ਪਟਿਆਲਾ : (11/04/2021)ਰੁਜ਼ਗਾਰ ਦੀ ਮੰਗ ਲਈ ਮੋਤੀ ਮਹਿਲ ਦਾ ਘਿਰਾਓ ਕਰਨ ਪੁੱਜੇ ਬੇਰੁਜ਼ਗਾਰ ਅਧਿਆਪਕਾਂ ‘ਤੇ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨੇ ਸੂਬਾ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ। ਅੱਗੇ ਵਧਣ ਤੋਂ ਰੋਕਣ ਲਈ 17 ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ ਜਦੋਂਕਿ 10 ਦੇ ਕਰੀਬ ਅਧਿਆਪਕ ਜ਼ਖ਼ਮੀ ਹੋ ਗਏ ਹਨ।
ਇਨ੍ਹਾਂ ਬੇਰੁਜ਼ਗਾਰਾਂ ਨੂੰ ਪੁਲਿਸ ਨੇ ਭੁਨਰਹੇੜੀ ਚੌਕੀ ਵਿਚ ਹਿਰਾਸਤ ਵਿਚ ਰੱਖਿਆ ਹੋਇਆ ਹੈ। ਖ਼ਬਰ ਲਿਖੇ ਜਾਣ ਤਕ ਪ੍ਰਸ਼ਾਸਨ ਤੇ ਬੇਰੁਜ਼ਗਾਰ ਅਧਿਆਪਕਾਂ ਦਰਮਿਆਨ ਕੋਈ ਸਹਿਮਤੀ ਨਹੀਂ ਬਣ ਸਕੀ
ਜਾਣਕਾਰੀ ਮੁਤਾਬਕ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਬੈਨਰ ਹੇਠ (ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ, ਬੇਰੁਜ਼ਗਾਰ ਆਰਟ ਐਂਡ ਕਰਾਫਟ ਯੂਨੀਅਨ, ਬੇਰੁਜ਼ਗਾਰ ਡੀਪੀਈ 873 ਯੂਨੀਅਨ, ਬੇਰੁਜ਼ਗਾਰ 646 ਪੀਟੀਈ ਯੂਨੀਅਨ ਟੀ ਟੈਟ ਪਾਸ ਬੀਐੱਡ ਬੇਰੁਜ਼ਗਾਰ ਅਧਿਆਪਕ ਯੂਨੀਅਨ) ਵੱਲੋਂ ਪਿਛਲੇ ਸੌ ਦਿਨਾਂ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਿਹਾਇਸ਼ ਸੰਗਰੂਰ ਵਿਚ ਪੱਕਾ ਧਰਨਾ ਲਾਇਆ ਹੋਇਆ ਹੈ।
ਬੇਰੁਜ਼ਗਾਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਲੰਘੇ ਦਿਨ ਮੁੱਖ ਮੰਤਰੀ ਦੇ ਓਐੱਸਡੀ ਰਾਜੇਸ਼ ਕੁਮਾਰ ਨੇ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਸੀ ਪਰ ਮੀਟਿੰਗ ਵਿਚ ਕਿਸੇ ਮੰਗ ਦਾ ਕੋਈ ਹੱਲ ਨਾ ਹੋਣ ‘ਤੇ 11 ਅਪ੍ਰੈਲ ਨੂੰ ਬੇਰੁਜ਼ਗਾਰਾਂ ਵੱਲੋਂ ਮੋਤੀ ਮਹਿਲ ਦਾ ਘਿਰਾਓ ਦਾ ਐਲਾਨ ਕੀਤਾ ਗਿਆ
ਐਤਵਾਰ ਬਾਰਾਂ ਵਜੇ ਦੇ ਕਰੀਬ ਬੇਰੁਜ਼ਗਾਰਾਂ ਦੇ ਦੋ ਜਥਿਆਂ ਨੇ ਪਟਿਆਲਾ ਦੇ ਬਾਰਾਂਦਰੀ ਗਾਰਡਨ ਤੇ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਇਕੱਤਰਤਾ ਕੀਤੀ। ਇਸ ਮਗਰੋਂ ਸਾਢੇ ਬਾਰਾਂ ਵਜੇ ਦੇ ਕਰੀਬ ਬੇਰੁਜ਼ਗਾਰਾਂ ਨੇ ਮੋਤੀ ਮਹਿਲ ਵੱਲ ਕੂਚ ਕਰ ਦਿੱਤਾ। ਜਿਵੇਂ ਹੀ ਬੇਰੁਜ਼ਗਾਰਾਂ ਦਾ ਕਾਫ਼ਲਾ ਪੋਲੋ ਗਰਾਉਂਡ ਮੂਹਰੇ ਪੁੱਜਾ ਤਾਂ ਉੱਥੇ ਵੱਡੀ ਗਿਣਤੀ ਵਿਚ ਖੜ੍ਹੀ ਪੁਲਿਸ ਫੋਰਸ ਨੇ ਪ੍ਰਸ਼ਾਸਨ ਨਾਲ ਮੀਟਿੰਗ ਦਾ ਭਰੋਸਾ ਦੇ ਕੇ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬੇਰੁਜ਼ਗਾਰ ਅੱਗੇ ਜਾਣ ਦੀ ਮੰਗ ‘ਤੇ ਅੜੇ ਰਹੇ। ਬੇਰੁਜ਼ਗਾਰਾਂ ਨੂੰ ਰੋਕਣ ਲਈ ਪੁਲਿਸ ਫੋਰਸ ਨੇ ਉਨ੍ਹਾਂ ‘ਤੇ ਲਾਠੀਚਾਰਜ ਕਰ ਦਿੱਤਾ ਤੇ 17 ਦੇ ਕਰੀਬ ਹਿਰਾਸਤ ਵਿਚ ਲੈ ਲਏ ਹਨ।
ਇਸ ਮੌਕੇ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਕਿ੍ਸ਼ਨ ਸਿੰਘ ਨਾਭਾ, ਹਰਜੀਤ ਸਿੰਘ ਝੁਨੀਰ, ਜਗਸੀਰ ਸਿੰਘ ਘੁਮਾਣ ਤੇ ਸੁਖਦੇਵ ਸਿੰਘ ਜਲਾਲਾਬਾਦ ਨੇ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਉਦੋਂ ਤਕ ਸੰਘਰਸ਼ ਜਾਰੀ ਰਹੇਗਾ। 
ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਵਲੋਂ ਨੌਕਰੀ ਦੀ ਮੰਗ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਦਿੱਤੇ ਗਏ ਪ੍ਰੋਗਰਾਮ ਦੇ ਮੁਤਾਬਿਕ ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਤੇਜ਼ ਕਰਦਿਆਂ ਹੋਇਆ ਭਾਖੜਾ ਨਹਿਰ ‘ਤੇ ਧਰਨਾ ਲਗਾਇਆ ਅਤੇ ਰੋਡ ਜਾਮ ਕੀਤਾ।
ਇਸ ਦੌਰਾਨ, ਦੋ ਬੇਰੁਜ਼ਗਾਰ ਅਧਿਆਪਕ ਭਾਰਤ ਫ਼ਾਜ਼ਿਲਕਾ ਅਤੇ ਅਮਨ ਫ਼ਾਜ਼ਿਲਕਾ ਨੇ ਨਹਿਰ ਵਿਚ ਛਾਲਾਂ ਮਾਰ ਦਿੱਤੀਆਂ ਗਈਆਂ। ਗੋਤਾਖੋਰਾਂ ਦੇ ਵਲੋਂ ਉਨ੍ਹਾਂ ਦੀ ਭਾਲ ਕੀਤੀ ਗਈ। ਖ਼ਬਰਾਂ ਮੁਤਾਬਿਕ ਉਹਨਾਂ ਨੂੰ ਨਹਿਰ ਵਿਚੋਂ ਬਾਹਰ ਕਢ ਲਿਆ ਗਿਆ ਹੈ।


