ਬਟਾਲਾ, 5 ਮਾਰਚ ( ਅਮਰੀਕ ਮਠਾਰੂ ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਸਾਰੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਸਰਕਾਰ ਦੀ ਮੁਫ਼ਤ ਬੀਮਾ ਯੋਜਨਾ ਦਾ ਲਾਭ ਉਠਾਉਣ ਲਈ ਆਪਣੇ ਕਾਰਡ ਜਰੂਰ ਬਣਾਉਣ। ਉਨ੍ਹਾਂ ਕਿਹਾ ਕਿ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਜ਼ਿਲ੍ਹੇ ਵਿੱਚ ਵੱਖ-ਵੱਖ ਥਾਈਂ ਵਿਸ਼ੇਸ਼ ਕੈਂਪ ਲਗਾਏ ਗਏ ਹਨ ਅਤੇ ਇਸ ਤੋਂ ਇਲਾਵਾ 40 ਸੇਵਾ ਕੇਂਦਰਾਂ ਅਤੇ 288 ਕਾਮਨ ਸਰਵਿਸ ਸੈਂਟਰਾਂ ਅਤੇ ਜਿਲੇ ਦੀਆਂ ਮਾਰਕਿਟ ਕਮੇਟੀਆਂ ਗੁਰਦਾਸਪੁਰ, ਦੀਨਾਨਗਰ, ਧਾਰੀਵਾਲ, ਕਾਹਨੂੰਵਾਨ, ਕਲਾਨੋਰ, ਸ੍ਰੀ ਹਰਗੋਬਿੰਦਪੁਰ, ਕਾਦੀਆਂ, ਬਟਾਲਾ, ਡੇਰਾ ਬਾਬਾ ਨਾਨਕ ਅਤੇ ਫ਼ਤਿਹਗੜ੍ਹ ਚੂੜੀਆਂ ਵਿਖੇ ਵੀ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਮਨ ਸਰਵਿਸ ਸੈਂਟਰ ਵਲੋਂ ਲਗਾਏ ਜਾਣ ਵਾਲੇ ਕੈਂਪਾਂ ਸਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਇੰਚਾਰਜ ਪ੍ਰਵੀਨ ਕੁਮਾਰ ਦੇ ਮੋਬਾਇਲ ਨੰਬਰ 78378-10909 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਲਾਭਪਾਤਰੀਆਂ ਕੋਲ ਪਰਿਵਾਰਕ ਦਸਤਾਵੇਜ਼ ਨਹੀਂ ਹਨ, ਉਨਾਂ ਨੂੰ ਸੂਬਾ ਸਰਕਾਰ ਨੇ ਰਾਹਤ ਪ੍ਰਦਾਨ ਕਰਦਿਆਂ ਕਿਹਾ ਗਿਆ ਹੈ ਕਿ ਉਹ ਸਰਪੰਚ/ਨਗਰ ਕੌਂਸਲਰ ਦੁਆਰਾ ਤਸਦੀਕ ਕੀਤਾ ਹੋਇਆ ਪਰਿਵਾਰਕ ਘੋਸ਼ਣਾ ਪੱਤਰ ਕਾਮਨ ਸਰਵਿਸ ਸੈਂਟਰ, ਸੇਵਾ ਕੇਂਦਰਾਂ ਜਾਂ ਮਾਰਕੀਟ ਕਮੇਟੀਆਂ ਵਿਖੇ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਫਾਰਮ ਵੈਬਸਾਈਟ www.sha.punjab.gov.in. ’ਤੇ ਉਪਲਬਧ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਸਰਕਾਰ ਵਲੋਂ ਇਸ ਸਕੀਮ ਅਧੀਨ 828 ਸੂਚੀਬੱਧ ਹਸਪਤਾਲਾਂ (ਸਰਕਾਰੀ 208, ਪ੍ਰਾਈਵੇਟ 587 ਅਤੇ ਭਾਰਤ ਸਰਕਾਰ: 33) ਵਿੱਚ 1579 ਟ੍ਰੀਟਮੈਂਟ ਪੈਕੇਜਿਸ ਲਈ ਦੂਜੇ ਅਤੇ ਤੀਜੇ ਦਰਜੇ (ਮਲਟੀ ਸਪੈਸ਼ਲਿਸਟ ਹਸਪਤਾਲਾਂ ਵਿੱਚ ਮਿਲਣ ਵਾਲੀਆਂ ਇਲਾਜ ਸੇਵਾਵਾਂ) ਦੀਆਂ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਧਾਰਕ ਜ਼ਿਲ੍ਹੇ ਦੇ 10 ਸਰਕਾਰੀ ਅਤੇ 21 ਪ੍ਰਾਈਵੇਟ ਇੰਪੈਨਲਡ ਹਸਪਤਾਲਾਂ ਵਿਚ ਆਪਣਾ 5 ਲੱਖ ਰੁਪਏ ਤਕ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ।

