ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀਆਂ 2280 ਅਸਾਮੀਆਂ ਭਰਨ ਸੰਬੰਧੀ ਪ੍ਰੀਕਿ੍ਰਆ ਸ਼ੁਰੂ : ਭੁਪਿੰਦਰਪਾਲ ਸਿੰਘ

ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀਆਂ 2280 ਅਸਾਮੀਆਂ ਭਰਨ ਸੰਬੰਧੀ ਪ੍ਰੀਕਿ੍ਰਆ ਸ਼ੁਰੂ : ਭੁਪਿੰਦਰਪਾਲ ਸਿੰਘ

ਬਟਾਲਾ, 26 ਮਾਰਚ ( ਅਮਰੀਕ ਮਠਾਰੂ ) – ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀਆਂ 2280 ਅਸਾਮੀਆਂ ਭਰਨ ਸਬੰਧੀ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਪ੍ਰੀਕਿ੍ਰਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਮੈਂਬਰ ਸ. ਭੁਪਿੰਦਰਪਾਲ ਸਿੰਘ ਭਗਤੂਪੁਰ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਦੀ ਨੀਤੀ ਤਹਿਤ ਬੋਰਡ ਵਲੋਂ ਜਲਦੀ ਹੀ ਲਗਭਗ 2280 ਅਸਾਮੀਆਂ ਲਈ ਇਸਤਿਹਾਰ ਜਾਰੀ ਕੀਤੇ ਜਾਣਗੇ।

ਮੈਂਬਰ ਸ. ਭਗਤੂਪੁਰ ਨੇ ਦੱਸਿਆ ਕਿ ਇਸ ਭਰਤੀ ਅਧੀਨ ਜੇਲ ਵਿਭਾਗ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਾਰਡਰ ਅਤੇ ਮੈਟਰਨ ਦੀਆਂ 847 ਅਸਾਮੀਆਂ, ਆਮ ਲੋਕਾਂ ਨੂੰ ਜਲਦ ਨਿਆਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਲੀਗਲ ਕਲਰਕ ਦੀਆਂ ਲਗਭਗ 199 ਅਸਾਮੀਆਂ, ਪੰਜਾਬ ਵਿੱਚ ਵਿੱਦਿਆ ਦਾ ਮਿਆਰ ਉੱਚਾ ਚੁੱਕਣ ਲਈ ਸਿੱਖਿਆ ਵਿਭਾਗ ਵਿੱਚ 807 ਲਾਇਬਰੇਰੀਅਨ ਦੀਆਂ ਅਸਾਮੀਆਂ, ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਉਦਯੋਗ ਤੇ ਕਾਮਰਸ ਵਿਭਾਗ ਵਿੱਚ ਉਚ ਉਦਯੋਗਿਕ ਉੱਨਤੀ ਅਫ਼ਸਰ ਦੀਆਂ 56 ਅਸਾਮੀਆਂ ਅਤੇ ਬਲਾਕ ਪੱਧਰ ਪ੍ਰਸਾਰ ਅਫਸਰ ਦੀਆਂ 61 ਅਸਾਮੀਆਂ, ਆਬਕਾਰੀ ਤੇ ਕਰ ਨਿਰੀਖਕ ਦੀਆਂ 51 ਅਸਾਮੀਆਂ, ਪੰਜਾਬ ਵੇਅਰਹਾਊਸਿੰਗ ਵਿੱਚ ਤਕਨੀਕੀ ਸਹਾਇਕ ਦੀਆਂ 120 ਅਸਾਮੀਆਂ ਤੋਂ ਇਲਾਵਾ ਸਮਾਜਿਕ ਸੁਰੱਖਿਆ ਵਿਭਾਗ ਵਿੱਚ ਸੁਪਰਵਾਈਜਰ ਦੀਆਂ 112 ਅਸਾਮੀਆਂ ਅਤੇ ਮੱਛੀ ਪਾਲਣ ਅਫਸਰ ਦੀਆਂ 27 ਅਸਾਮੀਆਂ ਸਮੇਤ ਲਗਭਗ 2280 ਅਸਾਮੀਆਂ ਦੀ ਭਰਤੀ ਸਬੰਧੀ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਵੇਗੀ।

ਸ. ਭੁਪਿੰਦਪਾਲ ਸਿੰਘ ਭਗਤੂਪੁਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਅਸਾਮੀਆਂ ਦੀ ਭਰਤੀ ਸਬੰਧੀ ਕੀਤੀ ਜਾਣ ਵਾਲੀ ਸਮੁੱਚੀ ਕਾਰਵਾਈ ਨੂੰ ਅਧੀਨ ਸੇਵਾਵਾਂ ਚੋਣ ਬੋਰਡ ਦੇ ਸਮੂਹ ਮੈਂਬਰਾਂ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਹੁਣ ਜਲਦ ਹੀ ਇਸਤਿਹਾਰ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਨਿਰਪੱਖਤਾ, ਪਾਰਦਰਸਤਾ ਅਤੇ ਘਰ-ਘਰ ਰੋਜ਼ਗਾਰ ਦੀ ਨੀਤੀ ਤੇ ਪਹਿਰਾ ਦਿੰਦੇ ਹੋਏ ਬੋਰਡ ਵਲੋਂ ਭਰਤੀ ਵਿੱਚ ਆਧੁਨਿਕ ਤਕਨੀਕ ਜਿਵੇਂ ਜੈਮਰ, ਬਾਇਓਮੈਟਰਿਕ, ਵੀਡੀਓਗ੍ਰਾਫੀ ਆਦਿ ਦੀ ਮਦਦ ਨਾਲ ਪ੍ਰੀਖਿਆਵਾਂ ਨੂੰ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਭਰਤੀ ਨਿਰੋਲ ਮੈਰਿਟ ’ਤੇ ਹੀ ਕੀਤੀ ਜਾਵੇਗੀ।

Leave a Reply

Your email address will not be published. Required fields are marked *