ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਅਤੇ ਬਲਵਿੰਦਰ ਸਿੰਘ ਲਾਡੀ ਵੀ ਵਿਸ਼ੇਸ਼ ਤੌਰ ਸ਼ਾਮਲ ਹੋਏ
ਖੰਡ ਮਿੱਲ ਵਿੱਚ ਪੈਦਾ ਹੁੰਦੀ ਪ੍ਰੈਸ ਮੱਡ ਤੋਂ ਹੋਵੇਗੀ ਸੀ.ਐੱਨ.ਜੀ. ਗੈਸ ਤਿਆਰ – ਰੰਧਾਵਾ
ਸੂਬੇ ਦੀ ਕਿਸਾਨੀ ਮਜਬੂਤ ਕਰਨ ਲਈ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨਾ ਬਹੁਤ ਜਰੂਰੀ – ਤ੍ਰਿਪਤ ਬਾਜਵਾ
ਬਟਾਲਾ, 2 ਅਪ੍ਰੈਲ ( ਅਮਰੀਕ ਮਠਾਰੂ ) – ਸਹਿਕਾਰੀ ਖੰਡ ਮਿੱਲ ਬਟਾਲਾ ਦੇ ਫਾਰਮ ਬਹਾਦਰਪੁਰ ਵਿਖੇ ਨਵੇਂ ਲੱਗਣ ਵਾਲੇ ਬਾਇਓ-ਸੀ.ਐੱਨ.ਜੀ. ਪਲਾਂਟ ਦਾ ਨੀਂਹ ਪੱਥਰ ਅੱਜ ਸੂਬੇ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਸਾਂਝੇ ਤੌਰ ’ਤੇ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਅਤੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ, ਬਟਾਲਾ ਖੰਡ ਮਿੱਲ ਬੋਰਡ ਆਫ਼ ਡਾਇਰੈਕਟਰਜ਼ ਦੇ ਚੇਅਰਮੈਨ ਸ. ਸੁਖਵਿੰਦਰ ਸਿੰਘ ਕਾਹਲੋਂ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਸਾਬਕਾ ਰਾਜ ਸਭਾ ਮੈਂਬਰ ਭੁਪਿੰਦਰ ਸਿੰਘ ਮਾਨ, ਸ੍ਰੀ ਪੁਨੀਤ ਗੋਇਲ ਐੱਮ.ਡੀ. ਪੰਜਾਬ ਸ਼ੂਗਰਫੈੱਡ, ਜੀ.ਐੱਮ. ਡਾ. ਐੱਸ.ਪੀ. ਸਿੰਘ ਅਤੇ ਇਲਾਕੇ ਦੇ ਗੰਨਾ ਕਾਸ਼ਤਕਾਰ ਹਾਜ਼ਰ ਸਨ। ਪਿੰਡ ਬਹਾਦਰਪੁਰ ਵਿਖੇ ਬਾਇਓ-ਸੀ.ਐੱਨ.ਜੀ. ਪਲਾਂਟ ਐੱਮ.ਈ.ਪੀ.ਐੱਲ ਕੰਪਨੀ ਨਵੀਂ ਦਿੱਲੀ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ ਅਤੇ ਇਸਨੂੰ ਇੱਕ ਸਾਲ ਅੰਦਰ ਮੁਕੰਮਲ ਕਰਨ ਦਾ ਟੀਚਾ ਹੈ।
ਪਿੰਡ ਬਹਾਦਰਪੁਰ ਵਿਖੇ ਬਾਇਓ-ਸੀ.ਐੱਨ.ਜੀ. ਪਲਾਂਟ ਦਾ ਨੀਂਹ ਪੱਥਰ ਰੱਖਣ ਉਪਰੰਤ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅੱਜ ਦਾ ਦਿਨ ਬਟਾਲਾ ਸ਼ੂਗਰ ਮਿੱਲ ਦੇ ਇਤਿਹਾਸ ਦਾ ਸੁਨਿਹਰੀ ਦਿਨ ਹੈ। ਉਨ੍ਹਾਂ ਕਿਹਾ ਕਿ ਇਸ ਪਲਾਂਟ ਦੇ ਲੱਗਣ ਨਾਲ ਖੰਡ ਮਿੱਲ ਵਿੱਚ ਪੈਦਾ ਹੁੰਦੀ ਪ੍ਰੈਸ ਮੱਡ ਤੋਂ ਸੀ.ਐੱਨ.ਜੀ. ਗੈਸ ਤਿਆਰ ਕੀਤੀ ਜਾਵੇਗੀ ਜਿਸ ਨਾਲ ਬਟਾਲਾ ਖੰਡ ਮਿੱਲ ਨੂੰ ਵੱਡਾ ਆਰਥਿਕ ਲਾਭ ਮਿਲੇਗਾ।
ਉਨ੍ਹਾਂ ਕਿਹਾ ਕਿ ਸੀ.ਐੱਨ.ਜੀ. ਗੈਸ ਤੋਂ ਇਲਾਵਾ ਇਸ ਪਲਾਂਟ ਵਿੱਚ ਬਾਇਓ ਖਾਦ ਵੀ ਤਿਆਰ ਹੋਵੇਗੀ ਜਿਸ ਨਾਲ ਫਸਲਾਂ ਦਾ ਝਾੜ ਵੱਧਣ ਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ। ਉਨ੍ਹਾਂ ਕਿਹਾ ਕਿ ਇਸ ਬਾਇਓ-ਸੀ.ਐੱਨ.ਜੀ. ਪਲਾਂਟ ਦੇ ਲੱਗਣ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਸ. ਰੰਧਾਵਾ ਨੇ ਦੱਸਿਆ ਕਿ ਪਲਾਂਟ ਤਿਆਰ ਹੋਣ ਤੋਂ ਬਾਅਦ ਸੀ.ਐੱਨ.ਜੀ. ਗੈਸ ਦਾ ਪੰਪ ਲਗਾਉਣ ਤੋਂ ਇਲਾਵਾ ਬਟਾਲਾ ਸ਼ਹਿਰ ਅਤੇ ਇਲਾਕੇ ਵਿੱਚ ਇਸ ਗੈਸ ਦੀ ਸਪਲਾਈ ਦਿੱਤੀ ਜਾਵੇਗੀ।
ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਰਾਜ ਵਿੱਚ ਸਹਿਕਾਰਤਾ ਖੇਤਰ ਵਿੱਚ ਚੱਲ ਰਹੀਆਂ ਖੰਡ ਮਿੱਲਾਂ ਨੂੰ ਅਪਗਰੇਡ ਅਤੇ ਮਾਡਰਨਾਈਜੇਸ਼ਨ ਕਰਨ ਅਤੇ ਇਨ੍ਹਾਂ ਦੀ ਆਰਥਿਕ ਸਥਿਤੀ ਸੁਧਾਰਨ ਲਈ ਯਤਨਸ਼ੀਲ ਹੈ ਜਿਸਦੇ ਤਹਿਤ ਬਟਾਲਾ ਅਤੇ ਗੁਰਦਾਸਪੁਰ ਦੀਆਂ ਸਹਿਕਾਰੀ ਖੰਡ ਮਿੱਲਾਂ ਵਿੱਚ ਕ੍ਰਮਵਾਰ 3500 ਅਤੇ 5000 ਟੀ.ਸੀ.ਡੀ. ਦੇ ਨਵੇਂ ਸ਼ੂਗਰ ਪਲਾਂਟ ਸਮੇਤ ਕੋ-ਜਨ ਪ੍ਰੋਜੈਕਟ ਲਗਾਏ ਜਾਣ ਦੀ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਪਲਾਂਟਾਂ ਦੇ ਨੀਂਹ ਪੱਥਰ ਵੀ ਜਲਦੀ ਰੱਖੇ ਜਾਣਗੇ।
ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਹਿਕਾਰੀ ਖੰਡ ਮਿੱਲਾਂ ਦੀ ਸਮਰੱਥਾ ਵਧਾਉਣਾ ਅਤੇ ਬਾਇਓ-ਸੀ.ਐੱਨ.ਜੀ. ਪਲਾਂਟ ਲਗਾਉਣੇ ਸਮੇਂ ਦੀ ਲੋੜ ਹੈ ਅਤੇ ਇਸ ਗੱਲੋਂ ਸਹਕਾਰਤਾ ਮੰਤਰੀ ਸ. ਰੰਧਾਵਾ ਵਧਾਈ ਦੇ ਹੱਕਦਾਰ ਹਨ ਜਿਨ੍ਹਾਂ ਨੇ ਇਸ ਪਾਸੇ ਵੱਲ ਕਦਮ ਵਧਾਏ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਕਿਸਾਨੀ ਮਜਬੂਤ ਕਰਨ ਲਈ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਬਾਇਓ-ਸੀ.ਐੱਨ.ਜੀ. ਪਲਾਂਟ ਲੱਗਣ ਨਾਲ ਇਸ ਇਲਾਕੇ ਨੂੰ ਵੱਡਾ ਲਾਭ ਮਿਲੇਗਾ ਅਤੇ ਇਸ ਨਾਲ ਸਹਿਕਾਰੀ ਖੰਡ ਮਿੱਲ ਬਟਾਲਾ ਆਪਣੇ ਪੈਰਾਂ ਸਿਰ ਹੋ ਸਕੇਗੀ। ਸ. ਬਾਜਵਾ ਨੇ ਕਿਹਾ ਕਿ ਬਾਇਓ-ਸੀ.ਐੱਨ.ਜੀ. ਪਲਾਂਟ ਲੱਗਣ ਨਾਲ ਮਿੱਲਾਂ ਵਿੱਚ ਪੈਦਾ ਹੁੰਦੀ ਪ੍ਰੈੱਸ ਮੱਡ ਦੀ ਵਰਤੋਂ ਕਰਕੇ ਸੀ.ਐੱਨ.ਜੀ. ਗੈਸ ਤਿਆਰ ਹੋਵੇਗੀ ਅਤੇ ਇਸਦੇ ਨਾਲ ਹੀ ਚੰਗੀ ਕਿਸਮ ਦੀ ਖਾਦ ਵੀ ਬਣੇਗੀ। ਉਨ੍ਹਾਂ ਕਿਹਾ ਕਿ ਇਸ ਪਲਾਂਟ ਦੀ ਬਦੌਲਤ ਮਿੱਲਾਂ ਨੂੰ ਪ੍ਰੈੱਸ ਮੱਡ ਦੀ ਸਾਂਭ ਸੰਭਾਲ ਤੋਂ ਛੁਟਕਾਰਾ ਮਿਲ ਜਾਵੇਗਾ।
ਇਸ ਮੌਕੇ ਪਲਾਂਟ ਲਗਾਉਣ ਵਾਲੀ ਕੰਪਨੀ ਐੱਮ.ਈ.ਪੀ.ਐੱਲ. ਨਵੀਂ ਦਿੱਲੀ ਦੇ ਮਾਹਿਰਾਂ ਵੱਲੋਂ ਬਾਇਓ-ਸੀ.ਐੱਨ.ਜੀ. ਪਲਾਂਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਮਿੱਲ ਦੇ ਚੇਅਰਮੈਨ ਸ. ਸੁਖਵਿੰਦਰ ਸਿੰਘ ਕਾਹਲੋਂ ਨੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਪੁਨੀਤ ਗੋਇਲ ਐੱਮ.ਡੀ. ਸ਼ੂਗਰਫੈੱਡ, ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ, ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਡਾ. ਗੁਲਜ਼ਾਰ ਸਿੰਘ ਸੰਘੇੜਾ ਪ੍ਰਿੰਸੀਪਲ ਸਾਇੰਟਿਸਟ, ਡਾ. ਗੁਰਇਕਬਾਲ ਸਿੰਘ ਕਾਹਲੋਂ ਗੰਨਾ ਸਲਾਹਕਾਰ, ਖੰਡ ਮਿੱਲ ਦੇ ਵਾਈਸ ਚੇਅਰਮੈਨ ਬੇਅੰਤ ਸਿੰਘ, ਬੋਰਡ ਆਫ਼ ਡਾਇਰੈਕਟਰਜ਼ ਗੁਰਬਚਨ ਸਿੰਘ ਬਾਜਵਾ, ਗੁਰਵਿੰਦਰਪਾਲ ਸਿੰਘ ਕਾਹਲੋਂ, ਹਰਜਿੰਦਰ ਸਿੰਘ ਕਾਹਲੋਂ, ਬਲਵਿੰਦਰ ਕੌਰ ਕੋਟ ਅਹਿਮਦ ਖਾਂ, ਜਸਵੰਤ ਸਿੰਘ ਭੁੱਲਰ, ਸਵਿੰਦਰ ਸਿੰਘ ਰੰਧਾਵਾ, ਬਲਵਿੰਦਰ ਕੌਰ ਘੁੰਮਣ ਕਲਾਂ, ਮਿੱਲ ਦੇ ਸਮੂਹ ਅਧਿਕਾਰੀ ਕਰਮਚਾਰੀ ਅਤੇ ਇਲਾਕੇ ਦੇ ਕਿਸਾਨ ਹਾਜ਼ਰ ਸਨ।
Adv.


