ਬਟਾਲਾ:-ਲਫ਼ਜ਼ਾਂ ਦੀ ਦੁਨੀਆਂ ਸਾਹਿਤ ਸਭਾ-ਨਕੋਦਰ ਵੱਲੋਂ ਮੰਜਕੀ ਪੰਜਾਬੀ ਸੱਥ-ਭੰਗਾਲਾ, ਯੂਰਪੀ ਪੰਜਾਬੀ ਸੱਥ-ਵਾਲਾਸਾਲ (ਯੂ.ਕੇ.) ਅਤੇ ਸ਼ਮ੍ਹਾਦਾਨ ਅਦਾਰੇ ਦੇ ਸਹਿਯੋਗ ਨਾਲ ਕੌਮਾਂਤਰੀ ਬਾਲ ਸਾਹਿਤ ਮੁਸ਼ਾਇਰਾ (ਕਵੀ ਦਰਬਾਰ) ਕਰਵਾਇਆ ਗਿਆ। ਇੱਥੇ ਦੱਸਣਯੋਗ ਹੈ ਕਿ ਇਹ ਦੁਨੀਆਂ ਦਾ ਪਹਿਲਾ ਆਨ ਲਾਈਨ ਬਾਲ ਸਾਹਿਤ ਮੁਸ਼ਾਇਰਾ ਹੈ ਜਿਸ ਵਿੱਚ ਪੰਜਾਬੀ ਦੇ ਵੱਡੇ ਹਸਤਾਖ਼ਰਾਂ ਨੇ ਆਪਣੀਆਂ ਬਾਲ ਰਚਨਾਵਾਂ ਨਾਲ ਸਾਂਝ ਪੁਆਈ। ਇਸ ਮੁਸ਼ਾਇਰੇ ਵਿੱਚ ਚੜ੍ਹਦੇ ਪੰਜਾਬ, ਲਹਿੰਦੇ ਪੰਜਾਬ ਅਤੇ ਅਸਟ੍ਰੇਲੀਆ ਤੋਂ ਬਾਲ ਸਾਹਿਤ ਲੇਖਕ ਜੁੜੇ।
ਇਸ ਬਾਲ ਮੁਸ਼ਾਇਰੇ ਵਿੱਚ ਪ੍ਰਸਿੱਧ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ (ਸਾਹਿਤ ਅਕਾਦਮੀ ਸਨਮਾਨ ਜੇਤੂ) ਪਟਿਆਲੇ ਤੋਂ ਜੁੜੇ, ਜਿਨ੍ਹਾਂ ਨੇ ਅਨੇਕਾਂ ਬਾਲ ਸਾਹਿਤ ਦੀਆਂ ਕਿਤਾਬਾਂ ਜਿਨ੍ਹਾਂ ਵਿੱਚ ਮੇਰੀ ਫੁੱਲ ਕਿਆਰੀ, ਬਸੰਤ ਰੁੱਤੇ ਤੇ ਬਾਲ ਸੰਦੇਸ਼ ਆਦਿ ਲਿਖੀਆਂ ਹੋਈਆਂ ਹਨ। ਉਨ੍ਹਾਂ ਨੇ ਬਾਲ ਕਵਿਤਾਵਾਂ ਵਿੱਚ ਬਾਲ ਮਨ ਦੀ ਗੱਲ ਗਾਇਨ ਕਰਕੇ ਪਾਈ। ਉਨ੍ਹਾਂ ਤੋਂ ਬਾਅਦ ਅਮਰੀਕ ਸਿੰਘ ਤਲਵੰਡੀ ਕਲਾਂ ਹੋਰਾਂ ਆਪਣੀਆਂ ਮਾਂ-ਬੋਲੀ ਸੰਬੰਧੀ ਬਾਲ ਕਵਿਤਾਵਾਂ ਨਾਲ ਸਾਂਝ ਪੁਆਈ। ਉਹ ਪੰਜਾਬੀ ਬਾਲ ਸਾਹਿਤ ਵਿੱਚ 19 ਦੇ ਕਰੀਬ ਬਾਲ ਪੁਸਤਕਾਂ, ਅੱਠ ਗੀਤ ਸੰਗ੍ਰਹਿ ਤੇ ਤਿੰਨ ਮਿੰਨੀ ਕਹਾਣੀ ਸੰਗ੍ਰਹਿ ਆਦਿ ਲਿਖ ਚੁੱਕੇ ਹਨ। ਉਨ੍ਹਾਂ ਦੇ ਸੈਕੜੇ ਗੀਤ 33 ਪ੍ਰਸਿੱਧ ਗਾਇਕਾਂ ਵੱਲੋਂ ਗਾਏ ਗਏ ਹਨ ਜਿਨ੍ਹਾਂ ਵਿੱਚ ਸੁਰਿੰਦਰ ਛਿੰਦਾ, ਰੰਜਨਾ, ਗੁਲਸ਼ਨ ਕੋਮਲ,ਦਿਲਸ਼ਾਦ, ਕੁਲਦੀਪ ਮਾਣਕ, ਹਰਭਜਨ ਮਾਨ ਆਦਿ ਸ਼ਾਮਲ ਹਨ।
ਉਸ ਉਪਰੰਤ ਬਾਲ ਸਾਹਿਤ ਲੇਖਕ ਤੇ ਗਾਇਕ ਕਰਮਜੀਤ ਸਿੰਘ ਗਰੇਵਾਲ ਹੋਰਾਂ ਆਪਣੀਆਂ ਰਚਨਾਵਾਂ ਗਾ ਕੇ ਸੁਣੀਆਂ। ਉਹ ਵੀ ‘ਛੱਡ ਕੇ ਸਕੂਲ ਮੈਨੂੰ ਆ’ ਲਈ ਲੁਧਿਆਣਾ ਅਕੈਡਮੀ ਤੋਂ ਸਨਮਾਨਿਤ ਸਾਹਿਤਕਾਰ ਹਨ। ਉਨ੍ਹਾਂ ਦੇ ਬਹੁਤ ਸਾਰੇ ਬਾਲ ਗੀਤ ਰਿਕਾਰਡ ਹੋ ਕੇ ਮਕਬੂਲ ਹੋਏ ਹਨ। ਉਨ੍ਹਾਂ ਤੋਂ ਮਗਰੋਂ ਲਹਿੰਦੇ ਪੰਜਾਬ ਦੇ ਸ਼ਹਿਰ ਲਹੌਰ ਤੋਂ ਵਿਸ਼ਵ ਭਰ ਵਿੱਚ ਪ੍ਰਸਿੱਧ ਬਾਲ ਰਸਾਲੇ ‘ਪੰਖੇਰੂ’ ਦੇ ਸੰਪਾਦਕ ਅਸ਼ਰਫ਼ ਸੁਹੇਲ ਹੁਰਾਂ ਕਵਿਤਾ ਪਾਠ ਕੀਤਾ।
ਇਸ ਬਾਲ ਸਾਹਿਤ ਮੁਸ਼ਾਇਰੇ ਵਿੱਚ ਅਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਤੋਂ ਸੁਰਜੀਤ ਸੰਧੂ ਵੀ ਸ਼ਾਮਲ ਹੋਏ। ਉਨ੍ਹਾਂ ਦੀ ਕਿਤਾਬ ‘ਨਿੱਕੇ ਨਿੱਕੇ ਤਾਰੇ’ ਗੁਰਮੁਖੀ ਤੇ ਸ਼ਾਹਮੁਖੀ ਵਿੱਚ ਪ੍ਰਕਾਸ਼ਿਤ ਹੋਈ। ਉਨ੍ਹਾਂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਦਾਦ ਲਈ। ਜਿਨ੍ਹਾਂ ਤੋਂ ਅਗਲੇ ਬਾਲ ਸਾਹਿਤ ਲੇਖਕ ਆਤਮਾ ਸਿੰਘ ਚਿੱਟੀ ਹੋਰਾਂ ਕਵਿਤਾਵਾਂ ਸੁਣਾਈਆਂ ਅਤੇ ਦਰਸ਼ਕਾਂ ਦਾ ਦਿਲ ਮੋਹ ਲਿਆ। ਉਨ੍ਹਾਂ ਦੀਆਂ ਅਨੇਕਾਂ ਰਚਨਾਵਾਂ ਰਸਾਲਿਆਂ – ਅਖ਼ਬਾਰਾਂ ਦਾ ਸ਼ਿਗਾਰ ਬਣਦੀਆਂ ਰਹਿੰਦੀਆਂ ਹਨ। ਉਹ ਕਈ ਸੰਸਥਾਵਾਂ ਵੱਲੋਂ ਸਨਮਾਨੇ ਗਏ ਹਨ। ਇਸ ਉਪਰੰਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦੋ ਬਾਲ ਰਸਾਲਿਆਂ ‘ਪ੍ਰਾਇਮਰੀ ਸਿੱਖਿਆ ਅਤੇ ਪੰਖੜੀਆਂ’ ਦੇ ਸੰਪਾਦਕ ਦਰਸ਼ਨ ਸਿੰਘ ਬਨੂੜ ਹੋਰਾਂ ਆਪਣੀਆਂ ਬਾਲ ਕਵਿਤਾਵਾਂ ਸੁਣੀਆਂ। ਉਹਨਾਂ ਨੇ ਵੱਡਮੁੱਲੇ ਬਾਲ ਸਾਹਿਤ ਦੀ ਰਚਨਾ ਕੀਤੀ ਜਿਨ੍ਹਾਂ ਵਿੱਚ ਬੱਚਿਆਂ ਦੀ ਰੇਲ,ਆਓ ਚੱਲੀਏ ਸਕੂਲ, ਰੰਗਲਾ ਬਚਪਨ, ਆਓ ਬੱਚਿਓ ਸੁਣੋਂ ਕਹਾਣੀ ਆਦਿ ਸ਼ਾਮਿਲ ਹਨ।
Adv.
ਇਸ ਬਾਲ ਸਾਹਿਤ ਮੁਸ਼ਾਇਰੇ ਦੇ ਅਗਲੇ ਕਵੀ ਸ਼੍ਰੋਮਣੀ ਬਾਲ ਸਾਹਿਤ ਲੇਖਕ ਬਲਜਿੰਦਰ ਸਿੰਘ ਮਾਨ ਸ਼ਾਮਲ ਹੋਏ। ਉਨ੍ਹਾਂ ਨੇ ਬਾਲ ਮਨਾਂ ਤੇ ਪੰਜਾਬੀ ਰਿਸ਼ਤਿਆਂ ਦੀ ਸਾਖੀ ਭਰਦੀਆਂ ਕਵਿਤਾਵਾਂ ਸੁਣੀਆਂ। ਜ਼ਿਕਰਯੋਗ ਹੈ ਕਿ ਉਹ ਵਿਸ਼ਵ ਪ੍ਰਸਿੱਧ ਬਾਲ ਰਸਾਲੇ ‘ਨਿੱਕੀਆਂ ਕਰੂੰਬਲਾਂ’ ਦੇ ਵੱਡੇ ਸੰਪਾਦਕ ਹਨ। ਉਨ੍ਹਾਂ ਨੇ 15 ਦੇ ਕਰੀਬ ਬਾਲ ਸਾਹਿਤ ਦੀਆਂ ਕਿਤਾਬਾਂ ਲਿਖੀਆਂ ਅਤੇ 21 ਦੇ ਕਰੀਬ ਸੰਪਾਦਿਤ ਕੀਤੀਆਂ ਹਨ। ਜਿਨ੍ਹਾਂ ਤੋਂ ਬਾਅਦ ਅਮਰਪ੍ਰੀਤ ਸਿੰਘ ਝੀਤਾ ਸ਼ਾਹਕੋਟ ਤੋਂ ਜੁੜੇ। ਉਨ੍ਹਾਂ ਨੇ ਆਪਣੀਆਂ ਦੋ ਬਾਲ ਰਚਨਾਵਾਂ ਸਾਂਝੀਆਂ ਕੀਤੀਆਂ। ਉਹਨਾਂ ਦੀਆਂ ਬੀਬੇ ਰਾਣੇ, ਪੰਖੇਰੂ ਅਤੇ ਕਾਕਾ ਬੱਲੀ ਬਾਲ ਸਾਹਿਤ ਦੀਆਂ ਕਿਤਾਬਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਐੱਲ.ਡੀ.ਡੀ.ਟੀ.ਵੀ. ਦੇ ਫੇਸਬੁੱਕ ਪੇਜ ‘ਤੇ ਬਾਲ ਸਾਹਿਤ ਮੁਸ਼ਾਇਰੇ ਵਿੱਚ ਪ੍ਰਿੰਸ ਅਰੋੜਾ ਹੁਰਾਂ ਆਪਣੀਆਂ ਰਚਨਾਵਾਂ ਸੁਣਾ ਵਾਹ ਵਾਹ ਖੱਟੀ। ਉਨ੍ਹਾਂ ਤੋਂ ਮਗਰੋਂ ਬਾਲ ਲੇਖਕ ਹਰਜਿੰਦਰ ਨੇ ਆਪਣੀ ਕਵਿਤਾ ਸੁਣਾਈ। ਆਖ਼ਰ ਵਿੱਚ ਲਫ਼ਜ਼ਾਂ ਦੀ ਦੁਨੀਆਂ ਦੇ ਸੰਚਾਲਕ ਪ੍ਰੋ. ਜਸਵੀਰ ਸਿੰਘ (ਸ਼ਾਇਰ ਜਸਵੀਰ) ਵੱਲੋਂ ਆਪਣੀ ਰਚਨਾ ਸੁਣਾਈ ਗਈ। ਫਿਰ ਉਨ੍ਹਾਂ ਬਾਲ ਸਾਹਿਤ ਮੁਸ਼ਾਇਰੇ ਵਿਚ ਸ਼ਾਮਿਲ ਹੋਏ ਕਵੀਆਂ ਅਤੇ ਲਾਈਵ ਟੈਲੀਕਾਸਟ ਵੇਖ ਰਹੇ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਲਾਈਵ ਬਾਲ ਸਾਹਿਤ ਮੁਸ਼ਾਇਰੇ ਨੂੰ ਕਰੀਬ 1300 ਦਰਸ਼ਕਾਂ ਵੱਲੋਂ ਦੇਖਿਆ ਤੇ ਇਸ ਤੱਕ ਪਹੁੰਚ ਕੀਤੀ ਗਈ।
Adv.

