ਸਮੂਹ ਨਾਗਰਿਕ ਕੋਵਿਡ-19 ਵਿਰੁੱਧ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ – ਐਸ.ਐਸ.ਪੀ. ਬਟਾਲਾ
ਬਟਾਲਾ, 23 ਅਪ੍ਰੈਲ ( ਅਮਰੀਕ ਮਠਾਰੂ ) – ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕੋਵਿਡ-19 ਤੋ ਬਚਾਅ ਸਬੰਧੀ ਜਾਰੀ ਕੀਤੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਅਸੀਂ ਸਾਰੇ ਮਿਲ ਕੇ ਕੋਰੋਨਾ ਉੱਪਰ ਫ਼ਤਹਿ ਹਾਸਲ ਕਰ ਸਕੀਏ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਸਰਕਾਰ ਦੀਆਂ ਹਦਾਇਤਾਂ ਨੂੰ ਲਾਗੂ ਕਰਨ ਕਰਨ ਲਈ ਵਚਨਬੱਧ ਹੈ ਅਤੇ ਜਿਸ ਕਿਸੇ ਨੇ ਵੀ ਹਦਾਇਤਾਂ ਦੀ ਉਲੰਘਣਾ ਕੀਤੀ ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਚੱਲ ਰਹੀ ਦੂਸਰੀ ਲਹਿਰ ਬਹੁਤ ਭਿਆਨਕ ਹੈ ਅਤੇ ਇਸਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
Adv.
ਐਸ.ਐਸ.ਪੀ ਬਟਾਲਾ ਸ. ਰਛਪਾਲ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋਂ ਜ਼ਿਲ੍ਹੇ ਅੰਦਰ ਰਾਤ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤਕ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਜੋ ਵੀ ਵਿਅਕਤੀ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਉਨਾਂ ਕਿਹਾ ਕਿ ਪੁਲਿਸ ਵਿਭਾਗ ਵਲੋਂ ਵੱਖ-ਵੱਖ ਪੱਧਰ ਤੇ ਕੋਵਿਡ-19 ਵਿਰੁੱਧ ਨਿਯਮਾਂ ਨੂੰ ਲਾਗੂ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ ਤਾਂ ਜੋ ਜਿਥੇ ਇਕ ਪਾਸੇ ਜਾਰੀ ਹਦਾਇਤਾਂ ਦੀ ਪਾਲਣਾ ਕਰਵਾਈ ਜਾਵੇ, ਉਸਦੇ ਨਾਲ ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਵੀ ਰੋਕਿਆ ਜਾ ਸਕੇ। ਉਨਾਂ ਦੱਸਿਆ ਕਿ ਪੁਲਿਸ ਵਿਭਾਗ ਵਲੋਂ ਮਾਸਕ ਨਾ ਪਹਿਨਣ ਵਾਲਿਆਂ ਵਿਰੁੱਧ ਜਿਥੇ ਸਖ਼ਤ ਰੁਖ਼ ਅਪਣਾਇਆ ਗਿਆ ਹੈ, ਉਸਦੇ ਨਾਲ ਪੁਲਿਸ ਥਾਣਿਆਂ ਵਿਚ ਮਾਸਕ ਵੀ ਮੁਹੱਈਆ ਕਰਵਾਏ ਗਏ ਹਨ, ਜੋ ਲੋਕਾਂ ਨੂੰ ਮੁਫ਼ਤ ਵੰਡੇ ਜਾ ਰਹੇ ਹਨ। ਉਨਾਂ ਦੱਸਿਆ ਕਿ ਮਾਸਕ ਨਾ ਪਾਉਣ ਵਾਲੇ ਦਾ ਚਲਾਨ ਕਰਨ ਦੇ ਨਾਲ ਉਸਦਾ ਆਰ.ਟੀ.ਪੀ.ਸੀ.ਆਰ ਟੈਸਟ ਵੀ ਕੀਤਾ ਜਾਂਦਾ ਹੈ।
ਐੱਸ.ਐੱਸ.ਪੀ. ਬਟਾਲਾ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਲਾਜ਼ਮੀ ਤੌਰ ’ਤੇ ਲਗਾਉਣ, ਸ਼ੋਸਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਹੱਥਾਂ ਨੂੰ ਸੈਨਾਟਾਇਜ਼ ਰੱਖਣ ਜਾਂ ਵਾਰ-ਵਾਰ ਸਾਬੁਣ ਨਾਲ ਧੋਣ। ਉਨਾਂ ਕਿਹਾ ਕਿ ਕੋਵਿਡ ਵੈਕਸੀਨ ਲਗਾਉਣ ਦੀ ਮੁਹਿੰਮ ਵੀ ਤੇਜ਼ੀ ਨਾਲ ਚੱਲ ਰਹੀ ਹੈ, ਇਸ ਲਈ ਯੋਗ ਵਿਅਕਤੀ ਕੋਵਿਡ-19 ਵੈਕਸੀਨ ਜਰੂਰ ਲਗਵਾਉਣ।

