ਬਠਿੰਡਾ (ਬਲਜਿੰਦਰ ਮਾਨ)ਬਿਜਲੀ ਕਰਮਚਾਰੀ ਦੇ ਸੰਗਠਨਾਂ ਨੇ ਸਹਿਯੋਗੀ ਜਥੇਬੰਦੀਆਂ ਦੇ ਸਾਥ ਨਾਲ ਅੱਜ ਇਥੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ। ਪਾਵਰਕੌਮ ਮੈਨੇਜਮੈਂਟ ਵੱਲੋਂ ਅੱਜ ਬਠਿੰਡਾ ਥਰਮਲ ਨੂੰ ਢਾਹੁਣ ਲਈ ਟੈਂਡਰ ਖੋਲ੍ਹੇ ਜਾਣ ਵਾਲੇ ਦਿਨ ਰੋਸ ਪ੍ਰਗਟਾ ਰਹੇ ਵਿਖਾਵਾਕਾਰੀਆਂ ਨੇ ਇਸ ਕਵਾਇਦ ਦਾ ਵਿਰੋਧ ਕਰਦਿਆਂ ਥਰਮਲ ਚਾਲੂ ਕਰਨ ਲਈ ਆਵਾਜ਼ ਬੁਲੰਦ ਕੀਤੀ। ਵਿਖਾਵਾਕਾਰੀਆਂ ਨੇ ਥਰਮਲ ਦੇ ਗੇਟ ਤੋਂ ਮਾਰਚ ਸ਼ੁਰੂ ਕਰ ਕੇ ਕੁਝ ਗਜ਼ ਦੀ ਦੂਰੀ ’ਤੇ ਭਾਈ ਘਨੱਈਆ ਚੌਕ ਵਿਚ ਪਹੁੰਚ ਕੇ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਦੇ ਪੁਤਲੇ ਸਾੜੇ। ਉਨ੍ਹਾਂ ਅਹਿਦ ਦੁਹਰਾਇਆ ਕਿ ਉਹ ਥਰਮਲ ਨੂੰ ਕਿਸੇ ਕੀਮਤ ’ਤੇ ਬੰਦ ਜਾਂ ਨਸ਼ਟ ਨਹੀਂ ਕਰਨ ਦੇਣਗੇ ਅਤੇ ਮੰਗ ਮੰਨਵਾਉਣ ਲਈ ਪੜਾਅਵਾਰ ਸੰਘਰਸ਼ ਕਰਦੇ ਰਹਿਣਗੇ। ਵਿਖਾਵੇ ਦੌਰਾਨ ਗੁਰੂ ਨਾਨਕ ਦੇਵ ਥਰਮਲ ਪਲਾਂਟ ਐਂਪਲਾਈਜ਼ ਫ਼ੈਡਰੇਸ਼ਨ ਬਠਿੰਡਾ ਦੇ ਪ੍ਰਧਾਨ ਗੁਰਸੇਵਕ ਸੰਧੂ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕਾਮ ਜ਼ੋਨ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਪਨੂੰ, ਪੈਨਸ਼ਨਰ ਕਰਮਚਾਰੀ ਯੂਨੀਅਨ ਥਰਮਲ ਪਲਾਂਟ ਬਠਿੰਡਾ ਦੇ ਪ੍ਰਧਾਨ ਭੋਲਾ ਸਿੰਘ ਮਲੂਕਾ ਸਮੇਤ ਹੋਰ ਵੀ ਆਗੂ ਹਾਜ਼ਰ ਸਨ।

