ਬਟਾਲਾ, 1 ਅਪ੍ਰੈਲ ( ਅਮਰੀਕ ਮਠਾਰੂ ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਦੀ ਮਹਾਂਮਾਰੀ ਤੋਂ ਬਚਣ ਲਈ ਸਿਹਤ ਵਿਭਾਗ ਦੀਆਂ ਸਲਾਹਾਂ ਦੀ ਪਾਲਣਾ ਜਰੂਰ ਕਰਨ। ਉਨ੍ਹਾਂ ਕਿਹਾ ਕਿ 45 ਸਾਲ ਤੋਂ ਵੱਧ ਦੀ ਉਮਰ ਦੇ ਸਾਰੇ ਵਿਅਕਤੀ ਹੁਣ ਇੱਕ ਅਪ੍ਰੈਲ ਤੋਂ ਕੋਵਿਡ-19 ਵੈਕਸੀਨ ਲਗਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ ਕੁਝ ਹਫ਼ਤਿਆਂ ਤੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਵੱਡਾ ਵਾਧਾ ਹੋਇਆ ਹੈ ਅਤੇ ਰੋਜ਼ਾਨਾ 120-125 ਕੇਸ ਪਾਜਟਿਵ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਤਾਂ ਵਿੱਚ ਹਰ ਕਿਸੇ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਵਿਅਕਤੀ ਕੋਵਿਡ ਪਾਜਟਿਵ ਆ ਰਹੇ ਹਨ ਉਨ੍ਹਾਂ ਨੂੰ ਘਰਾਂ ਵਿੱਚ ਇਕਾਂਤਵਾਸ ਕਰਨ ਦੇ ਨਾਲ ਉਨ੍ਹਾਂ ਦੇ ਸੰਪਰਕਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਟੈਸਟ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਜਰੂਰ ਲਗਾਇਆ ਜਾਵੇ ਅਤੇ ਜੋ ਵਿਅਕਤੀ ਮਾਸਕ ਤੋਂ ਬਿਨ੍ਹਾਂ ਬਾਹਰ ਜਾਵੇਗਾ ਉਸ ਦਾ ਪੁਲਿਸ ਵੱਲੋਂ ਚਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਜਿਕ ਦੂਰੀ ਦੇ ਸਿਧਾਂਤ ਦੀ ਪਾਲਣਾ ਕਰਨ ਦੇ ਨਾਲ ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਤਾ ਜਾਵੇ। ਉਨ੍ਹਾਂ ਸਾਰੇ ਵਪਾਰਿਕ ਅਦਾਰਿਆਂ, ਬੈਂਕਾਂ, ਦਫ਼ਤਰਾਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨ੍ਹਾਂ ਮਾਸਕ ਤੋਂ ਕਿਸੇ ਵਿਅਕਤੀ ਨੂੰ ਅੰਦਰ ਨਾ ਆਉਣ ਦੇਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਦੇ ਖਤਰੇ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਐਕਸਨ ਪਲਾਨ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਪੂਰੇ ਯੋਜਨਾਬੱਧ ਢੰਗ ਨਾਲ ਕੋਵਿਡ-19 ਉੱਪਰ ਫ਼ਤਹਿ ਹਾਸਲ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਉੱਪਰ ਕੋਰੋਨਾ ਵੈਕਸੀਨ ਲਗਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਜਿਥੇ 45 ਸਾਲ ਤੋਂ ਵੱਧ ਉਮਰ ਦਾ ਹਰ ਵਿਅਕਤੀ ਵੈਕਸੀਨ ਲਗਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਲਗਾਉਣ ਵਾਲੀਆਂ ਟੀਮਾਂ ਨੂੰ ਹੋਰ ਵੀ ਵਧਾਇਆ ਜਾਵੇਗਾ।


