ਵਿਸ਼ਵ ਦੀ ਮਹਾਂ ਪੰਚਾਇਤ ਸੰਯੁਕਤ ਰਾਸ਼ਟਰ ਸੰਗਠਨ ਦੀ ਸੰਸਥਾ ਯੂਨੈਸਕੋ ਵੱਲੋਂ ਸੰਨ 1982 ਨੂੰ ਹਰ ਸਾਲ 18 ਅਪ੍ਰੈਲ ਨੂੰ ਅੰਤਰ-ਰਾਸ਼ਟਰੀ ਵਿਰਾਸਤੀ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਦਿਨ ਨੂੰ ਮਨਾਉਣ ਦਾ ਮਕਸਦ ਇਹ ਹੈ ਕਿ ਲੋਕ ਆਪਣੀ ਵਿਰਾਸਤ ਅਤੇ ਇਤਿਹਾਸ ਤੋਂ ਜਾਣੂ ਹੋਣ।
ਸਾਡਾ ਬਟਾਲਾ ਸ਼ਹਿਰ ਅਤੇ ਇਸਦਾ ਆਸ-ਪਾਸ ਦਾ ਇਲਾਕਾ ਵਿਰਾਸਤ ਦੇ ਨਜ਼ਰੀਏ ਤੋਂ ਬਹੁਤ ਅਮੀਰ ਹੈ। ਇਕੱਲੇ ਬਟਾਲਾ ਸ਼ਹਿਰ ਵਿੱਚ ਹੀ ਬੇਸ਼ੁਮਾਰ ਵਿਰਾਸਤੀ ਇਮਾਰਤਾਂ ਸਨ ਜੋ ਸਾਡੀ ਅਣਗਿਹਲੀ ਕਾਰਨ ਇੱਕ-ਇੱਕ ਕਰਕੇ ਢਹਿ ਗਈਆਂ ਜਾਂ ਫਿਰ ਜਾਣ-ਬੁੱਝ ਕੇ ਢਾਹ ਦਿੱਤੀਆਂ ਗਈਆਂ। ਭਾਂਵੇ ਕਿ ਸਾਡੇ ਕੋਲ ਦਿਖਾਉਣ ਲਈ ਹੁਣ ਬਹੁਤਾ ਕੁਝ ਤਾਂ ਨਹੀਂ ਬਚਿਆ ਪਰ ਆਪਣੇ ਅਮੀਰ ਵਿਰਸੇ ਦੇ ਅਫ਼ਸਾਨੇ ਬਹੁਤ ਹਨ। ਥੋੜੀਆਂ ਜਿਹੀਆਂ ਬਚੀਆਂ ਵਿਰਾਸਤੀ ਇਮਾਰਤਾਂ ਅੱਜ ਵੀ ਆਪਣੇ ਵਾਰਸਾਂ ਨੂੰ ਉਡੀਕ ਰਹੀਆਂ ਹਨ ਕਿ ਸ਼ਾਇਦ ਹੁਣ ਹੀ ਉਨ੍ਹਾਂ ਦੀ ਕੋਈ ਸਾਰ ਲੈ ਲਵੇ।
ਖੈਰ ਸਾਡੀ ਸੰਸਥਾ ‘ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ, ਬਟਾਲਾ’ ਵੱਲੋਂ ਇਹ ਕੋਸ਼ਿਸ਼ ਲਗਾਤਾਰ ਜਾਰੀ ਹੈ ਕਿ ਲੋਕਾਂ ਨੂੰ ਆਪਣੇ ਇਤਿਹਾਸ ਤੇ ਵਿਰਸੇ ਤੋਂ ਜਾਣੂ ਕਰਵਾਇਆ ਜਾਵੇ ਅਤੇ ਵਿਰਾਸਤੀ ਇਮਾਰਤਾਂ ਨੂੰ ਬਚਾਉਣ ਲਈ ਇੱਕ ਮੁਹਿੰਮ ਵਿੱਢੀ ਜਾਵੇ। ਇਸ ਸਭ ਵਿੱਚ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਅਤੇ ਸਾਨੂੰ ਉਮੀਦ ਹੀ ਨਹੀਂ ਬਲਕਿ ਪੂਰਨ ਵਿਸ਼ਵਾਸ ਹੈ ਕਿ ਅਸੀਂ ਸਾਰੇ ਮਿਲ ਕੇ ਆਪਣੀ ਵਿਰਾਸਤ ਨੂੰ ਬਚਾਉਣ ਵਿੱਚ ਜਰੂਰ ਕਾਮਯਾਬ ਹੋਵਾਂਗੇ।
ਇੱਕ ਵਾਰ ਫਿਰ ਆਪ ਸਭ ਨੂੰ ਅੰਤਰ-ਰਾਸ਼ਟਰੀ ਵਿਰਾਸਤੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ…।
– ਇੰਦਰਜੀਤ ਸਿੰਘ ਹਰਪੁਰਾ,
ਬਟਾਲਾ।
Adv.

