤੋਂ ਵੱਧ ਇਛੁੱਕ ਉਮੀਦਵਾਰਾਂ ਨੇ ਸਿਖਲਾਈਯਾਫ਼ਤਾ ਕੋਚਾਂ ਅਤੇ ਡਰਿੱਲ ਇੰਸਟ੍ਰੱਕਟਰਾਂ ਦੀ ਨਿਗਰਾਨੀ ਹੇਠ ਸਰੀਰਕ ਜਾਂਚ ਟੈਸਟ (ਪੀ.ਐਸ.ਟੀ.) ਲਈ ਆਪਣੀ ਸਿਖਲਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਦੱਸਿਆ ਕਿ 3500 ਤੋਂ ਵੱਧ ਉਮੀਦਵਾਰਾਂ, ਜਿਨਾਂ ਵਿੱਚ ਲੜਕੀਆਂ ਵੀ ਹਨ, ਜੋ ਕਿ ਪੁਲਿਸ ਫੋਰਸ ਵਿੱਚ ਭਰਤੀ ਹੋਣ ਦੇ ਚਾਹਵਾਨ ਹਨ, ਨੇ ਜ਼ਿਲੇ ਦੇ ਪੁਲਿਸ ਲਾਈਨ ਗਰਾਊਂਡ ਸਮੇਤ 7 ਵੱਖ-ਵੱਖ ਥਾਵਾਂ ’ਤੇ ਆਪਣੀ ਸਰੀਰਕ ਸਿਖਲਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਮੀਦਵਾਰਾਂ ਦੀ ਪ੍ਰੈਕਟਿਸ ਲਈ ਪੁਲਿਸ ਵੱਲੋਂ ਸਿਖਲਾਈ ਪ੍ਰਾਪਤ ਕੋਚਾਂ ਤੋਂ ਇਲਾਵਾ ਲੋੜੀਂਦੇ ਖੇਡ ਉਪਕਰਨ ਜਿਸ ਵਿੱਚ ਉਮੀਦਵਾਰਾਂ ਦੇ ਅਭਿਆਸ ਲਈ ਹਾਈ ਜੰਪ ਸਟੈਂਡ / ਗੱਦੇ ਅਤੇ ਲੰਬੀ ਛਾਲ ਲਈ ਬੁਨਿਆਦੀ ਢਾਂਚਾ ਸ਼ਾਮਲ ਹੈ, ਵੀ ਪ੍ਰਦਾਨ ਕੀਤੇ ਜਾ ਰਹੇ ਹਨ।

ਐੱਸ.ਐੱਸ.ਪੀ. ਬਟਾਲਾ ਨੇ ਕਿਹਾ ਕਿ ਬਟਾਲਾ ਪੁਲਿਸ ਵੱਲੋਂ ਹੁਨਰਮੰਦ ਨੌਜਵਾਨਾਂ ਦੀ ਭਰਤੀ ਲਈ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਦੀ ਕੋਚਿੰਗ ਦੇਣ ਵਿੱਚ ਵੀ ਸਹਾਇਤਾ ਕੀਤੀ ਜਾਵੇਗੀ ਤਾਂ ਜੋ ਹਰੇਕ ਸੰਭਾਵਿਤ ਉਮੀਦਵਾਰ ਨੂੰ ਨਿਰਪੱਖ ਅਤੇ ਬਰਾਬਰ ਮੌਕੇ ਦਿੱਤੇ ਜਾ ਸਕਣ ਅਤੇ ਉਹ ਅਗਾਮੀ ਪੁਲਿਸ ਭਰਤੀਆਂ ਵਿੱਚ ਪੂਰੇ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਭਾਗ ਲੈ ਸਕਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ, ਆਰਮਡ ਪੁਲਿਸ, ਇਨਵੈਸਟੀਗੇਸ਼ਨ ਅਤੇ ਇੰਟੈਲੀਜੈਂਸ ਅਫ਼ਸਰਾਂ ਸਮੇਤ ਵੱਖ-ਵੱਖ ਕਾਡਰਾਂ ਵਿਚ 560 ਸਬ-ਇੰਸਪੈਕਟਰਾਂ ਦੀ ਸਿੱਧੀ ਭਰਤੀ ਲਈ ਆਨਲਾਈਨ ਅਰਜ਼ੀਆਂ ਪਹਿਲਾਂ ਹੀ ਮੰਗੀਆਂ ਜਾ ਚੁੱਕੀਆਂ ਹਨ ਅਤੇ ਚਾਹਵਾਨ ਉਮੀਦਵਾਰ 27 ਜੁਲਾਈ, 2021 ਤੱਕ ਆਪਣੀਆਂ ਅਰਜ਼ੀਆਂ ਜਮਾਂ ਕਰਵਾ ਸਕਦੇ ਹਨ। ਉਨਾਂ ਕਿਹਾ ਕਿ ਜ਼ਿਲ੍ਹਾ ਅਤੇ ਆਰਮਡ ਕਾਡਰਾਂ ਵਿਚ ਤਕਰੀਬਨ 4400 ਕਾਂਸਟੇਬਲਾਂ ਦੀ ਸਿੱਧੀ ਭਰਤੀ ਲਈ ਵੀ ਵਿਭਾਗ ਵੱਲੋਂ ਅਰਜ਼ੀਆਂ ਇਕ ਹਫ਼ਤੇ ਦੇ ਅੰਦਰ-ਅੰਦਰ ਮੰਗੀਆਂ ਜਾਣਗੀਆਂ ਅਤੇ ਚਾਹਵਾਨ ਉਮੀਦਵਾਰ ਆਪਣੀਆਂ ਅਰਜ਼ੀਆਂ ਜਮਾਂ ਕਰਵਾ ਸਕਣਗੇ।

ਐੱਸ.ਐੱਸ.ਪੀ. ਬਟਾਲਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਭ ਉਠਾਉਣ ਅਤੇ ਜਲਦ ਤੋਂ ਜਲਦ ਲਿਖਤੀ ਅਤੇ ਸਰੀਰਕ ਜਾਂਚ ਟੈਸਟ ਸਬੰਧੀ ਤਿਆਰੀਆਂ ਸ਼ੁਰੂ ਕਰ ਦੇਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਲਿਸ ਭਰਤੀ ਬਿਲਕੁਲ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ।

Adv.

ਦੱਸਣਯੋਗ ਹੈ ਕਿ ਪੀ.ਐਸ.ਟੀ. ਵਿੱਚ 1600 ਮੀਟਰ ਦੌੜ, ਉੱਚੀ ਛਾਲ ਅਤੇ ਲੰਬੀ ਛਾਲ ਸਮੇਤ ਤਿੰਨ ਫਿਜ਼ੀਕਲ ਟਰਾਇਲ ਈਵੈਂਟ ਸ਼ਾਮਲ ਹਨ। ਹਾਲਾਂਕਿ, ਮਹਿਲਾ ਉਮੀਦਵਾਰਾਂ ਅਤੇ ਸਾਬਕਾ ਸੈਨਿਕਾਂ ਲਈ ਸਰੀਰਕ ਜਾਂਚ ਟੈਸਟ ਦੇ ਮਾਪਦੰਡ ਵੱਖਰੇ ਹੋਣਗੇ।
Adv.

Leave a Reply

Your email address will not be published. Required fields are marked *

preload imagepreload image