ਬਟਾਲਾ ਸ਼ਹਿਰ ਦੇ 12 ਦਰਵਾਜ਼ਿਆਂ ਵਿਚੋਂ ਇੱਕ ਤੇਲੀ ਦਰਵਾਜ਼ਾ ਸਦੀਆਂ ਦੇ ਇਤਿਹਾਸ ਦਾ ਗਵਾਹ ਹੈ।

ਤੇਲੀ ਦਰਵਾਜ਼ੇ ਤੋਂ ਨਹਿਰੂ ਗੇਟ ਤੱਕ

تیلی دروازے توں نہرو گیٹ تکّ

ਬਟਾਲਾ ਸ਼ਹਿਰ ਦੇ 12 ਦਰਵਾਜ਼ਿਆਂ ਵਿਚੋਂ ਇੱਕ ਤੇਲੀ ਦਰਵਾਜ਼ਾ ਸਦੀਆਂ ਦੇ ਇਤਿਹਾਸ ਦਾ ਗਵਾਹ ਹੈ। ਬਟਾਲਾ ਸ਼ਹਿਰ ਦੇ ਕੁਝ ਕੁ ਬਚੇ ਦਰਵਾਜ਼ਿਆਂ ਵਿਚੋਂ ਸਭ ਤੋਂ ਖੂਬਸੂਰਤ ਇਹ ਦਰਵਾਜ਼ਾ ਬਟਾਲਾ ਸ਼ਹਿਰ ਦੀ ਸ਼ਾਨ ਤੇ ਪਛਾਣ ਹੈ। ਭਾਂਵੇ ਸੰਨ 1947 ਤੋਂ ਬਾਅਦ ਬਟਾਲੇ ਵਿੱਚ ਤੇਲੀ ਦਰਵਾਜ਼ੇ ਨੂੰ ਨਹਿਰੂ ਗੇਟ ਅਤੇ ਸ਼ੇਰਾਂ ਵਾਲੇ ਦਰਵਾਜ਼ੇ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਪਰ ਵੰਡ ਵੇਲੇ ਪਾਕਿਸਤਾਨ ਗਏ ਬਟਾਲਵੀਆਂ ਦੇ ਦਿਲਾਂ ਵਿੱਚ ਅਜੇ ਵੀ ਇਸ ਦਰਵਾਜ਼ੇ ਦਾ ਨਾਮ ਤੇਲੀ ਦਰਵਾਜ਼ੇ ਦੇ ਤੌਰ ’ਤੇ ਹੀ ਵੱਸਿਆ ਹੋਇਆ ਹੈ।

ਸੰਨ 1465 ਵਿੱਚ ਭੱਟੀ ਰਾਜਪੂਤ ਰਾਜਾ ਰਾਮਦੇਓ ਭੱਟੀ ਵੱਲੋਂ ਵਸਾਏ ਬਟਾਲਾ ਸ਼ਹਿਰ ਦੇ 12 ਦਰਵਾਜ਼ੇ ਅਤੇ ਇੱਕ ਛੋਟਾ ਦਰਵਾਜ਼ਾ (ਜਿਸਨੂੰ ਮੋਰੀ ਕਹਿੰਦੇ ਸਨ) ਸਨ। ਸ਼ਹਿਰ ਦੇ ਚਾਰ ਚੁਫ਼ੇਰੇ ਬਣੇ ਇਨ੍ਹਾਂ ਦਰਵਾਜ਼ਿਆਂ ਦੇ ਨਾਮ ਤੇਲੀ ਦਰਵਾਜ਼ਾ (ਹੁਣ ਨਾਮ ਨਹਿਰੂ ਗੇਟ), ਖਜ਼ੂਰੀ ਦਰਵਾਜ਼ਾ (ਇਸ ਗੇਟ ਦਾ ਪਹਿਲਾ ਨਾਮ ਮਹਾਰਾਜਾ ਸ਼ੇਰ ਸਿੰਘ ਦਰਵਾਜ਼ਾ ਹੁੰਦਾ ਸੀ) ਪੁਰੀਆਂ ਮੋਰੀ ਦਰਵਾਜ਼ਾ, ਪਹਾੜੀ ਦਰਵਾਜ਼ਾ, ਕਪੂਰੀ ਦਰਵਾਜ਼ਾ, ਮੀਆਂ ਦਰਵਾਜ਼ਾ (ਇਸ ਦਰਵਾਜ਼ੇ ਨੂੰ ਨਸੀਰਉੱਲ ਹੱਕ ਦਰਵਾਜ਼ਾ ਵੀ ਕਿਹਾ ਜਾਂਦਾ ਸੀ), ਅੱਚਲੀ ਦਰਵਾਜ਼ਾ, ਹਾਥੀ ਦਰਵਾਜ਼ਾ (ਇਸ ਦਰਵਾਜ਼ੇ ਨੂੰ ਫਿਲੀ ਦਰਵਾਜ਼ਾ ਵੀ ਕਹਿੰਦੇ ਸਨ), ਕਾਜ਼ੀ ਮੋਰੀ ਦਰਵਾਜ਼ਾ, ਠਠਿਆਰੀ ਦਰਵਾਜ਼ਾ, ਭੰਡਾਰੀ ਦਰਵਾਜ਼ਾ ਅਤੇ ਓਹਰੀ ਦਰਵਾਜ਼ਾ ਸਨ। ਇਸ ਸਮੇਂ 12 ਦਰਵਾਜ਼ਿਆਂ ਵਿੱਚੋਂ ਕੇਵਲ ਤੇਲੀ ਦਰਵਾਜ਼ਾ (ਨਹਿਰੂ ਗੇਟ), ਖਜ਼ੂਰੀ ਦਰਵਾਜ਼ਾ, ਕਪੂਰੀ ਦਰਵਾਜ਼ਾ, ਅੱਚਲੀ ਦਰਵਾਜ਼ਾ ਅਤੇ ਭੰਡਾਰੀ ਦਰਵਾਜ਼ਾ ਹੀ ਬਚੇ ਹਨ, ਜਦਕਿ ਬਾਕੀ 7 ਦਰਵਾਜ਼ੇ ਖਤਮ ਹੋ ਚੁੱਕੇ ਹਨ।

ਹੁਣ ਗੱਲ ਕਰਦੇ ਹਾਂ ਤੇਲੀ ਦਰਵਾਜ਼ੇ ਬਾਰੇ। ਇਹ ਦਰਵਾਜ਼ਾ ਬਟਾਲਾ ਸ਼ਹਿਰ ਦੀ ਉੱਤਰ ਦਿਸ਼ਾ ਵੱਲ ਸਥਿਤ ਹੈ ਅਤੇ ਸਭ ਤੋਂ ਪੁਰਾਣੇ ਦਰਵਾਜ਼ਿਆਂ ਵਿਚੋਂ ਇੱਕ ਹੈ। ਛੋਟੀ ਇੱਟ ਨਾਲ ਬਣਿਆ ਹੋਇਆ ਕਰੀਬ 25 ਫੁੱਟ ਉੱਚਾ ਇਹ ਦਰਵਾਜ਼ਾ ਬੇਹੱਦ ਖੂਬਸੂਰਤ ਹੈ ਅਤੇ ਸਦੀਆਂ ਪੁਰਾਣੇ ਇਸ ਦਰਵਾਜ਼ੇ ਦੀ ਸ਼ਾਨ ਅੱਜ ਵੀ ਨਿਰਾਲੀ ਹੈ। ਤੇਲੀ ਦਰਵਾਜ਼ੇ ਦੇ ਅੰਦਰਵਾਰ ਬਟਾਲਾ ਸ਼ਹਿਰ ਦਾ ਪ੍ਰਮੁੱਖ ਚੱਕਰੀ ਬਜ਼ਾਰ ਹੈ ਅਤੇ ਇਹ ਬਜ਼ਾਰ ਤੇਲੀ ਗੇਟ ਤੋਂ ਸ਼ੁਰੂ ਹੋ ਕੇ ਹਾਥੀ ਗੇਟ ਤੱਕ ਜਾਂਦਾ ਹੈ।

ਤੇਲੀ ਦਰਵਾਜ਼ੇ ਦੇ ਨਾਮ ਦਾ ਵੀ ਆਪਣਾ ਰੌਚਕ ਇਤਿਹਾਸ ਹੈ। ਵੰਡ ਤੋਂ ਪਹਿਲਾਂ ਇਸ ਦਰਵਾਜ਼ੇ ਦੇ ਅੰਦਰ ਤੇਲ ਕੱਢਣ ਵਾਲੇ ਕੋਹਲੂ ਹੁੰਦੇ ਸਨ, ਜਿਸ ਕਾਰਨ ਇਸ ਦਰਵਜ਼ੇ ਦਾ ਨਾਮ ਤੇਲੀ ਦਰਵਾਜ਼ਾ ਪੈ ਗਿਆ। ਲੰਮਾ ਸਮਾਂ ਇਸ ਦਰਵਾਜ਼ੇੇ ਨੂੰ ਤੇਲੀ ਦਰਵਾਜ਼ਾ ਹੀ ਕਿਹਾ ਜਾਂਦਾ ਰਿਹਾ ਅਤੇ ਪਹਿਲਾਂ ਆਸਪਾਸ ਜੋ ਘਰ ਸਨ ਉਨ੍ਹਾਂ ਨੂੰ ਚਿੱਠੀ ਪੱਤਰ ਵੀ ਤੇਲੀ ਦਰਵਾਜ਼ੇ ਦੇ ਪਤੇ ਉੱਪਰ ਹੀ ਆਉਂਦੀ ਹੁੁੰਦੀ ਸੀ।

ਜਦੋਂ ਪੰਜਾਬ ਅੰਦਰ ਅੰਗਰੇਜ਼ ਹਕੂਮਤ ਆਈ ਤਾਂ ਬਟਾਲਾ ਦੇ 12 ਦਰਵਾਜ਼ਿਆਂ ਵਿਚੋਂ ਤੇਲੀ ਦਰਵਾਜ਼ਾ ਸ਼ਹਿਰ ਵਾਸੀਆਂ ਲਈ ਕੇਂਦਰ ਬਣ ਗਿਆ। ਅੰਗਰੇਜ਼ ਹਕੂਮਤ ਨੇ ਸੰਨ 1896 ਵਿੱਚ ਤੇਲੀ ਦਰਵਾਜ਼ੇ ਦੀ ਡਾਟ ਤੋਂ ਉੱਪਰ ਕੁਝ ਤਬਦੀਲੀ ਕਰਕੇ ਇਥੇ ਬਟਾਲਾ ਸ਼ਹਿਰ ਦੀ ਪਹਿਲੀ ਘੜੀ ਲਗਾ ਦਿੱਤੀ। ਬਰੱਦਰ ਕੰਪਨੀ ਦੀ ਇਹ ਘੜੀ ਹਰ ਘੰਟੇ ਬਾਅਦ ਅਲਾਰਮ ਦੇ ਕੇ ਸ਼ਹਿਰ ਵਾਸੀਆਂ ਨੂੰ ਸਮੇਂ ਦੀ ਜਾਣਕਾਰੀ ਦਿੰਦੀ ਸੀ। ਇਸ ਅਲਾਰਮ ਦੀ ਅਵਾਜ਼ ਏਨੀ ਸੀ ਕਿ ਲਗਭਗ ਸਾਰੇ ਸ਼ਹਿਰ ਵਿੱਚ ਇਸਦੀ ਅਵਾਜ਼ ਸੁਣਾਈ ਦਿੰਦੀ ਸੀ। ਜਦੋਂ ਇਹ ਘੜੀ ਤੇਲੀ ਦਰਵਾਜ਼ੇ ਉੱਪਰ ਲਗਾਈ ਗਈ ਤਾਂ ਬਟਾਲਾ ਵਾਸੀਆਂ ਲਈ ਇਹ ਨਿਵੇਕਲੀ ਚੀਜ ਸੀ ਅਤੇ ਲੋਕ ਤੇਲੀ ਦਰਵਾਜ਼ੇ ਦੇ ਮੂਹਰੇ ਖੜ੍ਹ-ਖੜ੍ਹ ਕੇ ਸਮਾਂ ਦੱਸਣ ਵਾਲੇ ਇਸ ਨਵੇਂ ਯੰਤਰ ਨੂੰ ਦੇਖਦੇ ਹੁੰਦੇ ਸਨ। ਇਸ ਘੜੀ ਨੇ ਹੀ ਸਭ ਤੋਂ ਪਹਿਲਾਂ ਬਟਾਲਾ ਵਾਸੀਆਂ ਨੂੰ ਸਮੇਂ ਦੀ ਕਦਰ ਕਰਨੀ ਸਿਖਾਈ।

ਮੁਸਲਿਮ ਬਹੁ-ਗਿਣਤੀ ਸ਼ਹਿਰ ਬਟਾਲਾ ਵਿੱਚ ਮੀਆਂ ਰਾਜਪੂਤ ਸਭ ਤੋਂ ਵੱਧ ਅਸਰ ਰਸੂਖ ਵਾਲੇ ਸਨ ਅਤੇ ਜਦੋਂ ਅੰਗਰੇਜ਼ਾਂ ਨੇ ਤੇਲੀ ਦਰਵਾਜ਼ੇ ’ਤੇ ਘੜੀ ਲਗਾਈ ਤਾਂ ਮੀਆਂ ਰਾਜਪੂਤਾਂ ਨੇ ਤੇਲੀ ਦਰਵਾਜ਼ੇ ਦੇ ਉਪਰਲੇ ਡਿਜ਼ਾਇਨ ਵਿੱਚ ਤਬਦੀਲੀਆਂ ਕਰਵਾ ਕੇ ਆਪਣੇ ਕਬੀਲੇ ਦੇ ਚਿੰਨ ਸ਼ੇਰ ਅਤੇ ਘੋੜੇ ਦੇ ਬੁੱਤ ਬਣਵਾ ਲਏ। ਬਟਾਲਾ ਸ਼ਹਿਰ ਦੇ ਤੇਲੀ ਦਰਵਾਜ਼ੇ ਵਾਲੇ ਸ਼ੇਰ ਅਤੇ ਘੋੜੇ ਦੇ ਇਹ ਬੁੱਤ ਅਤੇ ਮੀਆਂ ਰਾਜਪੂਤਾਂ ਦਾ ਲੋਗੋ ਬਿਲਕੁਲ ਇਕੋ-ਜਿਹੇ ਹਨ। ਮੀਆਂ ਰਾਜਪੂਤਾਂ ਦੇ ਲੋਗੋ ਦੀ ਫੋਟੋ ਵੀ ਨਾਲ ਪੋਸਟ ਕੀਤੀ ਗਈ ਹੈ। ਸ਼ੇਰ ਦਾ ਬੁੱਤ ਲੱਗਣ ਤੋਂ ਬਾਅਦ ਹੌਲੀ-ਹੌਲੀ ਇਸਨੂੰ ਸ਼ੇਰਾਂ ਵਾਲਾ ਦਰਵਾਜ਼ਾ ਕਿਹਾ ਜਾਣ ਲੱਗਾ ਅਤੇ ਅੱਜ ਵੀ ਬਹੁਤ ਸਾਰੇ ਲੋਕ ਇਸਨੂੰ ਸ਼ੇਰਾਂ ਵਾਲੇ ਦਰਵਾਜ਼ੇ ਦੇ ਨਾਮ ਨਾਲ ਹੀ ਜਾਣਦੇ ਹਨ।

ਵੰਡ ਵੇਲੇ ਤੇਲੀ ਦਰਵਾਜ਼ੇ ਦੇ ਅੰਦਰ ਬਜ਼ਾਰ ਵਿੱਚ ਚੱਲਦੇ ਕੋਹਲੂ ਬੰਦ ਹੋ ਗਏ ਅਤੇ ਤੇਲੀਆਂ ਦੇ ਚਲੇ ਜਾਣ ਕਾਰਨ ਇਸਦਾ ਨਾਮ ਵੀ ਹੌਲੀ ਹੌਲੀ ਖਤਮ ਹੋ ਗਿਆ। ਇਸ ਤੋਂ ਬਾਅਦ ਇਸ ਦਰਵਾਜ਼ੇ ਦਾ ਨਾਮ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਨਾਲ ਉੱਪਰ ਨਹਿਰੂ ਦਰਵਾਜ਼ਾ ਰੱਖ ਦਿੱਤਾ ਗਿਆ। ਸਰਕਾਰੀ ਰਿਕਾਰਡ ਵਿੱਚ ਇਸ ਦਰਵਾਜ਼ੇ ਨੂੰ ਨਹਿਰੂ ਗੇਟ ਕਿਹਾ ਜਾਂਦਾ ਹੈ।

ਜੇਕਰ ਅੱਜ ਦੇ ਨਹਿਰੂ ਗੇਟ ਦੀ ਗੱਲ ਕਰੀਏ ਤਾਂ ਇਸ ਦਰਵਾਜ਼ੇ ਦੀ ਵਿਰਾਸਤੀ ਦਿੱਖ ਖਤਮ ਹੁੰਦੀ ਜਾ ਰਹੀ ਹੈ। ਇਸ ਦਰਵਾਜ਼ੇ ਉੱਪਰ ਤਰਾਂ-ਤਰਾਂ ਦੇ ਲੱਗੇ ਇਸ਼ਤਿਹਾਰੀ ਬੋਰਡਾਂ ਨੇ ਇਸ ਦਰਵਾਜ਼ੇ ਦੀ ਖੂਬਸੂਰਤੀ ਨੂੰ ਆਪਣੇ ਹੇਠਾਂ ਦਬਾ ਲਿਆ ਹੈ। ਤਾਰਾਂ ਦਾ ਜਾਲ ਇਸ ਤਰਾਂ ਹੈ ਜਿਵੇਂ ਦਰਵਾਜ਼ੇ ਨੂੰ ਜ਼ੰਜ਼ੀਰਾਂ ਵਿੱਚ ਜਕੜਿਆ ਹੋਵੇ। ਅੰਗਰੇਜ਼ ਹਕੂਮਤ ਵੱਲੋਂ ਲਗਾਈ ਬਟਾਲਾ ਸ਼ਹਿਰ ਦੀ ਪਹਿਲੀ ਘੜੀ ਤਾਂ ਭਾਂਵੇ ਹੁਣ ਨਹੀਂ ਰਹੀ ਪਰ ਉਸਦਾ ਢਾਂਚਾ ਅਤੇ ਇੱਕ ਪਾਸੇ ਦਾ ਡਾਇਲ ਅਜੇ ਵੀ ਲੱਗਾ ਹੋਇਆ ਹੈ।

ਪਹਿਲਾਂ ਤੇਲੀ ਦਰਵਾਜ਼ੇ ਅਤੇ ਫਿਰ ਸ਼ੇਰਾਂ ਵਾਲੇ ਅਤੇ ਨਹਿਰੂ ਦਰਵਾਜ਼ੇ ਦੇ ਨਾਮ ਨਾਲ ਜਾਣੇ ਜਾਂਦੇ ਇਸ ਦਰਵਾਜ਼ੇ ਦੇ ਨਾਮ ਭਾਂਵੇ ਸਮੇਂ ਦੇ ਨਾਲ ਬਦਲਦੇ ਰਹੇ ਹਨ ਪਰ ਇਹ ਦਰਵਾਜ਼ਾ ਸਦੀਆਂ ਤੋਂ ਅਡੋਲ ਖੜਾ ਹੈ। ਬੇਗਿਣਤ ਲੋਕ ਇਸ ਦਰਵਾਜ਼ੇ ਵਿਚੋਂ ਗੁਜ਼ਰ ਚੁੱਕੇ ਹਨ ਅਤੇ ਇਹ ਗੇਟ ਅੱਜ ਵੀ ਬਟਾਲਾ ਸ਼ਹਿਰ ਆਏ ਹਰ ਵਿਅਕਤੀ ਨੂੰ ਖੁਸ਼ਾਅਮਦੀਦ ਕਹਿ ਰਿਹਾ ਹੈ।

– ਇੰਦਰਜੀਤ ਸਿੰਘ ਹਰਪੁਰਾ,
ਬਟਾਲਾ, ਪੰਜਾਬ।
98155-77574

ਤਸਵੀਰਾਂ – ਲਾਡੀ ਜੱਸਲ

One thought on “ਬਟਾਲਾ ਸ਼ਹਿਰ ਦੇ 12 ਦਰਵਾਜ਼ਿਆਂ ਵਿਚੋਂ ਇੱਕ ਤੇਲੀ ਦਰਵਾਜ਼ਾ ਸਦੀਆਂ ਦੇ ਇਤਿਹਾਸ ਦਾ ਗਵਾਹ ਹੈ।

  1. Very important and valuable information has been given about all the 12 Gates.I am also belong to Batala..
    Thanks a lot

Leave a Reply

Your email address will not be published. Required fields are marked *