
ਜ਼ਿੰਦਗੀ ਚਣੌਤੀਆਂ ਭਰਪੂਰ ਹੈ,ਸੰਘਰਸ਼ ਦਾ ਨਾਮ ਹੀ ਜ਼ਿੰਦਗੀ ਹੈ।
ਜ਼ਿੰਦਗੀ ਇੱਕ ਕਲਾ ਹੈ ਇੱਕ ਸੰਗੀਤ ਹੈ। ਜਿਸਨੂੰ ਹਰ ਕੋਈ ਗੁਣਗੁਣਾਉਂਦਾ ਹੈ । ਜ਼ਿੰਦਗੀ ਬਹੁਤ ਕੁੱਝ ਸਿਖਾਉਦੀ ਹੈ।ਜ਼ਿੰਦਗੀ ‘ਚ ਅਸੀਂ ਜੋ ਚਾਹੁੰਦੇ ਹਾਂ ਉਹ ਸਾਨੂੰ ਆਸਾਨੀ ਨਾਲ ਨਹੀਂ ਮਿਲਦਾ ਪਰ ਇਕ ਸੱਚ ਇਹ ਵੀ ਹੈ ਕਿ ਅਸੀਂ ਓਹੀ ਚਾਹੁੰਦੇ ਹਾਂ ਜੋ ਆਸਾਨ ਨਹੀਂ ਹੁੰਦਾ। ਜਿੰਦਗੀ ਜਿੰਦਾਦਿਲੀ ਦਾ ਨਾਮ ਹੈ । ਦੁੱਖ ਅਤੇ ਸੁੱਖ ਜਿੰਦਗੀ ਵਿਚ ਨਾਲ ਨਾਲ ਚਲਦੇ ਹਨ। ਪਰ ਜਿੰਦਗੀ ਨੂੰ ਵੱਡਾ ਘਟੀਆ ਬਣਾਉਣਾ ਮਨੁੱਖ ਦੇ ਆਪਣੇ ਹੱਥ ਹੁੰਦਾ ਹੈ । ਕਈ ਲੋਕ ਛੋਟੀਆਂ ਛੋਟੀਆਂ ਗੱਲਾਂ ਵਿਚ ਵੀ ਵੱਡੀਆਂ ਖੁਸ਼ੀਆਂ ਲੱਭ ਲੈਂਦੇ ਹਨ ਅਤੇ ਕਈ ਵੱਡੀਆਂ ਖੁਸ਼ੀਆਂ ਨੂੰ ਵੀ ਅਜਾਈਂ ਗਵਾ ਦਿੰਦੇ ਹਨ । ਜੋ ਕੁੱਝ ਵੀ ਕੋਲ ਮੌਜੂਦ ਹੈ ਉਸਨੂੰ ਮਾਨਣ ਦੀ ਥਾਂ , ਜੋ ਕੋਲ ਨਹੀਂ ਦਾ ਰੋਣਾ ਰੋਂਦੇ ਰਹਿੰਦੇ ਹਨ ਮਨੁੱਖ ਦੇ ਜਨਮ ਤੋਂ ਲੈ ਕੇ ਮਾਰਨ ਦੇ ਵਿਚਕਾਰ , ਬਚਪਨ ਤੋਂ ਜਵਾਨੀ , ਜਵਾਨੀ ਤੋਂ ਬੁਢਾਪਾ ਆਦਿ ਤੱਕ ਦਾ ਸਫ਼ਰ ਤੈਅ ਕਰਦਿਆਂ ਜਿਹੜਾ ਸਮਾਂ ਆ ਜਾਂਦਾ ਹੈ , ਓਹੀ ਜਿੰਦਗੀ ਹੈ । ਕਹਿੰਦੇ ਹਨ ਕਿ ਜ਼ਿੰਦਗੀ ਤਿੰਨ ਤਰ੍ਹਾਂ ਦੀ ਹੁੰਦੀ ਹੈ।ਕਈ ਲੋਕ ਵਿਹਲੇ ਰਹਿ ਕੇ ਹੀ ਜ਼ਿੰਦਗੀ ਜਿਉਂਦੇ ਹਨ ਸਮਾਂ ਬਹੁਤ ਹੁੰਦਾ ਹੈ ਉਹਨਾਂ ਕੋਲ ਪਰ ਉਸਦਾ ਸਦ ਉਪਯੋਗ ਨਹੀਂ ਕਰਦੇ ਨਾ ਹੀ ਉਹਨਾ ਕੋਲ ਜ਼ਿੰਦਗੀ ਚਲਾਉਣ ਦਾ ਕੋਈ ਸਾਧਨ ਹੁੰਦਾ ।ਉਹ ਆਰਥਿਕ ਪੱਖੋਂ ਕਮਜ਼ੋਰ ਹੋ ਜਾਂਦੇ ਹਨ।ਕਿਉਂਕਿ ਜਿਸ ਸਮੇਂ ਉਹਨਾਂ ਨੇ ਮਿਹਨਤ ਕਰਨੀ ਸੀ ਤੇ ਉਹ ਸਮਾਂ ਵਿਹਲੇ ਰਹਿ ਕੇ ਗੁਜ਼ਾਰ ਦਿੰਦੇ ਹਨ ।ਤੇ ਜਦੋਂ ਲੋੜ ਹੁੰਦੀ ਹੈ ਤਾਂ ਉਦੋ ਇਹਨਾ ਕੋਲ ਕੁੱਝ ਨਹੀਂ ਹੁੰਦਾ ਨਾ ਹੀ ਸ਼ਮਾ ਨਾ ਹੀ ਪੈਸਾ।ਕਈ ਵਾਰ ਲੋਕਾਂ ਕੋਲ ਸੁਪਨੇ ਪੂਰੇ ਕਰਨ ਲਈ ਪੈਸਾ ਹੁੰਦਾ ਹੈ ਪਰ ਸਮਾਂ ਨਹੀਂ।ਉਹ ਆਪਣੀ ਮੰਜਿਲ ਵੀ ਪਾ ਲੈਂਦੇ ਹਨ ਤੇ ਫਿਰ ਵੀ ਸੰਤੁਸ਼ਟ ਨਹੀਂ ਹੁੰਦੇ ਉਹ ਆਪਣੇ ਘਰ ਤੇ ਅਪਣਾਪਤ ਦਾ ਪਿਆਰ ਨਹੀਂ ਪ੍ਰਾਪਤ ਕਰਦੇ ਕਿਉਕਿ ਉਹ ਆਪਣੇ ਕੰਮ ਵਿੱਚ ਏਨੇ ਵਿਅਸਤ ਹੁੰਦੇ ਹਨ ਕਿ ਉਹ ਖਿਝੂ ਸੁਭਾਅ ਦੇ ਬਣ ਜਾਦੇ ਹਨ।ਪਰਿਵਾਰ ਵਿੱਚ ਬੈਠਣ ਦਾ ਉਹਨਾ ਕੋਲ ਸਮਾਂ ਨਹੀਂ ਹੁੰਦਾ।ਇਸ ਤੋ ਇਲਾਵਾ ਕਈ ਇਸ ਤਰਾਂ ਦੇ ਲੋਕ ਵੀ ਹੁੰਦੇ ਹਨ ਜਿੰਨਾ ਕੋਲ ਸਾਰਾ ਕੁੱਝ ਹੁੰਦਾ ਹੈ ਸਮਾਂ ਵੀ ,ਪੈਸਾ ਵੀ ਤੇ ਸੰਤੁਸ਼ਟੀ ਵੀ।ਇਹੋ ਜਿਹੇ ਲੋਕ ਯੋਜਨਾਬੰਦ ਹੁੰਦੇ ਹਨ ਜੋ ਆਪਣਾ ਉਦੇਸ਼ ਮਿੱਥ ਕੇ ਚੱਲਦੇ ਹਨ।ਇਹੋ ਜਿਹੇ ਲੋਕ ਥੋੜ੍ਹੇ ਜਿਹੇ ‘ਚ ਹੀ ਖੁਸ਼ ਰਹਿੰਦੇ ਹਨ।ਮਿਲੇ ਕੰਮ ਨੂੰ ਲਗਨ ਤੇ ਮਿਹਨਤ ਨਾਲ ਕਰਦੇ ਹਨ ਮੰਜਿਲ ਹਾਸਿਲ ਕਰਦੇ ਹਨ ਦੂਜਿਆਂ ਦਾ ਸਹਾਰਾ ਵੀ ਬਣਦੇ ਹਨ।ਦੂਜਿਆਂ ਲਈ ਇੱਕ ਮਿਸਾਲ ਬਣਦੇ ਹਨ।ਤੁਹਾਡੀ ਮੰਜਿਲ ਤੁਹਾਡਾ ਨਿਸ਼ਾਨਾ ਹੋਣਾ ਚਾਹੀਦਾ ਹੈ ਜਿਵੇ ਕਿ ਅਰਜਨ ਨੂੰ ਚਿੜੀ ਦੀ ਅੱਖ ਹੀ ਦਿਖਾਈ ਦਿੰਦੀ ਸੀ ਤੇ ਉਸਦੀ ਮੰਜਿਲ ਪ੍ਰਾਪਤੀ ਓਹੀ ਸੀ ।ਕਈਆਂ ਦੇ ਦਰਵਾਜੇ ਤੇ ਸਫਲਤਾ ਵਾਰ ਵਾਰ ਦਸਤਕ ਦਿੰਦੀ ਹੈ ਅਤੇ ਕਈਆਂ ਕੋਲੋਂ ਸਫਲਤਾ ਮੂੰਹ ਮੋੜ ਕੇ ਲੰਘ ਜਾਂਦੀ ਹੈ । ਕਈ ਲੋਕ ਨਾਲ ਸਫਲਤਾ ਪਰਛਾਵਾਂ ਬਣ ਕੇ ਚਲਦੀ ਹੈ ਅਤੇ ਕਈਆਂ ਨੂੰ ਸਫਲਤਾ ਖੁਆਬਾਂ ਵਿੱਚ ਵੀ ਨਸੀਬ ਨਹੀਂ ਹੁੰਦੀ । ਅਜਿਹੀ ਸਥਿਤੀ ਵਿੱਚ ਮਨੁੱਖ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ । ਡਾਕਟਰ ਰਾਧਾ ਕ੍ਰਿਸ਼ਨਨ ਨੇ ਇੱਕ ਥਾਂ ਲਿਖਿਆ ਹੈ ਕਿ ਜਿੰਦਗੀ ਤਾਸ਼ ਦੇ ਪੱਤਿਆਂ ਦੀ ਵੰਡ ਵਾਂਙ ਹੈ । ਕਿਸੇ ਨੂੰ ਯੱਕੇ, ਬੇਗੀਆਂ ਅਤੇ ਬਾਦਸ਼ਾਹ ਵਰਗੇ ਭਾਰੀ ਪੱਤੇ ਆ ਜਾਂਦੇ ਹਨ ਅਤੇ ਕਿਸੇ ਨੂੰ ਕੇਵਲ ਦੁੱਕੀਆਂ ਤਿੱਕੀਆਂ ਹੀ ਆਉਂਦੀਆਂ ਹਨ । ਖੇਡਾਂ ਵਾਲੇ ਨੇ ਆਪਣੇ ਪੱਤਿਆਂ ਨਾਲ ਖੇਡਣਾ ਹੁੰਦਾ ਹੈ । ਵਧੀਆ ਖਿਡਾਰੀ ਓਹੀ ਗਿਣਿਆ ਜਾਂਦਾ ਹੈ ਜੋ , ਜਿਹੜੇ ਵੀ ਪੱਤੇ ਉਸਦੇ ਹਿੱਸੇ ਆਏ ਹਨ , ਓਹਨਾ ਨੂੰ ਸਿਆਣਪ ਨਾਲ ਖੇਡੇ । ਕਈ ਵਾਰ ਬਾਦਸ਼ਾਹ ਨੂੰ ਵੀ ਦੁੱਕੀਆਂ ਦੀ ਈਨ ਮੰਨਣੀ ਪੈਂਦੀ ਹੈ ।
ਕਦੇ ਜ਼ਿੰਦਗੀ ਹਸਾ ਦਿੰਦੀ ਏ
ਕਦੇ ਰਵਾ ਦਿੰਦੀ ਏ
ਬੜੇ ਔਖੇ ਪੰਧ ਇਸਦੇ
ਉਹੀ ਜਾਣੇ ਬੀਤੇ ਸੰਗ ਜਿਸਦੇ
ਕਈ ਹੱਦਾਂ ਤਾਈ ਟਪਾ ਦਿੰਦੀ ਏ
ਪਲਾਂ ਵਿੱਚ ਢਹਿ ਜਾਂਦੀ ਏ
ਰੱਬ ਚਾਹਿਆ ਤਾਂ ਰਹਿ ਜਾਂਦੀ ਏ
ਕਈ ਵਾਰ ਸਿਸਕੀਆਂ ਭਰਦੇ ਸਾਹ ਮੁਕਾ ਦਿੰਦੀ ਏ
ਖੁਸ਼ੀਆਂ ਨਾਲ ਝੋਲੀ ਭਰਦੀ
ਕਦੇ ਗ਼ਮਾਂ ਵਿੱਚ ਸੜਦੀ
ਗਗਨ ਉਮਰਾਂ ਇਹ ਲਈ ਝੌਰਾ ਲਾ ਦਿੰਦੀ ਏ।
ਜਿੰਦਗੀ ਇਕ ਛੋਟਾ ਜਿਹਾ ਸ਼ਬਦ ਆਪਣੇ ਆਪ ਵਿੱਚ ਬਹੁਤ ਡੂੰਘੇ ਅਰਥ ਸਮੋਈ ਬੈਠਾ ਹੈ। ਜਿੰਦਗੀ ਜਿਉਣਾ ਵੀ ਇਕ ਕਲਾ ਹੈ । ਜਿੰਦਗੀ ਵਿੱਚ ਦੁੱਖ ਸੁਖ ਨਾਲ ਨਾਲ ਚਲਦੇ ਹਨ । ਦੁੱਖਾਂ ਵਿਚ ਸਾਨੂੰ ਘਬਰਾਉਣਾ ਨਹੀਂ ਚਾਹੀਦਾ । ਸਗੋਂ ਹਿੰਮਤ ਅਤੇ ਦਲੇਰੀ ਨਾਲ ਜਿੰਦਗੀ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਫੁੱਲਾਂ ਦੀ ਹੋਂਦ ਵੀ ਕੰਡਿਆਂ ਕਰਕੇ ਹੀ ਹੁੰਦੀ ਹੈ ।ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਲੋਕ ਆਪਣੇ ਜੀਵਨ ਨੂੰ ਲੰਮਾ ਕਰਨਾ ਤਾਂ ਚਾਹੁੰਦੇ ਹਨ ,ਪਰ ਸੁਧਾਰਨਾ ਨਹੀਂ । ਇਥੇ ਸਵਾਲ ਇਹ ਨਹੀਂ ਕਿ ਅਸੀਂ ਕਿੰਨਾ ਚਿਰ ਜਿਉਂਦੇ ਹਾਂ। ਸਵਾਲ ਇਹ ਹੈ ਕਿ ਅਸੀਂ ਕਿਵੇਂ ਜਿਉਂਦੇ ਹਾਂ । ਜਿੰਦਗੀ ਭਾਵੇਂ ਥੋੜੀ ਹੀ ਕਿਉਂ ਨਾ ਹੋਵੇ , ਪਰ ਚੰਗੀ ਹੋਣੀ ਚਾਹੀਦੀ ਹੈ । ਬਾਕੀ ਜਿੰਦਗੀ ਇੱਕ ਅਮਲੀ ਜਾਮਾ ਹੈ ।ਇਕ ਰੰਗਮੰਚ ਹੈ ।ਹਰ ਇਨਸਾਨ ਇਸ ਦੁਨੀਆ ਰੂਪੀ ਰੰਗਮੰਚ ਉੱਤੇ ਆਪਣਾ ਰੋਲ ਅਦਾ ਕਰਨ ਲਈ ਆਉਂਦਾ ਹੈ ਅਤੇ ਚਲਾ ਜਾਂਦਾ ਹੈ । ਇਸਲਈ ਸਾਨੂੰ ਹਰ ਰੋਲ ਬਾਖੂਬੀ ਨਿਭਾਉਣਾ ਚਾਹੀਦਾ ਹੈ । ਕਿਸੇ ਨੇ ਸਹੀ ਕਿਹਾ ਹੈ ਕਿ
ਦੋ ਪੈਰ ਘੱਟ ਤੁਰਨਾ ,
ਪਰ ਤੁਰਨਾ ਮੜਕ ਦੇ ਨਾਲ ।
ਦੋ ਦਿਨ ਘੱਟ ਜੀਵਣਾ,
ਪਰ ਜੀਵਣਾ ਮੜਕ ਦੇ ਨਾਲ ।
ਜਿੰਦਗੀ ਦੁੱਖਾਂ ਅਤੇ ਸੁੱਖਾਂ ਦਾ ਨਾਂ ਹੈ, ਪਿਆਰ ਅਤੇ ਟਕਰਾਰ ਦਾ , ਦੋਸਤੀ ਅਤੇ ਚਾਹਤ ਦਾ , ਖੁਸ਼ੀਆਂ ਅਤੇ ਗ਼ਮੀਆਂ ਦਾ ਪਾਉਣ ਅਤੇ ਗਵਾਉਣ ਦਾ , ਰੁੱਸਣ ਅਤੇ ਮਨਾਉਣ ਦਾ,ਆਸ਼ਾ ਅਤੇ ਨਿਰਾਸ਼ਾ ਦਾ। ਜ਼ਿੰਦਗੀ ਸੰਬੰਧੀ ਕਈ ਵਿਦਵਾਨਾਂ ਦੇ ਵਿਚਾਰ ਹਨ –
👉ਅੰਗਰੇਜ਼ੀ ਕਵੀ ਵਿਲੀਅਮ ਸ਼ੇਕਸਪੀਅਰ ਅਨੁਸਾਰ ,” ਜਿੰਦਗੀ ਇੱਕ ਰੰਗਮੰਚ ਹੈ ਜਿੱਥੇ ਹਰ ਕੋਈ ਆਪਣਾ ਰੋਲ ਨਿਭਾ ਕੇ ਚਲਾ ਜਾਂਦਾ ਹੈ । ”
ਨਿਊ ਰਿਟੀਅਸ ਅਨੁਸਾਰ ਜਿੰਦਗੀ ਹਨੇਰੇ ਵਿੱਚ ਜੱਦੋ-ਜਹਿਦ ਹੈ ।
👉 ਮੁਨਸ਼ੀ ਪ੍ਰੇਮ ਚੰਦ ਅਨੁਸਾਰ ,”ਖਾਣ ਅਤੇ ਪੀਣ ਦਾ ਨਾਂ ਜੀਵਨ ਨਹੀਂ , ਜੀਵਨ ਸਦਾ ਹੀ ਅੱਗੇ ਵਧਦੇ ਰਹਿਣ ਦੀ ਲਗਨ ਦਾ ਨਾਂ ਹੈ । ”
👉ਗੋਰਕੀ ਅਨੁਸਾਰ ਜੀਵਨ ਚਾਬਕ ਮਾਰਕੇ ਚਲਾਉਣ ਵਾਲਾ ਘੋੜਾ ਨਹੀਂ ਹੈਰ
ਕਈ ਲੋਕ ਕਹਿੰਦੇ ਹਨ ਕਿ ਜ਼ਿੰਦਗੀ ਸੁਪਨਾ ਹੈ-ਜੋ ਘਟਨਾ ਇਕ ਲਈ ਸੁੱਖ ਪੈਦਾ ਕਰਦੀ ਹੈ, ਓਹੀ ਦੂਜੇ ਲਈ ਦੁੱਖ ਵੀ ਖੜਾ ਕਰ ਦਿੰਦੀ ਹੈ। ਇਹ ਅਨੁਮਾਨ ਅਗਿਆਨਤਾ ਕਰਕੇ ਹਨ। ਇਹ ਇਕ ਭਰਮ ਹੈ ਅਤੇ ਇਕ ਸੁਪਨੇ ਦੀ ਤਰਾਂ ਹੈ। ਇਸੇ ਲਈ ਗੁਰਬਾਣੀ ਵਿੱਚ ਤੇ ਦੁਨੀਆ ਭਰ ਦੇ ਸਿਆਣੇ ਬੁੱਧੀਜੀਵੀ ਇਸ ਦੁਨੀਆ ਨੂੰ ਸੁਪਨਾ ਕਹਿੰਦੇ ਹਨ। ਸਾਰੇ ਸੁਪਨੇ ਵਿਚ ਹੀ ਜਿਓਂ ਰਹੇ ਹਨ ਤੇ ਜਿਸਨੂੰ ਇਸ ਸਚਾਈ ਬਾਰੇ ਪਤਾ ਲੱਗ ਗਿਆ ਉਹ ਜਾਗ ਜਾਂਦਾ ਹੈ। ਸੁਪਨੇ ਦਾ ਪਤਾ ਤਾਂ ਸੁਪਨਾ ਖੁੱਲੇ ਤੇ ਲੱਗਦਾ ਹੈ। ਸੁਪਨੇ ਵਿਚ ਤਾਂ ਸੁਪਨਾ ਵੀ ਸਚਾਈ ਹੀ ਜਾਪਦਾ ਹੈ।
ਸੁਪਨਾ ਖੁੱਲਣਾ ਹੀ ਆਪਣੇ ਆਪ ਦਾ ਗਿਆਨ ਹੋਏ ਤੇ ਹੈ ਅਤੇ ਆਪਣੇ ਆਪ ਦਾ ਗਿਆਨ ਆਤਮ ਚਿੰਤਨ ਭਾਵ ਸੱਚ ਤੇ ਸੰਤੋਖ ਦੀ ਵਿਚਾਰ ਨਾਲ ਹੁੰਦਾ ਹੈ। ਇਹੀ ਸੱਚ ਨੂੰ ਜਾਨਣ ਦਾ ਤਰੀਕਾ ਹੈ। ਜ਼ਿੰਦਗੀ ਲਗਾਤਾਰ ਚਲਦੀ ਹੀ ਰਹਿੰਦੀ ਹੈ ।ਉਤਰਾਅ ਚੜਾਅ ਜ਼ਿੰਦਗੀ ਦਾ ਹਿੱਸਾ ਹਨ।ਜ਼ਿੰਦਗੀ ਕਦੇ ਸਾਨੂੰ ਹਸਾ ਦਿੰਦੀ ਹੈ ਕਦੇ ਰਵਾ ਦਿੰਦੀ ਹੈ।ਅਸਲ ਜ਼ਿੰਦਗੀ ਜਿਉਣ ਦਾ ਮਜ਼ਾ ਉਦੋ ਆਉਂਦਾ ਹੈ ਜਦੋਂ ਅਸੀਂ ਦੂਜਿਆਂ ਲਈ ਜ਼ਿੰਦਗੀ ਜਿਉਦੇ ਹਾਂ।ਅਸਲ ਵਿੱਚ ਵਿੱਚ ਓਹੀ ਵਿਅਕਤੀ ਕਾਮਯਾਬ ਰਹਿੰਦਾ ਹੈ ਜੋ ਦੁੱਖਾਂ ਵਿੱਚ ਵੀ ਮੁਸਕਰਾਉਂਦਾ ਹੈ ।ਆਓ ਸਾਰੇ ਜਾਣੇ ਖੁਸ਼ੀਆਂ ਵੰਡੀਆਂ ਤੇ ਆਪਣੀ ਜ਼ਿੰਦਗੀ ਵੀ ਖੁਸ਼ਹਾਲ ਬਣਾਈਏ ।
ਗਗਨਦੀਪ ਧਾਲੀਵਾਲ ਝਲੂਰ ਬਰਨਾਲਾ
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ