
ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਵਿਚ ਡਟੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਅੱਜ ਚਾਰ ਘੰਟਿਆਂ ਲਈ ਰੇਲਾਂ ਦੇ ਚੱਕਾ ਜਾਮ ਕਰਨ ਦੇ ਦਿੱਤੇ ਦੇਸ਼ਵਿਆਪੀ ਸੱਦੇ ਤਹਿਤ ਪੰਜਾਬ ਵਿੱਚ ਵੱਖ ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨ ਰੇਲਵੇ ਲਾਈਨਾਂ ਉਪਰ ਡੱਟੇ। ਸੁੰਯਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਇਹ ਚੱਕਾ ਜਾਮ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲਿਆ।
ਇਸ ਦੌਰਾਨ ਰੇਲਵੇ ਨੇ ਕਿਹਾ ਹੈ ਕਿ ਰੇਲ ਰੋਕੋ ਅੰਦੋਲਨ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਹੋਈ ਤੇ ਸਮੁੱਚੇ ਦੇਸ਼ ਵਿੱਚ ਰੇਲ ਆਵਾਜਾਈ ਲਗਪਗ ਆਮ ਵਾਂਗ ਰਹੀ ਤੇ ਕੁੱਝ ਸਥਾਨਾਂ ’ਤੇ ਮਾਮੂਲੀ ਅਸਰ ਪਿਆ। ਉਧਰ ਕਿਸਾਨ ਆਗੂਆਂ ਅਨੁਸਾਰ ਇਸ ਚੱਕਾ ਜਾਮ ਕੌਮੀ ਅਹਿਮੀਅਤ ਵਾਲੇ ਸਾਰੇ ਰੇਲ ਮਾਰਗਾਂ ਸਮੇਤ ਸਥਾਨਕ ਰੇਲ ਪਟੜੀਆਂ ਉਤੇ ਸ਼ਾਂਤਮਈ ਢੰਗ ਨਾਲ ਦਿੱਤਾ।ਕਿਸਾਨ ਜਥੇਬੰਦੀਆਂ ਨੇ ਇੱਥੇ ਅਮ੍ਰਿਤਸਰ ਜ਼ਿਲ੍ਹੇ ਵਿਚ ਰੇਲ ਪਟੜੀਆਂ ’ਤੇ ਧਰਨਾ ਦੇ ਕੇ ਰੇਲਾਂ ਰੋਕੀਆਂ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇੱਥੇ ਅੰਮ੍ਰਿਤਸਰ ਦਿੱਲੀ ਰੇਲ ਮਾਰਗ ਤੇ ਵੱਲਾ ਫਾਟਕ ਵਿਖੇ ਰੇਲ ਰੋਕਣ ਲਈ ਧਰਨਾ ਦਿੱਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ ਤੇ ਸੁਖਵਿੰਦਰ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਵੱਲਾ ਫਾਟਕ ਤੋਂ ਇਲਾਵਾ ਜੰਡਿਆਲਾ ਗੁਰੂ, ਬਿਆਸ ਅਤੇ ਕੱਥੂਨੰਗਲ ਨੇੜੇ ਰੇਲ ਪਟੜੀਆਂ ’ਤੇ ਧਰਨਾ ਦਿੱਤਾ ਗਿਆ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ ਧਿਰਾਂ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਧਰਨਾ ਦਿੱਤਾ ਅਤੇ ਰੇਲਾਂ ਰੋਕੀਆਂ। ਕਿਸਾਨ ਆਗੂ ਰਤਨ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਰੇਲ ਰੋਕੋ ਧਰਨਾ ਚਾਰ ਘੰਟੇ ਲਈ ਲਾਇਆ ਗਿਆ ਹੈ।
Adv.