ਕਦੇ ਮਾਂ ਦਾ ਦੇਣ ਨਾ ਦੇ ਸਕਦਾ ਜਿੰਨੇ ਸਾਹਾਂ ਦੇ ਨਾਲ ਪਾਲਿਆ ਏ

ਕਦੇ ਮਾਂ ਦਾ ਦੇਣ ਨਾ ਦੇ ਸਕਦਾ
ਜਿੰਨੇ ਸਾਹਾਂ ਦੇ ਨਾਲ ਪਾਲਿਆ ਏ
ਮੇਰੀ ਜਿੰਦਗੀ ਵਿੱਚ ਸੁਖ ਭਰਨੇ ਲਈ
ਆਪ ਦੁਖ ਵਿੱਚ ਜੀਵਨ ਘਾਲਿਆ ਏ

 

ਕਦੇ ਮਾਂ ਦਾ ਦੇਣ ਨਾ ਦੇ ਸਕਦਾ਼਼਼਼਼਼

ਕਦੇ ਕਰਜ ਉਤਾਰ ਮੈਂ ਸਕਦਾ ਨਾ
ਤੇਰੀ ਖਾਤਿਰ ਜਾਨ ਮੈਂ ਦੇ ਦੇਵਾਂ
ਤੂੰ ਹਿੱਕ ਦੇ ਨਾਲ ਸੀ ਲਾ ਰੱਖਿਆ
ਕਦੇ ਕੀਤਾ ਨਾ ਸੀ ਵਖਰੇਵਾਂ
ਫਰਸ਼ਾਂ ਦੇ ਉਪਰ ਰਿੜਦੇ ਨੂੰ
ਅਰਸ਼ਾਂ ਦੇ ਤਾਂਈ ਬਿਠਾਲਿਆ ਏ

ਕਦੇ ਮਾਂ ਦਾ ਦੇਣ ਨਾ ਦੇ ਸਕਦਾ
ਜਿੰਨੇ ਸਾਹਾਂ ਦੇ ਨਾਲ ਪਾਲਿਆ ਏ

ਮਾਂ ਮੂਰਤ ਰੱਬ ਦੇ ਵਰਗੀ ਏ
ਜੋ ਦਇਆ ਦਾ ਵਗਦਾ ਦਰਿਆ ਏ
ਰੱਖ ਸਿਦਕ ਏਸ ਜਗ ਜਨਨੀ ਨੇ
ਜਗ ਦਾ ਹਰ ਦੁਖੜਾ ਜਰਿਆ ਏ
ਰੱਖ ਕੇ ਤੂੰ ਭੁੱਖਾ ਢਿੱਡ ਅਪਨਾ
ਢਿੱਡ ਭਰ ਕੇ ਮੈਨੂੰ ਖਵਾਲਿਆ ਏ

ਕਦੇ ਮਾਂ ਦਾ ਦੇਣ ਨਾ ਦੇ ਸਕਦਾ
ਜਿੰਨੇ ਸਾਹਾਂ ਦੇ ਨਾਲ ਪਾਲਿਆ ਏ

ਮਾਂ ਮੋਹ ਦਾ ਇਕ ਮੁਜੱਸਮਾ ਏ
ਕੋਈ ਧਰਤੀ ਉਪਰ ਦੂਜਾ ਨਾ
ਮਾਂ ਨੂੰ ਅਪਨਾ ਰੱਬ ਮੰਨ ਲੈਣਾ
ਹੋਰ ਦੂਜੀ ਵੱਡੀ ਪੂਜਾ ਨਾ
ਖੁਦ ਬਹਿ ਕੇ ਗਿੱਲੀਆ ਥਾਵਾਂ ਤੇ
ਸੁੱਕੀ ਤੇ ਸਦਾ ਬਿਠਾਲਿਆ ਏ

ਕਦੇ ਮਾਂ ਦਾ ਦੇਣ ਨਾ ਦੇ ਸਕਦਾ
ਜਿੰਨੇ ਸਾਹਾਂ ਦੇ ਨਾਲ ਪਾਲਿਆ ਏ

ਇਕ ਅੱਵਲ ਰਚਨਾ ਕੁਦਰਤ ਦੀ
ਮਾਂ ਦੇ ਹੀ ਹਿੱਸੇ ਆਈ ਏ
ਰੰਗ ਭਾਗ ਲਾਊਣ ਲਈ ਧਰਤੀ ਤੇ
ਰੱਬ ਨੇ ਇਕ ਮਾਂ ਬਣਾਈ ਏ
ਖੁਦ ਨਿਰੰਕਾਰ ਨੇ ਆਉਣ ਲਈ
ਮਾਂ ਦੀ ਕੁੱਖ ਨੂੰ ਹੀ ਭਾਲਿਆ ਏ

ਕਦੇ ਮਾਂ ਦਾ ਦੇਣ ਨਾ ਦੇ ਸਕਦਾ
ਜਿੰਨੇ ਸਾਹਾਂ ਦੇ ਨਾਲ ਪਾਲਿਆ ਏ

 

ਅਮਨਬੀਰ ਸਿੰਘ ਧਾਮੀ  ਸਾਉਥ ਕੋਰੀਆ

Leave a Reply

Your email address will not be published. Required fields are marked *