ਜ਼ਿਲ੍ਹੇ ਦੇ ਧਾਰਮਿਕ ਅਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਕੇ ਖੁਸ਼ ਹੋਏ ਯਾਤਰੂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੇ ਉਪਰਾਲੇ ਦੀ ਲੋਕਾਂ ਨੇ ਕੀਤੀ ਭਰਪੂਰ ਸਰਾਹਨਾ

 

ਜ਼ਿਲ੍ਹੇ ਦੇ ਧਾਰਮਿਕ ਅਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਕੇ ਖੁਸ਼ ਹੋਏ ਯਾਤਰੂ

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੇ ਉਪਰਾਲੇ ਦੀ ਲੋਕਾਂ ਨੇ ਕੀਤੀ ਭਰਪੂਰ ਸਰਾਹਨਾ

ਬਟਾਲਾ, 28 ਫਰਵਰੀ ( ਅਮਰੀਕ ਮਠਾਰੂ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਵੱਲੋਂ ਜ਼ਿਲ੍ਹੇ ਦੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੀ ਯਾਤਰਾ ਲਈ ਸ਼ੁਰੂ ਕੀਤੇ ਇੱਕ ਰੋਜ਼ਾ ਟੂਰ ਪ੍ਰੋਗਰਾਮ ਤਹਿਤ ਅੱਜ ਵੀ ਬਟਾਲਾ ਸ਼ਹਿਰ ਤੋਂ ਵਿਸ਼ੇਸ਼ ਬੱਸ ਚਲਾਈ ਗਈ। ਸ਼ਿਵ ਬਟਾਲਵੀ ਆਡੀਟੋਰੀਅਮ ਤੋਂ ਚੱਲੀ ਵਿਸ਼ੇਸ਼ ਬੱਸ ਵਿੱਚ ਬਟਾਲਾ ਵਾਸੀਆਂ ਤੋਂ ਇਲਾਵਾ ਸਰਕਾਰੀ ਮਿਡਲ ਸਕੂਲ ਕੈਂਪ ਬਟਾਲਾ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਇਸ ਟੂਰ ਪ੍ਰੋਗਰਾਮ ਦੀ ਅਗਵਾਈ ਗਾਈਡ ਹਰਬਖਸ਼ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਕੀਤੀ।

ਸਭ ਤੋਂ ਪਹਿਲਾਂ ਇਹ ਯਾਤਰਾ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਵਿਖੇ ਪਹੁੰਚੀ ਜਿਥੇ ਯਾਤਰੂਆਂ ਨੇ ਪੰਜਾਬ ਸਰਕਾਰ ਵੱਲੋਂ ਬਣਾਏ ਸ਼ਹੀਦੀ ਸਮਾਰਕ ਦੇ ਦਰਸ਼ਨ ਕੀਤੇ ਅਤੇ ਸ਼ਹੀਦਾਂ ਨੂੰ ਸਿਜਦਾ ਕੀਤਾ। ਇਸ ਮੌਕੇ ਸਮਾਰਕ ਵਿੱਚ ਪ੍ਰਬੰਧਕਾਂ ਵੱਲੋਂ ਯਾਤਰੂਆਂ ਨੂੰ ਛੋਟਾ ਘੱਲੂਘਾਰਾ ਦੇ ਇਤਿਹਾਸ ਸਬੰਧੀ ਇੱਕ ਡਾਕੂਮੈਂਟਰੀ ਵੀ ਦਿਖਾਈ ਗਈ। ਯਾਤਰੂਆਂ ਨੇ ਛੋਟਾ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਵਿਖੇ ਵੀ ਮੱਥਾ ਟੇਕਿਆ।

ਇਸ ਤੋਂ ਬਾਅਦ ਯਾਤਰਾ ਸ੍ਰੀ ਹਰਗੋਬਿੰਦਪੁਰ ਵਿਖੇ ਪਹੁੰਚੀ ਜਿਥੇ ਯਾਤਰੂਆਂ ਅਤੇ ਵਿਦਿਆਰਥੀਆਂ ਨੇ ਗੁਰੂ ਕੀ ਮਸੀਤ, ਲਾਹੌਰੀ ਦਰਵਾਜ਼ਾ ਅਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕੀਤੇ। ਯਾਤਰਾ ਦਾ ਅਗਲਾ ਪੜਾਅ ਰਾਧਾ ਕ੍ਰਿਸ਼ਨ ਮੰਦਰ ਪਿੰਡ ਕਿਸ਼ਨ ਕੋਟ ਵਿਖੇ ਹੋਇਆ ਜਿਥੇ ਯਾਤਰੂਆਂ ਨੇ ਮੱਥਾ ਟੇਕਣ ਦੇ ਨਾਲ 200 ਸਾਲ ਤੋਂ ਵੱਧ ਪੁਰਾਣੇ ਕੰਧ ਚਿੱਤਰਾਂ ਦੇ ਦਰਸ਼ਨ ਕੀਤੇ।

ਇਸ ਤੋਂ ਬਾਅਦ ਯਾਤਰੂਆਂ ਨੇ ਘੁਮਾਣ ਵਿਖੇ ਪਹੁੰਚ ਕੇ ਭਗਤ ਨਾਮਦੇਵ ਜੀ ਦੇ ਸਮਾਧੀ ਅਸਥਾਨ ਸ੍ਰੀ ਨਾਮਦੇਵ ਦਰਬਾਰ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਯਾਤਰਾ ਦਾ ਅਗਲਾ ਪੜਾਅ ਪਿੰਡ ਮਸਾਣੀਆਂ ਵਿਖੇ ਹੋਇਆ ਅਤੇ ਸਾਰਿਆਂ ਨੇ ਬਾਬਾ ਬਦਰ ਸ਼ਾਹ ਦੀਵਾਨ ਜੀ ਦੀ ਦਰਗਾਹ ਦੇ ਦਰਸ਼ਨ ਕੀਤੇ।

ਅਖੀਰ ਵਿੱਚ ਯਾਤਰਾ ਸ੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਪਹੁੰਚੀ ਅਤੇ ਇਨ੍ਹਾਂ ਧਾਰਮਿਕ ਅਸਥਾਨਾਂ ਵਿਖੇ ਨਤਮਸਕ ਹੋਣ ਤੋਂ ਬਾਅਦ ਇਹ ਯਾਤਰਾ ਸ਼ਾਮ ਨੂੰ ਬਟਾਲਾ ਸ਼ਹਿਰ ਵਿਖੇ ਸਮਾਪਤ ਹੋਈ। ਯਾਤਰਾ ਦੌਰਾਨ ਗਾਈਡ ਹਰਬਖਸ਼ ਸਿੰਘ ਅਤੇ ਹਰਪ੍ਰੀਤ ਸਿੰਘ ਵੱਲੋਂ ਸਾਰੇ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ।

ਯਾਤਰਾ ਕਰ ਰਹੇ ਬਟਾਲਾ ਦੇ ਨਿਵਾਸੀ ਮਨਜੀਤ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਇਸ ਨਿਵੇਕਲੇ ਉਪਰਾਲੇ ਸਦਕਾ ਸਾਡੇ ਜ਼ਿਲ੍ਹੇ ਦਾ ਇਤਿਹਾਸ ਦੁਨੀਆਂ ਸਾਹਮਣੇ ਉਜਾਗਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਯਾਤਰਾ ਦੌਰਾਨ ਜੋ ਅਸਥਾਨ ਦੇਖਣ ਨੂੰ ਮਿਲੇ ਹਨ ਉਹ ਉਨ੍ਹਾਂ ਪਹਿਲਾਂ ਨਹੀਂ ਦੇਖੇ ਸਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਇਹ ਇੱਕ ਸਿੱਖਿਆਦਾਇਕ ਟੂਰ ਹੈ ਅਤੇ

ਜ਼ਿਲ੍ਹੇ ਦੇ ਲੋਕਾਂ ਨੂੰ ਇਸ ਟੂਰ ਨੂੰ ਹੋਰ ਉਤਸ਼ਾਹਤ ਕਰਨਾ ਚਾਹੀਦਾ ਹੈ।

adv

Leave a Reply

Your email address will not be published. Required fields are marked *