ਕੋਵਿਡ ਦਾ ਖਤਰਾ ਵੱਡਾ, ਹਰ ਕੋਈ ਰੱਖੇ ਸਾਵਧਾਨੀਆਂ – ਡਿਪਟੀ ਕਮਿਸ਼ਨਰ
ਲੋਕਾਂ ਨੂੰ ਮਾਸਕ ਪਾ ਕੇ ਰੱਖਣ ਅਤੇ ਸਰਕਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਦੀ ਅਪੀਲ
ਬਟਾਲਾ, (ਅਮਰੀਕ ਮਠਾਰੂ ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ-19 ਦੇ ਵੱਧਦੇ ਖਤਰੇ ਤੋਂ ਸੁਚੇਤ ਕਰਦਿਆਂ ਅਪੀਲ ਕੀਤੀ ਹੈ ਕਿ ਬਿਮਾਰੀ ਤੇਜੀ ਨਾਲ ਵੱਧ ਰਹੀ ਹੈ ਇਸ ਲਈ ਹਰ ਇਕ ਨਾਗਰਿਕ ਨੂੰ ਸਮਾਜ ਦੇ ਵੱਡੇ ਹਿੱਤਾਂ ਵਿਚ ਡਾਕਟਰੀ ਸਲਾਹਾਂ ਦਾ ਸਖ਼ਤੀ ਨਾਲ ਪਾਲਣਾ ਕਰਨਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਪਿੱਛਲੇ ਕੁਝ ਦਿਨਾਂ ਵਿਚ ਬਿਮਾਰੀ ਦਾ ਪਸਾਰ ਵਧੇਰੇ ਤੇਜੀ ਨਾਲ ਹੋਇਆ ਹੈ ਅਤੇ ਇਸ ਲਈ ਸਾਨੂੰ ਸਭ ਨੂੰ ਹੁਣ ਵਧੇਰੇ ਸਾਵਧਾਨੀ ਰੱਖਣ ਦੀ ਜਰੂਰਤ ਹੈ। ਉਨਾਂ ਨੇ ਜ਼ਿਲਾਂ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਸਮੇਂ ਮਾਸਕ ਪਾ ਕੇ ਰੱਖੋ, ਭੀੜ ਵਾਲੀਆਂ ਥਾਂਵਾਂ ’ਤੇ ਨਾ ਜਾਓ, ਸਮਾਜਿਕ ਦੂਰੀ ਰੱਖੋ ਅਤੇ ਵਾਰ ਵਾਰ ਹੱਥ ਧੋਂਦੇ ਰਹੋ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਕੋਵਿਡ ਦਾ ਟੈਸਟ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ਅਤੇ ਲੋਕ ਬਿਨਾਂ ਕਿਸੇ ਡਰ ਆਪਣਾ ਟੈਸਟ ਕਰਵਾਉਣ ਕਿਉਂਕਿ ਜੇਕਰ ਬਿਮਾਰੀ ਦਾ ਜਲਦੀ ਪਤਾ ਲੱਗ ਜਾਵੇ ਤਾਂ ਇਸਦਾ ਪਸਾਰ ਵੀ ਰੋਕਿਆ ਜਾ ਸਕਦਾ ਹੈ ਅਤੇ ਮਰੀਜ ਨੂੰ ਸਮੇਂ ਸਿਰ ਇਲਾਜ ਦੀ ਸਹੂਲਤ ਮਿਲ ਜਾਣ ਨਾਲ ਉਹ ਛੇਤੀ ਠੀਕ ਹੋ ਜਾਂਦਾ ਹੈ। ਉਨਾਂ ਨੇ ਕਿਹਾ ਕਿ ਸਾਂਝੇ ਯਤਨਾਂ ਨਾਲ ਹੀ ਅਸੀਂ ਮਿਸ਼ਨ ਫਤਿਹ ਨੂੰ ਕਾਮਯਾਬ ਕਰ ਸਕਦੇ ਹਾਂ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੈਕਸੀਨ ਦਾ ਟੀਕਾ ਵੀ ਜਰੂਰ ਲਗਾਉਣ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਇਹ ਟੀਕਾ ਮੁਫ਼ਤ ਲਗਾਇਆ ਜਾ ਰਿਹਾ ਹੈ। 60 ਸਾਲ ਤੋਂ ਵੱਡੀ ਉਮਰ ਦਾ ਕੋਈ ਵੀ ਵਿਅਕਤੀ ਅਤੇ 45 ਤੋਂ 59 ਸਾਲ ਉਮਰ ਦੇ ਬਿਮਾਰੀਆਂ ਤੋਂ ਪੀੜ੍ਹਤ ਲੋਕ ਡਾਕਟਰੀ ਸਲਾਹ ’ਤੇ ਇਹ ਟੀਕਾ ਲਗਵਾ ਸਕਦੇ ਹਨ।