ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਮਾਸਕ ਲਗਾਉਣ ਦੀ ਕੀਤੀ ਅਪੀਲ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਟਾਲਾ ਸ਼ਹਿਰ ਵਿੱਚ ਲੋਕਾਂ ਨੂੰ ਮੁਫ਼ਤ ਮਾਸਕ ਵੰਡੇ ਗਏ
ਬਟਾਲਾ, 19 ਮਾਰਚ ( ਅਮਰੀਕ ਮਠਾਰੂ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਣ ਲਈ ਹਰ ਵਿਅਕਤੀ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਜਰੂਰ ਲਗਾਵੇ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਜਿਥੇ ਮਾਸਕ ਲਾਜ਼ਮੀ ਤੌਰ ’ਤੇ ਲਗਾਉਣਾ ਚਾਹੀਦਾ ਹੈ ਓਥੇ ਘੱਟੋ-ਘੱਟ 6 ਫੁੱਟ ਦੀ ਸਮਾਜਿਕ ਦੂਰੀ ਦੀ ਪਾਲਣਾ ਕਰਨ ਦੇ ਹੱਥਾਂ ਨੂੰ ਬਾਰ-ਬਾਰ ਸਾਬਣ ਨਾਲ ਜਰੂਰ ਧੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਸਾਵਧਾਨੀਆਂ ਦੀ ਪਾਲਣਾ ਕਰਕੇ ਕੋਰੋਨਾ ਵਾਇਰਸ ਤੋਂ ਅਸਾਨੀ ਨਾਲ ਬਚਿਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਲੋਕਾਂ ਨੂੰ ਕੋਵਿਡ-19 ਬਾਰੇ ਜਾਗਰੂਕ ਜਰੂਰ ਕਰਨ ਤਾਂ ਜੋ ਜਾਗਰੂਕਤਾ ਲਿਆ ਕੇ ਇਸ ਬਿਮਾਰੀ ਦੇ ਪਸਾਰ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਜਿਹੜੇ ਵਿਅਕਤੀ ਮਾਸਕ ਨਹੀਂ ਲਗਾ ਰਹੇ ਉਨ੍ਹਾਂ ਦੇ ਚਲਾਨ ਕੱਟੇ ਜਾਣ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਢਿੱਲ-ਮੱਠ ਨਹੀਂ ਵਰਤੀ ਜਾਵੇਗੀ।
ਜ਼ਿਲ੍ਹੇ ਦੇ ਲੋਕਾਂ ਨੂੰ ਮਾਸਕ ਲਗਾਉਣ ਦੀ ਬੇਨਤੀ ਕਰਨ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਬਟਾਲਾ ਸ਼ਹਿਰ ਵਿੱਚ ਲੋਕਾਂ ਨੂੰ ਮੁਫ਼ਤ ਮਾਸਕ ਵੀ ਵੰਡੇ ਗਏ। ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਂਕਾਂ ਵਿੱਚ ਖੜ੍ਹ ਕੇ ਜਿਨ੍ਹਾਂ ਲੋਕਾਂ ਨੇ ਮਾਸਕ ਨਹੀਂ ਲਗਾਏ ਸਨ ਉਨ੍ਹਾਂ ਨੂੰ ਮੁਫ਼ਤ ਮਾਸਕ ਦਿੱਤੇ ਅਤੇ ਨਾਲ ਹੀ ਪ੍ਰੇਰਿਤ ਕੀਤਾ ਕਿ ਕੋਵਿਡ-19 ਦੀ ਬਿਮਾਰੀ ਤੋਂ ਬਚਣ ਲਈ ਮਾਸਕ ਜਰੂਰ ਲਗਾਇਆ ਜਾਵੇ।



