ਅੱਜ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਸਭ ਔਰਤਾਂ ਨੂੰ ਵਧਾਈ

ਇਸਤਰੀ ਦਿਵਸ ‘ਤੇ ਵਿਸ਼ੇਸ਼….

ਅੱਜ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਸਭ ਔਰਤਾਂ ਨੂੰ ਵਧਾਈ ਦਿੰਦੇ ਹੋਏ, ਪਿੰਡ ਝਲੂਰ ਜ਼ਿਲਾ ਬਰਨਾਲਾ ਦੀ ਉਭਰਦੀ ਹੋਣਹਾਰ ਸਖ਼ਸ਼ੀਅਤ ਗਗਨਦੀਪ ਧਾਲੀਵਾਲ ਜੀ ਨਾਲ ਰੂ-ਬਰੂ ਕਰਾਉਣ ਦਾ ਮਾਣ ਮਹਿਸੂਸ ਕਰ ਰਹੀ ਹਾਂ।

ਗਗਨ ਧਾਲੀਵਾਲ ਜੀ ਦਾ ਨਾਂ ਅੱਜ ਅਖ਼ਬਾਰਾਂ , ਰਸਾਲਿਆਂ ਅਤੇ ਸ਼ੋਸ਼ਲ ਮੀਡੀਆ ਉੱਤੇ ਚਮਕਦਾ ਮਿਲਦਾ ਹੈ। ਉਮਰ ਦੇ ਬਹੁਤ ਥੌੜੇ ਪੈਂਡੇ ਦੌਰਾਨ ਹੀ ਉਨ੍ਹਾਂ ਨੇ ਕਾਫ਼ੀ ਮੱਲਾਂ ਮਾਰੀਆਂ ਹਨ। ਅਧਿਆਪਕ ਹੋਣ ਦੇ ਨਾਲ-ਨਾਲ ਓਹ ਇਕ ਕਾਮਯਾਬ ਲੇਖਿਕਾ, ਸੰਪਾਦਕ, ਸਾਹਿਤਕਾਰ ਅਤੇ ਪੱਤਰਕਾਰ ਵਜੋਂ ਵੀ ਬਾ-ਖੂਬੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੀਆਂ ਰਚਨਾਵਾਂ ਵਿਚ ਹਰ ਤਰ੍ਹਾਂ ਦੇ ਵਿਸ਼ਿਆਂ ਦੀ ਝਲਕ ਦੇਖਣ ਨੂੰ ਮਿਲਦੀ ਹੈ। ਸਮਾਜਿਕ ਬੁਰਾਈਆਂ ਤੇ ਕੁਰੀਤੀਆਂ ਨੂੰ ਵੰਗਾਰਦੇ ਹਰਫ਼, ਰਿਸ਼ਤਿਆਂ ਵਿਚ ਪਿਆਰ, ਮੇਲ-ਮਿਲਾਪ ਤੇ ਅਪਣੱਤ ਨਾਲ ਭਰੇ ਗਗਨ ਹੁਰਾਂ ਦੇ ਆਰਟੀਕਲ ਸਮਾਜ ਨੂੰ ਅਤੇ ਖਾਸ ਕਰ ਨਵੀਂ ਪੀੜੀ ਨੂੰ ਸੁਚੱਜੀ ਸੇਧ ਦਿੰਦੇ ਹਨ। ਆਪਣੀ ਸਾਹਿਤਕ ਭੂਮਿਕਾ ਨਿਭਾਉਂਦੇ ਹੋਏ, ਹੁਣ ਤੱਕ ਓਹ ਅੱਠ ਕਾਵਿ-ਸੰਗ੍ਰਹਿ ਬਤੌਰ ਸੰਪਾਦਕ ਲੋਕ ਅਰਪਣ ਕਰ ਚੁਕੇ ਹਨ। ਜਨਰਲ ਸਕੱਤਰ
(ਮਹਿਲਾ- ਕਾਵਿ ਮੰਚ,ਪੰਜਾਬ) ਵਜੋਂ ਸੇਵਾ ਨਿਭਾਉਂਦੇ ਹੋਏ, ਸਰਗਰਮ ਵਿਸ਼ਿਆਂ ਉੱਤੇ ਸਮੇਂ-ਸਮੇ ‘ਤੇ ਕਵੀ ਦਰਬਾਰ ਵੀ ਕਰਾਉਂਦੇ ਰਹਿੰਦੇ ਹਨ,ਜਿਸ ਵਿਚ ਹਰ ਸਾਹਿਤਕਾਰ ਨੂੰ ਆਪਣੀਆਂ ਰਚਨਾਵਾਂ ਪੇਸ਼ ਕਰਨ ਦਾ ਮੌਕਾ ਮਿਲਦਾ ਹੈ।
ਗਗਨਦੀਪ ਧਾਲੀਵਾਲ ਜੀ ਨੂੰ ਕਈ ਅਵਸਰਾਂ ‘ਤੇ ਵੱਖ-ਵੱਖ ਸੰਸਥਾਵਾਂ ਅਤੇ ਉੱਘੀਆਂ ਸਖ਼ਸ਼ੀਅਤਾਂ ਵਲੋਂ ਕਾਫ਼ੀ ਸਨਮਾਨਾਂ ਤੇ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਹੈ। ਦੋਸਤੋ, ਕਾਮਯਾਬੀ ਇਕ ਦਿਨ ਵਿਚ ਨਸੀਬ ਨਹੀਂ ਹੁੰਦੀ….., ਘੱਟ ਸਮੇਂ ਵਿਚ ਵੱਡੀ ਸਫ਼ਲਤਾ ਹਾਸਿਲ ਕਰਨ ਦੇ ਪਿੱਛੇ ਲੁਕੀ ਮਿਹਨਤ ਨੂੰ ਅਣਗੋਲਿਆ ਨਹੀਂ ਜਾ ਸਕਦਾ। ਗਗਨ ਜੀ ਸਫ਼ਲਤਾ ਦੀ ਜਿਸ ਚੋਟੀ ‘ਤੇ ਅੱਜ ਪਹੁੰਚੇ ਹਨ, ਇਸ ਪਿੱਛੇ ਕੀਤੀ ਉਨ੍ਹਾਂ ਦੀ ਦਿਨ ਰਾਤ ਦੀ ਮਿਹਨਤ ਅਤੇ ਸੰਘਰਸ਼ ਦੀ ਸ਼ਲਾਘਾ ਕਰਨੀ ਤਾਂ ਬਣਦੀ ਹੈ….। ਉਨ੍ਹਾਂ ਆਪਣਾ ਹੀ ਨਹੀਂ ਬਲਕਿ ਆਪਣੇ ਮਾਪਿਆਂ ਦਾ, ਪਿੰਡ ਝਲੂਰ ਦਾ ਅਤੇ ਪੂਰੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਇਹੋ ਜਿਹੀ ਧੀ ਪਰਮਾਤਮਾ ਹਰ ਮਾਂ-ਪਿਓ ਦੀ ਝੋਲੀ ਪਾਏ…!
ਅੱਜ ਦੇ ਇਸ ਖਾਸ ਦਿਹਾੜੇ ‘ਤੇ ਭੈਣ ਗਗਨਦੀਪ ਧਾਲੀਵਾਲ ਜੀ ਨੂੰ ਉਨ੍ਹਾਂ ਦੀ ਵਿਲੱਖਣ ਸਫ਼ਲਤਾ ਦੇ ਲਈ ਵਧਾਈ ਦਿੰਦੇ ਹੋਏ ਸ਼ੁੱਭ ਇਛਾਵਾਂ ਭੇਟ ਕਰਦੀ ਹਾਂ ਅਤੇ ਅਰਦਾਸ ਕਰਦੀ ਹਾਂ ਕਿ ਓਹ ਭਵਿੱਖ ਵਿਚ ਹੋਰ ਵੀ ਸਫ਼ਲਤਾ ਪ੍ਰਾਪਤ ਕਰਕੇ ਮਾਪਿਆਂ ਦਾ ਨਾਂ ਇੰਝ ਹੀ ਰੁਸ਼ਨਾਉਂਦੇ ਰਹਿਣ ਅਤੇ ਹਰ ਧੀ ਲਈ ਪ੍ਰੇਰਨਾ ਸਰੋਤ ਬਣਦੇ ਰਹਿਣ….!
ਮੁਹੱਬਤਾਂ ਅਤੇ ਦਿਲੀ ਦੁਆਵਾਂ!

__ਹਰਜਿੰਦਰ ਕੌਰ ਗੋਲੀ।

Leave a Reply

Your email address will not be published. Required fields are marked *