18 ਲੱਖ ਰੁਪਏ ਨਾਲ ਵਿਕਸਤ ਹੋਇਆ ਪਿੰਡ ਦਾ ਛੱਪੜ ਪੇਸ਼ ਕਰ ਰਿਹਾ ਖੂਬਸੂਰਤ ਝੀਲ ਦਾ ਨਜ਼ਾਰਾ ਥਾਪਰ ਮਾਡਲ ਤਹਿਤ ਵਿਕਸਤ ਹੋਏ ਖੋਖਰ ਫ਼ੌਜੀਆਂ ਦੇ ਛੱਪੜ ਨੇ ਪਿੰਡ ਦੀ ਖੂਬਸੂਰਤੀ ਵਿੱਚ ਵਾਧਾ ਕੀਤਾ

ਥਾਪਰ ਮਾਡਲ ਤਹਿਤ ਵਿਕਸਤ ਹੋਏ ਖੋਖਰ ਫ਼ੌਜੀਆਂ ਦੇ ਛੱਪੜ ਨੇ ਪਿੰਡ ਦੀ ਖੂਬਸੂਰਤੀ ਵਿੱਚ ਵਾਧਾ ਕੀਤਾ

18 ਲੱਖ ਰੁਪਏ ਨਾਲ ਵਿਕਸਤ ਹੋਇਆ ਪਿੰਡ ਦਾ ਛੱਪੜ ਪੇਸ਼ ਕਰ ਰਿਹਾ ਖੂਬਸੂਰਤ ਝੀਲ ਦਾ ਨਜ਼ਾਰਾ

ਬਟਾਲਾ, 3 ਮਾਰਚ  – ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ

ਦੀ ਅਗਵਾਈ ਵਿੱਚ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਦੇ ਛੱਪੜਾਂ ਦਾ ਅਜਿਹਾ ਨਵੀਨੀਕਰਨ ਕੀਤਾ ਗਿਆ ਹੈ ਕਿ ਹੁਣ ਪਿੰਡਾਂ ਦੇ ਛੱਪੜ ਖੂਬਸੂਰਤ ਝੀਲਾਂ ਵਾਂਗ ਦਿਖਾਈ ਦਿੰਦੇ ਹਨ। ਇਸਤੋਂ ਪਹਿਲਾਂ ਇਹੀ ਛੱਪੜ ਸਫ਼ਾਈ ਨਾ ਹੋਣ ਕਾਰਨ ਨੱਕੋ-ਨੱਕੀ ਗਾਰ ਨਾਲ ਭਰੇ ਹੋਏ ਸਨ ਅਤੇ ਗੰਦੇ ਪਾਣੀ ਦੀ ਨਿਕਾਸੀ ਪਿੰਡਾਂ ਦੀ ਸਭ ਤੋਂ ਵੱਡੀ ਸਮੱਸਿਆ ਸੀ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ

ਦੀ ਦੇਖ-ਰੇਖ ਹੇਠ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਛੱਪੜਾਂ ਦੀ ਕਾਇਆ ਕਲਪ ਹੋ ਰਹੀ ਹੈ। ਜ਼ਿਲ੍ਹੇ ਵਿੱਚ ਛੱਪੜਾਂ ਦਾ ਥਾਪਰ ਮਾਡਲ ਤਹਿਤ ਨਵੀਨੀਕਰਨ ਕੀਤਾ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਵਿੱਚ ਛੱਪੜਾਂ ਦੇ ਹੋਏ ਨਵੀਨੀਕਰਨ ਦੀ ਮਿਸਾਲ ਬਟਾਲਾ ਬਲਾਕ ਦੇ ਪਿੰਡ ਖੋਖਰ ਫੌਜੀਆਂ ਦੇ ਛੱਪੜ ਤੋਂ ਦੇਖੀ ਜਾ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ਇਸ ਛੱਪੜ ਨੂੰ ਥਾਪਰ ਮਾਡਲ ਤਹਿਤ ਵਿਕਸਤ ਕਰਨ ਉੱਪਰ 18 ਲੱਖ ਰੁਪਏ ਖਰਚੇ ਗਏ ਹਨ।

ਪਿੰਡ ਦੀ ਸਰਪੰਚ ਜਤਿੰਦਰ ਕੌਰ ਨੇ ਦੱਸਿਆ ਕਿ ਮਨਰੇਗਾ ਯੋਜਨਾ ਤਹਿਤ ਉਨ੍ਹਾਂ ਦੇ ਪਿੰਡ ਦੇ ਛੱਪੜ ਨੂੰ ਥਾਪਰ ਮਾਡਲ ਤਹਿਤ ਵਿਕਸਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਛੱਪੜ ਦੀ ਸਫ਼ਾਈ ਕਰਕੇ ਇਸਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਅਤੇ ਇਸਦੇ ਕਿਨਾਰਿਆਂ ਨੂੰ ਪੱਕਿਆਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਛੱਪੜ ਦੇ ਪਾਣੀ ਨੂੰ ਖੇਤੀ ਲਈ ਵਰਤਿਆ ਜਾਵੇਗਾ ਜਿਸ ਨਾਲ ਜ਼ਮੀਨ ਹੇਠਲੇ ਪਾਣੀ ਦੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ ਛੱਪੜ ਦੇ ਕੰਡਿਆਂ ’ਤੇ ਇੰਟਰਲਾਕ ਟਾਇਲ ਲਗਾ ਕੇ ਇਸਨੂੰ ਸੈਰਗਾਹ ਦੇ ਤੌਰ ’ਤੇ ਵਿਕਸਤ ਕੀਤਾ ਗਿਆ ਹੈ।

ਸਰਪੰਚ ਜਤਿੰਦਰ ਕੌਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿੰਡ ਦੇ ਛੱਪੜ ਦੀ ਹਾਲਤ ਬਹੁਤ ਖਰਾਬ ਸੀ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਪਰੇਸ਼ਾਨੀ ਦਾ ਸਬੱਬ ਸੀ। ਉਨ੍ਹਾਂ ਕਿਹਾ ਕਿ ਹੁਣ ਥਾਪਰ ਮਾਡਲ ਤਹਿਤ ਛੱਪੜ ਦੀ ਨੁਹਾਰ ਬਦਲ ਗਈ ਹੈ ਜਿਸ ਲਈ ਉਹ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਧੰਨਵਾਦੀ ਹਨ।

Leave a Reply

Your email address will not be published. Required fields are marked *