ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਕਣਕ ਦੀ ਖਰੀਦ ਸੁਚਾਰੂ ਢੰਗ ਨਾਲ ਜਾਰੀ – ਵਿਧਾਇਕ ਬਾਜਵਾ
ਮੌਸਮ ਠੀਕ ਹੋਣ ਤੋਂ ਬਾਅਦ ਕਣਕ ਦੀ ਖਰੀਦ ਨੇ ਜੋਰ ਫੜਿਆ
ਕਾਦੀਆਂ ਬਟਾਲਾ, 25 ਅਪ੍ਰੈਲ ( ਅਮਰੀਕ ਮਠਾਰੂ ) – ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨਿਰਵਿਘਨ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਕਿਸੇ ਤਰਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾ ਰਹੀ। ਮੌਸਮ ਠੀਕ ਹੋਣ ਤੋਂ ਬਾਅਦ ਮੰਡੀਆਂ ਵਿੱਚ ਕਣਕ ਦੀ ਖਰੀਦ ਨੇ ਮੁੜ ਜੋਰ ਫੜ੍ਹ ਲਿਆ ਹੈ ਅਤੇ ਕਿਸਾਨ ਓਸੇ ਦਿਨ ਆਪਣੀ ਫਸਲ ਵੇਚ ਕੇ ਘਰਾਂ ਨੂੰ ਜਾ ਰਹੇ ਹਨ। ਇਹ ਪ੍ਰਗਟਾਵਾ ਕਰਦਿਆਂ ਹਲਕਾ ਕਾਦੀਆਂ ਦੇ ਵਿਧਾਇਕ ਸ. ਫ਼ਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਕਿਸਾਨਾਂ ਨੂੰ ਨਿਸਚਿਤ ਸਮੇਂ ਅੰਦਰ ਫਸਲ ਦੀ ਅਦਾਇਗੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਰਤੇ ਗਏ ਚੰਗੀ ਕੁਆਲਿਟੀ ਵਾਲੇ ਬਾਰਦਾਨੇ ਦੀ ਮੁੜ ਵਰਤੋਂ ਕਰਨ ਦੀ ਆਗਿਆ ਦੇਣ ਨਾਲ ਬਾਰਦਾਨਾ ਢੁੱਕਵੀਂ ਮਾਤਰਾ ਵਿਚ ਉਪਲੱਬਧ ਕਰਵਾ ਦਿੱਤਾ ਗਿਆ ਅਤੇ ਮੰਡੀਆਂ ਵਿੱਚ ਬਾਰਦਾਨੇ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ।
ਵਿਧਾਇਕ ਸ. ਫ਼ਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਕਣਕ ਦੀ ਖਰੀਦ ਪ੍ਰਕਿਕਿਆ ਨਿਰਵਿਘਨ ਜਾਰੀ ਹੈ ਪਰ ਬੀਤੇ ਦੋ ਦਿਨਾਂ ਦੋ ਮੌਸਮ ਖਰਾਬ ਤੇ ਮੀਂਹ ਕਾਰਨ ਮੰਡੀਆਂ ਵਿਚ ਫਸਲ ਦੀ ਖਰੀਦ ਤੇ ਚੁਕਾਈ ਪ੍ਰਭਾਵਿਤ ਹੋਈ ਹੈ ਪਰ ਹੁਣ ਮੌਸਮ ਸਾਫ ਹੋਣ ਕਾਰਨ ਖਰੀਦੀ ਗਈ ਕਣਕ ਦੀ ਚੁਕਾਈ ਵਿਚ ਵੀ ਤੇਜੀ ਲਿਆਂਦੀ ਗਈ ਹੈ। ਉਨਾਂ ਅੱਗੇ ਦੱਸਿਆ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ। ਮੰਡੀਆਂ ਵਿਚ ਸੈਨਟਾਇਜ਼ਰ ਤੇ ਮਾਸਕ ਮੁਹੱਈਆ ਕਰਵਾਏ ਜਾ ਰਹੇ ਹਨ।
Adv.
ਸ. ਬਾਜਵਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 23 ਅਪ੍ਰੈਲ ਤਕ ਕਿਸਾਨਾਂ ਦੇ ਖਾਤਿਆਂ ਵਿਚ 149 ਕਰੋੜ 41 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਮੀਂਹ ਕਾਰਨ ਮੰਡੀਆਂ ਵਿਚ ਆਮਦ ਰੁਕਣ ਕਾਰਨ 23 ਅਪ੍ਰੈਲ ਤੱਕ ਮੰਡੀਆਂ ਵਿਚ 214185 ਮੀਟਰਕ ਟਨ ਕਣਕ ਦੀ ਆਮਦ ਵਿਚੋਂ 199955 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਮੰਡੀਆਂ ਵਿੱਚ ਫਸਲ ਦੀ ਚੁਕਾਈ ਵਿੱਚ ਵੀ ਤੇਜ਼ੀ ਲਿਆਂਦੀ ਗਈ ਹੈ।
Adv.