60 ਸਾਲ ਤੋਂ ਉੱਪਰ ਵਾਲੇ ਵਿਅਕਤੀ ਅਤੇ 45 ਸਾਲ ਤੋਂ 59 ਸਾਲ ਤੱਕ ਕਿਸੇ ਵੀ ਕਰੋਨਿਕ ਬਿਮਾਰੀ ਨਾਲ ਪੀੜ੍ਹਤ ਵਿਅਕਤੀਆਂ ਨੂੰ ਲੱਗ ਰਹੀ ਹੈ ਵੈਕਸੀਨ – ਡਾ. ਭੱਲਾ
ਬਟਾਲਾ,( ਅਮਰੀਕ ਮਠਾਰੂ) – ਕੋਵਿਡ-19 ਵੈਕਸੀਨ ਦਾ ਅਗਲਾ ਪੜਾਅ ਸ਼ੁਰੂ ਹੋ ਗਿਆ ਹੈ ਅਤੇ ਇਸ ਪੜਾਅ ਵਿੱਚ 60 ਸਾਲ ਤੋਂ ਉੱਪਰ ਵਾਲੇ ਵਿਅਕਤੀ ਅਤੇ 45 ਸਾਲ ਤੋਂ 59 ਸਾਲ ਤੱਕ ਕਿਸੇ ਵੀ ਕਰੋਨਿਕ ਬਿਮਾਰੀ ਨਾਲ ਸਬੰਧਤ ਵਿਅਕਤੀਆਂ ਨੂੰ ਕੋਵਿਡ-19 ਤੋਂ ਬਚਾਅ ਦੇ ਟੀਕੇ ਲਗਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਡਾ. ਸੰਜੀਵ ਭੱਲਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਵੈਕਸੀਨੇਸ਼ਨ ਨੂੰ ਕਾਮਯਾਬ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ਅਤੇ ਸਿਵਲ ਹਸਪਤਾਲ ਬਟਾਲਾ ਵਿਖੇ ਮੁਫ਼ਤ ਵੈਕਸੀਨ ਲਗਾਈ ਜਾ ਰਹੀ ਹੈ।
ਡਾ. ਭੱਲਾ ਨੇ ਦੱਸਿਆ ਕਿ 1 ਮਾਰਚ ਤੋਂ 60 ਸਾਲ ਤੋਂ ਉੱਪਰ ਵਾਲੇ ਵਿਅਕਤੀ ਅਤੇ 45 ਸਾਲ ਤੋਂ 59 ਸਾਲ ਤੱਕ ਕਿਸੇ ਵੀ ਕਰੋਨਿਕ ਬਿਮਾਰੀ ਜਿਵੇਂ ਦਿਲ, ਕੈਂਸਰ, ਸ਼ੂਗਰ, ਗੁਰਦੇ ਅਤੇ ਲੀਵਰ ਦੀ ਬੀਮਾਰੀ ਵਾਲੇ ਮਰੀਜ਼ ਆਪਣੇ ਰਜ਼ਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਵਲੋਂ ਸਰਟੀਫਿਕੇਟ ਲੈ ਕੇ ਵੈਕਸੀਨ ਲਗਵਾ ਸਕਦੇ ਹਨ। ਉਹਨਾਂ ਨੇ ਦੱਸਿਆ ਕਿ ਵੈਕਸੀਨ ਲਗਾਉਣ ਲਈ ਕੋਵਿਨ ਜੀ, ਅਰੋਗਿਯਾ ਸੇਤੂ ਐਪ ਉੱਤੇ ਰਜਿਸਟਰੇਸ਼ਨ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ 250/- ਰੁਪਏ ਦੇ ਕੇ ਕੋਵਿਡ-19 ਵੈਕਸੀਨ ਲਗਾਈ ਜਾ ਸਕਦੀ ਹੈ ਅਤੇ ਇਹਨਾਂ ਪ੍ਰਾਈਵੇਟ ਹਸਪਤਾਲਾਂ ਦੀ ਲਿਸਟ ਕੋਵਿਨ ਐਪ ਵਿੱਚ ਪਾਈ ਗਈ ਹੈ। ਡਾ. ਭੱਲਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਕੋਵਿਡ-19 ਦੀ ਵੈਕਸੀਨ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।