*ਧੰਨ ਗੁਰੂ ਦਸ਼ਮੇਸ਼ ਪਿਤਾ *
ਧੰਨ ਧੰਨ ਗੁਰੂ ਦਸ਼ਮੇਸ਼ ਪਿਤਾ ਜੀ,
ਤੁਹਾਡੇ ਚੋਜ ਬੜੇ ਹੀ ਨਿਆਰੇ ਨੇ।
ਪ੍ਰਣਾਮ ਕਰਾਂ ਲੱਖ ਵਾਰੀ ਤੁਹਾਨੂੰ ,
ਤੁਸਾਂ ਲਾਲ ਦੇਸ਼ ਕੌਮ ਤੋਂ ਵਾਰੇ ਨੇ।
ਪਿਤਾ ਵਾਰਿਆ ਦਿੱਲੀ ਦੇ ਵਿੱਚ,
ਜਦ ਬਾਲ ਉਮਰ ਸੀ ਨਿਆਣੀ।
ਵੱਡੇ ਦੋ ਪੁੱਤਰ ਚਮਕੌਰ ਦੀ ਜੰਗ ਵਾਰੇ
ਰਜ਼ਾ ਰੱਬ ਦੀ ਸੀ ਖਿੜੇ ਮੱਥੇ ਮਾਣੀ।
ਨੀਹਾਂ ਸਰਹੰਦ “ਚ ਸ਼ਹੀਦ ਹੋਏ,
ਤੇਰੇ ਛੋਟੇ ਦੋ ਫਰਜੰਦ ਪਿਆਰੇ ਨੇ।
ਧੰਨ ਧੰਨ ਗੁਰੂ- – – – – ।।
ਮਾਤਾ ਗੁਜਰੀ ਨੇ ਸ਼ਹੀਦੀ ਪਾਈ,
ਬੁਰਜ ਵਿੱਚ ਸੀ ਕੜਕਵੀ ਠੰਡ।
ਫੁੱਲਾਂ ਵਰਗੀ ਸਾਨੂੰ ਜਿੰਦਗੀ ਦੇ,
ਆਪ ਚੁੱਕੀ ਮੁਸ਼ਕਿਲਾਂ ਦੀ ਪੰਡ।
ਜੋ ਕੀਤੇ ਅਹਿਸਾਨ ਸਾਡੇ ਲਈ,
ਯਾਦ ਰੱਖਣਗੇ ਲੋਕੀ ਸਾਰੇ ਨੇ।
ਧੰਨ ਧੰਨ ਗੁਰੂ – – – – ।।
ਜ਼ਫ਼ਰਨਾਮਾ ਤੁਸਾਂ ਜੋ ਲਿਖ ਚਿੱਠੀ,
ਔਰੰਗਜ਼ੇਬ ਦੇ ਸੀ ਹੋਸ਼ ਉਡਾ ਦਿੱਤੇ।
ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
ਕਹਿ ਸੱਚਖੰਡ ਚਾਲੇ ਪਾ ਦਿੱਤੇ।
ਪੰਥ ਖਾਲਸੇ ਦੀ ਐਸੀ ਨੀਹ ਰੱਖ,
ਤੁਸਾਂ ਭਰੇ ਸਿੰਘਾਂ ਵਿੱਚ ਜੋਸ਼ ਭਾਰੇ ਨੇ।
ਧੰਨ ਧੰਨ ਗੁਰੂ – – – – – – – ।।
ਭੁਲਣਯੋਗ ਨਹੀਂ ਇਹ ਸਭ ਕੁਰਬਾਨੀਆਂ
ਯਾਦ ਰਹਿਣਗੀਆਂ ਸਦਾ ਹਮੇਸ਼।
ਤੁਹਾਡੇ ਅੱਗੇ ਸੀਸ ਝੁਕਾਵੇ “ਜੱਸੀ”
ਗੁਰੂ ਗੋਬਿੰਦ ਸਿੰਘ ਜੀ ਬਾਦਸ਼ਾਹ ਦਰਵੇਸ਼।
ਆਪਸ “ਚ ਮਿਲ ਫਤਿਹ ਬੁਲਾਉਣੀ
ਜਦੋਂ ਮਿਲਣ ਗੁਰੂ ਦੇ ਪਿਆਰੇ ਨੇ।
ਧੰਨ ਧੰਨ ਗੁਰੂ – – – – – – – ।
ਜਸਵਿੰਦਰ ਕੌਰ ਜੱਸੀ
Adv.