ਮਹਿਲਾ ਦਿਵਸ ਦੀਆਂ ਵਧਾਈਆਂ ਦੇਣ ਦੇ ਨਾਲ ਸ੍ਰੀਮਤੀ ਨਾਰੂ ਦੀ ਸਿਹਤ ਦਾ ਹਾਲ ਜਾਣਿਆ ਬਟਾਲਾ ਪੁਲਿਸ ਘਰਾਂ ਵਿੱਚ ਇਕੱਲੇ ਰਹਿ ਰਹੇ ਬਜ਼ੁਰਗਾਂ ਤੱਕ ਕਰੇਗੀ ਪਹੁੰਚ – ਐੱਸ.ਐੱਸ.ਪੀ. ਬਟਾਲਾ

 

ਜਦੋਂ ਐੱਸ.ਐੱਸ.ਪੀ. ਬਟਾਲਾ ਨੇ ਸਮਾਜ ਸੇਵਿਕਾ ਪ੍ਰਕਾਸ਼ ਕੌਰ ਨਾਰੂ ਦੇ ਘਰ ਜਾ ਕੇ ਕਿਹਾ ‘ਹੈਪੀ ਵੂਮੈਨਸ ਡੇਅ’ ਬੀਜ਼ੀ

ਮਹਿਲਾ ਦਿਵਸ ਦੀਆਂ ਵਧਾਈਆਂ ਦੇਣ ਦੇ ਨਾਲ ਸ੍ਰੀਮਤੀ ਨਾਰੂ ਦੀ ਸਿਹਤ ਦਾ ਹਾਲ ਜਾਣਿਆ

ਬਟਾਲਾ ਪੁਲਿਸ ਘਰਾਂ ਵਿੱਚ ਇਕੱਲੇ ਰਹਿ ਰਹੇ ਬਜ਼ੁਰਗਾਂ ਤੱਕ ਕਰੇਗੀ ਪਹੁੰਚ – ਐੱਸ.ਐੱਸ.ਪੀ. ਬਟਾਲਾ

ਬਟਾਲਾ, 8 ਮਾਰਚ (ਅਮਰੀਕ ਮਠਾਰੂ, ਰੰਜਨਦੀਪ ਸੰਧੂ ) – ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਅਤੇ ਐੱਸ.ਪੀ. ਹੈੱਡ-ਕੁਆਟਰ ਸ. ਗੁਰਪ੍ਰੀਤ ਸਿੰਘ ਗਿੱਲ ਵਿਸ਼ੇਸ਼ ਤੌਰ ’ਤੇ ਬਟਾਲਾ ਸ਼ਹਿਰ ਦੀ ਉੱਘੀ ਸਮਾਜ ਸੇਵਿਕਾ ਸ੍ਰੀਮਤੀ ਪ੍ਰਕਾਸ਼ ਕੌਰ ਨਾਰੂ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਉਨ੍ਹਾਂ ਨੂੰ ਮਹਿਲਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਬਟਾਲਾ ਦੀ 94 ਸਾਲਾ ਸਮਾਜ ਸੇਵਿਕਾ ਸ੍ਰੀਮਤੀ ਪ੍ਰਕਾਸ਼ ਕੌਰ ਨਾਰੂ ਸੰਨ 1971 ਤੋਂ ਔਰਤਾਂ ਦੀ ਭਲਾਈ ਲਈ ਕੰਮ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਵੱਲੋਂ ਹੀ ਬਟਾਲਾ ਵਿੱਚ ਆਲ ਇੰਡੀਆ ਵੂਮੈਨ ਕਾਨਫਰੰਸ ਦੀ ਸਥਾਪਨਾ ਕੀਤੀ ਗਈ ਸੀ। ਭਾਂਵੇ 94 ਸਾਲ ਦੀ ਬਜ਼ੁਰਗ ਅਵਸਥਾ ਕਾਰਨ ਉਨ੍ਹਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਹੈ ਪਰ ਉਹ ਅਜੇ ਵੀ ਔਰਤਾਂ ਦੀ ਭਲਾਈ ਅਤੇ ਉਨ੍ਹਾਂ ਦੇ ਹੱਕਾਂ ਲਈ ਆਪਣੀ ਜੱਦੋ-ਜਹਿਦ ਜਾਰੀ ਰੱਖ ਰਹੇ ਹਨ।

ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਸ਼੍ਰੀਮਤੀ ਪ੍ਰਕਾਸ਼ ਕੌਰ ਨਾਰੂ ਦੇ ਗ੍ਰਹਿ ਵਿਖੇ ਪਹੁੰਚ ਕੇ ਜਿਥੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਓਥੇ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਵੀ ਪੁੱਛਿਆ। ਐੱਸ.ਐੱਸ.ਪੀ. ਬਟਾਲਾ ਨੇ ਕਿਹਾ ਕਿ ਮਾਤਾ ਪ੍ਰਕਾਸ਼ ਕੌਰ ਨਾਰੂ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਬਹੁਤ ਖੁਸ਼ੀ ਹੋਈ ਹੈ ਅਤੇ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਬਾਰੇ ਜਾਣ ਕੇ ਨਵੀਂ ਊਰਜਾ ਮਿਲੀ ਹੈ। ਉਨ੍ਹਾਂ ਕਿਹਾ ਕਿ ਉਮਰ ਦੇ ਜਿਸ ਮੁਕਾਮ ਉੱਪਰ ਸ੍ਰੀਮਤੀ ਨਾਰੂ ਪਹੁੰਚ ਚੁੱਕੇ ਹਨ, ਉਸ ਉਮਰੇ ਬਜ਼ੁਰਗਾਂ ਨੂੰ ਖੁਦ ਸੇਵਾ ਦੀ ਲੋੜ ਹੁੰਦੀ ਹੈ ਪਰ ਇਹ ਸ੍ਰੀਮਤੀ ਨਾਰੂ ਦੀ ਸਮਰਪਣ ਭਾਵਨਾ ਹੈ ਕਿ ਉਹ ਸੇਵਾ ਕਰਵਾਉਣ ਦੀ ਉਮਰ ਵਿੱਚ ਵੀ ਸਮਾਜ ਦੀ ਸੇਵਾ ਕਰ ਰਹੇ ਹਨ।

ਇਸ ਮੌਕੇ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਸ੍ਰੀਮਤੀ ਪ੍ਰਕਾਸ਼ ਕੌਰ ਨੂੰ ਨਾਰੂ ਨੂੰ ਫੁੱਲਾਂ ਦਾ ਗੁਲਦਸਤਾ, ਮਿਠਆਈ ਦਾ ਡੱਬਾ ਅਤੇ ਇੱਕ ਸੂਟ ਤੋਹਫੇ ਵਜੋਂ ਭੇਟ ਕੀਤਾ। ਐੱਸ.ਐੱਸ.ਪੀ. ਬਟਾਲਾ ਨੇ ਕਿਹਾ ਕਿ ਬਟਾਲਾ ਵਾਸੀਆਂ ਨੂੰ ਸ੍ਰੀਮਤੀ ਪ੍ਰਕਾਸ਼ ਕੌਰ ਨਾਰੂ ਉੱਪਰ ਮਾਣ ਹੈ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਪਾਇਆ ਯੋਗਦਾਨ ਹੋਰ ਲੋਕਾਂ ਦਾ ਵੀ ਮਾਰਗ ਦਰਸ਼ਨ ਕਰਦਾ ਰਹੇਗਾ। ਉਨ੍ਹਾਂ ਸ੍ਰੀਮਤੀ ਨਾਰੂ ਦੇ ਲੰਬੇ ਅਤੇ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਕੋਲੋਂ ਅਸ਼ੀਰਵਾਦ ਵੀ ਲਿਆ।

ਇਸ ਮੌਕੇ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਦੱਸਿਆ ਕਿ ਬਟਾਲਾ ਪੁਲਿਸ ਵੱਲੋਂ ਇਕ ਵਿਸ਼ੇਸ਼ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਘਰਾਂ ਵਿੱਚ ਇਕੱਲੇ ਰਹਿ ਰਹੇ ਬਜ਼ੁਰਗਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ ਅਤੇ ਉਨ੍ਹਾਂ ਬਜ਼ੁਰਗਾਂ ਦੇ ਘਰ ਵਿੱਚ ਰੈਗੂਲਰ ਤੌਰ ’ਤੇ ਪੁਲਿਸ ਜਵਾਨ ਵਿਜ਼ਟ ਕਰਕੇ ਉਨ੍ਹਾਂ ਦੀ ਦੁੱਖ ਤਕਲੀਫਾਂ ਸੁਣ ਕੇ ਉਨ੍ਹਾਂ ਨੂੰ ਦੂਰ ਕਰਨਗੇ। ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਕਈ ਬਜ਼ੁਰਗ ਮਾਪਿਆਂ ਦੇ ਧੀਆਂ ਪੁੱਤ ਵਿਦੇਸ਼ ਹਨ ਜਾਂ ਕੰਮ-ਕਾਰ ਦੇ ਸਿਲਸਲੇ ਵਿੱਚ ਘਰ ਤੋਂ ਦੂਰ ਰਹਿੰਦੇ ਹਨ ਅਤੇ ਅਜਿਹੇ ਵਿੱਚ ਬਜ਼ੁਰਗ ਮਾਪੇ ਘਰਾਂ ਵਿੱਚ ਇਕੱਲੇ ਰਹਿੰਦੇ ਹਨ। ਅਜਿਹੇ ਬਜ਼ੁਰਗਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਇਸ ਲਈ ਬਟਾਲਾ ਪੁਲਿਸ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।

 

ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਟਾਲਾ ਇੰਦਰਜੀਤ ਸਿੰਘ, ਸਮਾਜ ਸੇਵੀ ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ ਅਤੇ ਪੁਲਿਸ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *