ਪੰਜਾਬ ਸਰਕਾਰ ਵਲੋਂ ਔਰਤਾਂ ਲਈ ਸ਼ੁਰੂ ਕੀਤੀ ਗਈ ਮੁਫਤ ਬੱਸ ਸਫਰ ਨਾਲ ਮਹਿਲਾ ਵਰਗ ਵਿਚ ਖੁਸ਼ੀ ਦੀ ਲਹਿਰ,ਬਟਾਲਾ ਦੀ ਕ੍ਰਿਸ਼ਮਾ ਮੁਫ਼ਤ ਬੱਸ ਸਫਰ ਸਹੂਲਤ ਨੂੰ ਮੰਨ ਰਹੀ ਹੈ ਪੰਜਾਬ ਸਰਕਾਰ ਦਾ ਕ੍ਰਿਸ਼ਮਾ

ਬਟਾਲਾ ਦੀ ਕ੍ਰਿਸ਼ਮਾ ਮੁਫ਼ਤ ਬੱਸ ਸਫਰ ਸਹੂਲਤ ਨੂੰ ਮੰਨ ਰਹੀ ਹੈ ਪੰਜਾਬ ਸਰਕਾਰ ਦਾ ਕ੍ਰਿਸ਼ਮਾ

ਬੱਸ ਸਫ਼ਰ ਸਹੂਲਤ ਨਾਲ ਔਰਤਾਂ ਨੂੰ ਆਰਥਿਕ ਤੌਰ ’ਤੇ ਬਹੁਤ ਫ਼ਾਇਦਾ ਮਿਲਿਆ – ਆਰਜ਼ੂ

ਪੰਜਾਬ ਸਰਕਾਰ ਵਲੋਂ ਔਰਤਾਂ ਲਈ ਸ਼ੁਰੂ ਕੀਤੀ ਗਈ ਮੁਫਤ ਬੱਸ ਸਫਰ ਨਾਲ ਮਹਿਲਾ ਵਰਗ ਵਿਚ ਖੁਸ਼ੀ ਦੀ ਲਹਿਰ

ਬਟਾਲਾ, 3 ਅਪ੍ਰੈਲ ( ਅਮਰੀਕ ਮਠਾਰੂ  ) – ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸ਼ੁਰੂ ਕੀਤੀ ਗਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਨਾਲ ਮਹਿਲਾਵਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਸਰਕਾਰ ਦੇ ਇਸ ਉਪਰਾਲੇ ਦੀ ਹਰ ਪਾਸਿਓਂ ਭਰਵੀਂ ਸ਼ਲਾਘਾ ਹੋ ਰਹੀ ਹੈ। ਬਟਾਲਾ ਦੀ ਰਹਿਣ ਵਾਲੀ ਕ੍ਰਿਸ਼ਮਾ ਤਾਂ ਪੰਜਾਬ ਸਰਕਾਰ ਦੀ ਇਸ ਮੁਫ਼ਤ ਬੱਸ ਸਫ਼ਰ ਸੇਵਾ ਨੂੰ ਇੱਕ ਕ੍ਰਿਸ਼ਮਾ ਮੰਨ ਰਹੀ ਹੈ, ਜਿਸਦਾ ਔਰਤ ਵਰਗ ਨੂੰ ਬਹੁਤ ਵੱਡਾ ਲਾਭ ਮਿਲਿਆ ਹੈ।

ਬਟਾਲਾ ਬੱਸ ਅੱਡੇ ਵਿਖੇ ਜਲੰਧਰ ਨੂੰ ਜਾਣ ਵਾਲੀ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਬੈਠੀ ਕ੍ਰਿਸ਼ਮਾ ਨਾਲ ਜਦੋਂ ਮੁਫ਼ਤ ਬੱਸ ਸਫ਼ਰ ਬਾਰੇ ਪੁਛਿਆ ਗਿਆ ਤਾਂ ਉਸਨੇ ਕਿਹਾ ਕਿ ਇਹ ਤਾਂ ਪੰਜਾਬ ਸਰਕਾਰ ਦਾ ਔਰਤਾਂ ਲਈ ਬਹੁਤ ਵੱਡਾ ਤੋਹਫ਼ਾ ਹੈ। ਉਸਨੇ ਕਿਹਾ ਕਿ ਸਰਕਾਰ ਦੀ ਇਸ ਸਹੂਲਤ ਨਾਲ ਸਕੂਲ-ਕਾਲਜ ਪੜ੍ਹਦੀਆਂ ਅਤੇ ਨੌਂਕਰੀ-ਪੇਸ਼ਾ ਕਰਦੀਆਂ ਲੜਕੀਆਂ ਅਤੇ ਔਰਤਾਂ ਨੂੰ ਆਰਥਿਕ ਤੌਰ ’ਤੇ ਬਹੁਤ ਫਾਇਦਾ ਮਿਲੇਗਾ ਕਿਉਂਕਿ ਅੱਗੇ ਰੋਜ਼ਾਨਾ ਉਨ੍ਹਾਂ ਦਾ ਕਿਰਾਇਆ ਲੱਗਦਾ ਸੀ। ਉਸਨੇ ਕਿਹਾ ਕਿ ਬੱਸ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਪਾ ਕੇ ਉਸਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ।

ਇਸੇ ਤਰਾਂ ਇੱਕ ਹੋਰ ਮਹਿਲਾ ਯਾਤਰੀ ਆਰਜ਼ੂ ਨੇ ਵੀ ਮੁਫ਼ਤ ਬੱਸ ਸਫ਼ਰ ਦੀ ਸਰਾਹਨਾ ਕੀਤੀ ਹੈ। ਆਰਜ਼ੂ ਬਟਾਲਾ ਦੀ ਰਹਿਣ ਵਾਲੀ ਹੈ ਅਤੇ ਉਹ ਆਪਣੇ ਕੰਮ-ਕਾਜ ਲਈ ਜਲੰਧਰ ਜਾ ਰਹੀ ਸੀ। ਉਸਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਔਰਤਾਂ ਲਈ ਬੱਸਾਂ ਦਾ ਸਫ਼ਰ ਮੁਫਤ ਕੀਤੇ ਜਾਣ ਨਾਲ ਉਹ ਬਹੁਤ ਖੁਸ਼ ਹੈ, ਇਸ ਨਾਲ ਔਰਤਾਂ ਨੂੰ ਦੂਰ-ਨੇੜੇ ਜਾਣ ਲਈ ਆਰਥਿਕ ਤੌਰ ’ਤੇ ਬਹੁਤ ਲਾਭ ਮਿਲਿਆ ਹੈ।
ਬੱਸ ਵਿੱਚ ਬੈਠੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਦੱਸਿਆ ਕਿ ਉਹ ਬਟਾਾਲ ਤੋਂ ਜਲੰਧਰ ਵਿਖੇ ਰੋਜ਼ਾਨਾ ਉਚੇਰੀ ਪੜ੍ਹਾਈ ਕਰਨ ਲਈ ਜਾਂਦੀ ਹੈ ਤੇ ਉਸਦਾ ਤਕਰੀਬਨ 200 ਰੁਪਏ ਕਿਰਾਇਆ ਲੱਗਦਾ ਸੀ ਪਰ ਹੁਣ ਪੰਜਾਬ ਸਰਕਾਰ ਵਲੋਂ ਔਰਤਾਂ ਨੂੰ ਬੱਸ ਸਫਰ ਦੀ ਮੁਫਤ ਸਹੂਲਤ ਪ੍ਰਦਾਨ ਕਰ ਦਿੱਤੀ ਗਈ ਹੈ, ਜਿਸ ਨਾਲ ਮਹਿਲਾਵਾਂ ਖਾਸਕਰਕੇ ਲੜਕੀਆਂ ਨੂੰ ਘਰੋਂ ਦੂਰ ਪੜ੍ਹਣ ਜਾਣ ਲਈ ਬਹੁਤ ਫਾਇਦਾ ਮਿਲੇਗਾ। ਉਸਨੇ ਕਿਹਾ ਕਿ ਇਸ ਸਕੀਮ ਨਾਲ ਨਾ ਸਿਰਫ਼ ਜ਼ਿਆਦਾ ਕਿਰਾਏ ਕਾਰਨ ਸਕੂਲੀ ਪੜ੍ਹਾਈ ਵਿਚਾਲੇ ਛੱਡ ਰਹੀਆਂ ਲੜਕੀਆਂ ਦੀ ਸਕੂਲ/ਕਾਲਜ ਛੱਡਣ ਦੀ ਦਰ ਵਿੱਚ ਕਮੀ ਆਵੇਗੀ, ਸਗੋਂ ਉਨ੍ਹਾਂ ਕੰਮਕਾਜੀ ਔਰਤਾਂ ਨੂੰ ਸਹੂਲਤ ਮਿਲੇਗੀ, ਜਿਨ੍ਹਾਂ ਨੂੰ ਆਪਣੇ ਕੰਮ ਵਾਲੀਆਂ ਥਾਵਾਂ ਉਤੇ ਪੁੱਜਣ ਲਈ ਲੰਮਾ ਪੈਂਡਾ ਤੈਅ ਕਰਨਾ ਪੈਂਦਾ ਹੈ।

ਔਰਤਾਂ ਦੇ ਸ਼ਸਕਤੀਕਰਨ ਦੇ ਉਦੇਸ਼ ਤਹਿਤ ਇਹ ਸਕੀਮ ਸ਼ੁਰੂ ਕਰਨ ਉਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਿਲੇ ਦੀਆਂ ਔਰਤਾਂ ਵਲੋਂ ਧੰਨਵਾਦ ਕੀਤਾ ਜਾ ਰਿਹਾ ਹੈ। ਇਸ ਸਕੀਮ ਤਹਿਤ ਪੰਜਾਬ ਵਾਸੀ ਔਰਤਾਂ ਨੂੰ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.), ਪੰਜਾਬ ਰੋਡਵੇਜ਼ ਬੱਸਾਂ (ਪਨਬੱਸ) ਅਤੇ ਸਥਾਨਕ ਸਰਕਾਰਾਂ ਵੱਲੋਂ ਚਲਾਈਆਂ ਜਾਂਦੀਆਂ ਸਿਟੀ ਬੱਸਾਂ ਤੇ ਹੋਰ ਸਰਕਾਰੀ ਮਾਲਕੀ ਵਾਲੀਆਂ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਮਿਲੇਗੀ। ਆਧਾਰ ਕਾਰਡ, ਵੋਟਰ ਕਾਰਡ ਜਾਂ ਪੰਜਾਬ ਵਾਸੀ ਹੋਣ ਦੇ ਸਬੂਤ ਵਜੋਂ ਕੋਈ ਹੋਰ ਦਸਤਾਵੇਜ਼ ਦਿਖਾ ਕੇ ਇਸ ਸਕੀਮ ਦਾ ਲਾਭ ਲਿਆ ਜਾ ਸਕਦਾ ਹੈ। ਇਹ ਸਬੂਤ ਦਿਖਾਉਣ ਮਗਰੋਂ ਪੰਜਾਬ ਵਾਸੀ ਔਰਤਾਂ ਭਾਵੇਂ ਉਹ ਕਿਸੇ ਵੀ ਉਮਰ ਦੀਆਂ ਹੋਣ, ਕੋਲੋਂ ਸਰਕਾਰੀ ਬੱਸਾਂ ਵਿੱਚ ਕੋਈ ਕਿਰਾਇਆ ਨਹੀਂ ਵਸੂਲਿਆ ਜਾਵੇਗਾ।  

Leave a Reply

Your email address will not be published. Required fields are marked *