ਇਹ ਰੌਣਕ ,ਇਹ ਜਲਸਾ,ਇਹ ਬੁਲਾਰੇ,ਇਹ ਜੋਸ਼ੋ ਬਿਆਨ
ਕੀ ਹੋ ਗਿਆ ਮਰਦ ਨੂੰ,ਕਿਓਂ ਹੈ ਔਰਤ ਤੇ ਏਨਾ ਮਿਹਰਬਾਨ
ਕਹਿ ਰਿਹਾ ਉਸਨੂੰ ਜੱਗ ਜਨਨੀ ਬਹੁਤ ਮਹਾਨ।
ਇਸਨੇ ਹੀ ਸਿਰਜਣਾ ਨਵਾਂ ਇਕ ਜਹਾਨ
ਤਿਆਗ ਦੀ ਹੈ ਮੂਰਤ ਕਰੇ ਆਪੇ ਨੂੰ ਕੁਰਬਾਨ
ਇਸਦੀ ਕੁੱਖ ਨੇ ਜਾਏ ਮਹਾਪੁਰਸ਼ ਤੇ ਵਿਦਵਾਨ।
ਮੇਰੇ ਦੋਸਤ ਤੂੰ ਵੀ ਹੁਣ ਤਕਰੀਰ ਕਰੇਗਾ
ਔਰਤ ਦੇ ਹਕ ਵਿੱਚ ਤਹਿਰੀਰ ਪੜੇਗਾ
ਉਸਨੂੰ ਰੱਬ ਦੀ ਸੁੱਚੀ ਤਸਵੀਰ ਕਹੇਗਾ।
ਥੌੜੀ ਦੇਰ ਬਾਅਦ ਨੇਤਾ ਸਭ ਘਰਾਂ ਨੂੰ ਤੁਰ ਜਾਣਗੇ
ਆਪਣੇ ਰੋਸ਼ਨ ਖਿਆਲ ਸਭ ਏਥੇ ਹੀ ਛੱਡ ਜਾਣਗੇ
ਕੀ ਕਿਹਾ,ਕੀ ਸੁਣਿਆ,ਸਭ ਏਥੇ ਹੀ ਸੁੱਟ ਜਾਣਗੇ ।
ਪਰ ਇਹ ਸਿਲਸਿਲਾ ਇਹ ਸਿਤਮ ਅਜੇ ਵੀ ਜਾਰੀ ਹੈ
ਮਰਦ ਦੀ ਦਾਬ ਉਸਦੇ ਮਨ ਤੇ ਅਜੇ ਵੀ ਭਾਰੀ ਹੈ
ਤਨ ਉਸਦੇ ਤੇ ਅਜੇ ਵੀ ਮਰਦ ਦੀ ਮੁਖਤਿਆਰੀ ਹੈ।
ਕਤਲ ਕਰੇ ਕੁੱਖ ਤੇ ਰੋਏ ਵੀ ਨਾ,ਉਸਦੀ ਲਾਚਾਰੀ ਹੈ
ਵਸਤੂ ਹੈ ਉਹ ਮਰਦ ਦੀ ,ਨਾ ਕਿ ਉਹ ਨਾਰੀ ਹੈ
ਬੇਕਸ ਜਿਉਂਦੀ ਹੈ ਬੇਬਸੀ ਦੀ ਮਾਰੀ ਹੈ।
ਮੇਰੇ ਲੋਕੋ,ਛੱਡੋ ਇਹ ਖੇਖਨ,ਇਹ ਝੂਠ ,ਫਰੇਬ
ਨਾ ਕਹੋ ਇਸਨੂੰ ਦੇਵੀ,ਇਸਨੂੰ ਔਰਤ ਹੀ ਰਹਿਣ ਦਿਓ
ਆਜਾਦ ਕਰੋ ਇਸਨੂੰ ਤੇ ਖੁਦ ਹੀ ਜੀ ਲੈਣ ਦਿਓ
ਜਿੰਦਗੀ ਦਾ ਕੁੱਝ ਤੇ ਅਮ੍ਰਿਤ ਇਸਨੂੰ ਪੀ ਲੈਣ ਦਿਓ।
ਸਤਿੰਦਰ ਕੋਰ ਕਾਹਲੋਂ ਬਟਾਲਾ
Adv.

