ਚੰਡੀਗੜ੍ਹ, 8 ਸਤੰਬਰ (ਅਮਰੀਕ ਮਠਾਰੂ,ਰੰ)-ਕੋਵਿਡ ਬਾਰੇ ਗੁੰਮਰਾਹਕੁੰਨ ਜਾਣਕਾਰੀ ਦੇਣ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਡੀ.ਜੀ.ਪੀ. ਨੂੰ ਨਿਰਦੇਸ਼ ਦਿੱਤੇ ਕਿ ਮਹਾਂਮਾਰੀ ਬਾਰੇ ਲੋਕਾਂ ‘ਚ ਅਫਵਾਹਾਂ ਫੈਲਾਉਣ ਅਤੇ ਕੋਵਿਡ ਬਾਰੇ ਝੂਠਾ ਪ੍ਰਚਾਰ ਕਰਨ ਵਾਲੇ ਵੈੱਬ ਚੈਨਲਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ | ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਇਹ ਵੀ ਆਖਿਆ ਕਿ ਵਿਦੇਸ਼ਾਂ ‘ਚ ਸਰਗਰਮ ਭਾਰਤ ਵਿਰੋਧੀ ਤੱਤਾਂ ਵਲੋਂ ਦਿੱਤੇ ਜਾਂਦੇ ਬਿਆਨਾਂ ਦੀ ਵੀ ਨਿਗਰਾਨੀ ਕੀਤੀ ਜਾਵੇ | ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਕੋਵਿਡ ਦੀ ਸਮੀਖਿਆ ਬਾਰੇ ਹੋਈ ਵਰਚੁਅਲ ਮੀਟਿੰਗ ‘ਚ ਡੀ.ਜੀ.ਪੀ. ਨੇ ਦੱਸਿਆ ਕਿ ਪਿਛਲੇ 10 ਦਿਨਾਂ ਦੇ ਅੰਦਰ (27 ਅਗਸਤ ਤੋਂ 7 ਸਤੰਬਰ ਤੱਕ) ਅਫਵਾਹਾਂ ਫੈਲਾਉਣ ਵਾਲਿਆਂ, ਗੁੰਮਰਾਹਕੁੰਨ ਵੀਡੀਓਜ਼ ਰਾਹੀਂ ਕੋਵਿਡ ਖ਼ਿਲਾਫ਼ ਵਿੱਢੀ ਜੰਗ ਵਿਚ ਅੜਿੱਕੇ ਢਾਹੁਣ ਅਤੇ ਲੋਕਾਂ ਨੂੰ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚ ਸਹੀ ਤਰੀਕੇ ਨਾਲ ਇਲਾਜ ਕਰਵਾਉਣ ਦੇ ਰਾਹ ਵਿਚ ਰੁਕਾਵਟ ਪੈਦਾ ਕਰਨ ਵਾਲਿਆਂ ਖ਼ਿਲਾਫ਼ 8 ਮਾਮਲੇ ਦਰਜ ਕੀਤੇ ਗਏ ਹਨ | ਇਨ੍ਹਾਂ ਕੇਸਾਂ ‘ਚੋਂ ਇਕ ਕੇਸ ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਵੀ ਦਰਜ ਕੀਤਾ ਗਿਆ ਹੈ |