ਖਰੀਦ ਏਜੰਸੀਆਂ ਵਲੋਂ ਮੰਡੀਆਂ ਵਿਚ ਬਾਰਦਾਨੇ ਦੀ ਉਪਲੱਬਤਾ ਨੂੰ ਯਕੀਨੀ ਬਣਾਇਆ ਗਿਆ
ਬਟਾਲਾ, 29 ਅਪ੍ਰੈਲ ( ਅਮਰੀਕ ਮਠਾਰੂ ) – ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿਚ ਕਣਕ ਦੀ ਆਮਦ ਤੇਜ਼ੀ ਨਾਲ ਵੱਧ ਰਹੀ ਹੈ, ਉਸਦੇ ਨਾਲ ਫਸਲ ਦੀ ਚੁਕਾਈ ਨੂੰ ਨਾਲੋ-ਨਾਲ ਯਕੀਨੀ ਬਣਾਇਆ ਗਿਆ ਹੈ। ਖਰੀਦ ਏਜੰਸੀਆਂ ਵਲੋਂ ਦਾਣਾ ਮੰਡੀਆਂ ਵਿਚ ਬਾਰਦਾਨੇ ਦੀ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤੇ ਮੰਡੀਆਂ ਵਿਚ ਬਾਰਦਾਨੇ ਦੀ ਕਮੀ ਨੂੰ ਪੂਰਾ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੰਡੀ ਅਫਸਰ ਕੁਲਜੀਤ ਸਿੰਘ ਨੇ ਦੱਸਿਆ ਕਿ ਜ਼ਿਲੇ ਦੀਆਂ ਮੰਡੀਆਂ ਵਿਚ ਕਣਕ ਦੀ ਖਰੀਦ ਪ੍ਰਕਿਰਿਆ ਨਿਰਵਿਘਨ ਜਾਰੀ ਹੈ, ਫਸਲ ਦੀ ਖਰੀਦ ਤੇ ਚੁਕਾਈ ਦੇ ਨਾਲ ਕਿਸਾਨਾਂ ਨੂੰ ਅਦਾਇਗੀ ਵੀ ਨਿਸ਼ਚਿਤ ਸਮੇਂ ਅੰਦਰ ਕੀਤੀ ਜਾ ਰਹੀ ਹੈ। ਖਰੀਦ ਕੀਤੀ ਗਈ ਕਣਕ ਦੀ ਅਦਾਇਗੀ 48 ਘੰਟੇ ਅੰਦਰ ਕਰਨ ਲਈ ਰਜਿਸ਼ਟਰੇਸ਼ਨ ਦੇ ਕੰਮ ਲਈ ਮੰਡੀਆਂ ਵਿਚ ਵਿਸ਼ੇਸ ਸਟਾਫ ਤਾਇਨਾਤ ਕੀਤਾ ਗਿਆ, ਇਸ ਤੋਂ ਇਲਾਵਾ ਆੜ੍ਹਤੀਆਂ ਨੂੰ ਵੇਚਣ ਵਾਲੇ ਦੀ ਰਜਿਸ਼ਟਰੇਸ਼ਨ ਕਰਨ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ, ਤਾਂ ਜੋ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨ ਵਿਚ ਦੇਰੀ ਨਾ ਹੋਵੇ।
ਜ਼ਿਲ੍ਹਾ ਮੰਡੀ ਅਫਸਰ ਨੇ ਅੱਗੇ ਦੱਸਿਆ ਕਿ ਦਾਣਾ ਮੰਡੀਆਂ ਵਿਚ ਕਿਸਾਨਾਂ ਨੂੰ ਕੋਵਿਡ ਬਿਮਾਰੀ ਤੋਂ ਬਚਾਅ ਲਈ ਵਿਸ਼ੇਸ ਪ੍ਰਬੰਧ ਹਨ। ਮੰਡੀਆਂ ਵਿਚ ਸ਼ੈਨਾਟਾਇਜ਼ਰ ਅਤੇ ਮਸਾਕ ਉਪਲੱਬਧ ਹਨ ਅਤੇ ਪੀਣ ਲਈ ਸਾਫ ਪਾਣੀ ਆਦਿ ਵਿਵਸਥਾ ਮੁਹੱਈਆ ਕਰਵਾਈ ਗਈ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਣਕ ਦੀ ਫਸਲ ਸੁਕਾ ਹੀ ਮੰਡੀਆਂ ਵਿਚ ਲਿਆਉਣ, ਤਾਂ ਜੋ ਉਨਾਂ ਨੂੰ ਮੰਡੀਆਂ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ, ਪ੍ਰਸ਼ਾਸਨ ਕਣਕ ਦਾ ਦਾਣਾ-ਦਾਣਾ ਖਰੀਦਣ ਲਈ ਵਚਨਬੱਧ ਹੈ।
Adv.