ਬਟਾਲਾ ਸ਼ਹਿਰ ਵਿਚ ਜਲੰਧਰ ਰੋਡ ਵਿਖੇ ਹੰਸਲੀ ਨਾਲੇ ਦੇ ਨਜ਼ਦੀਕ ਬਣੀ ਸਤੀ ਲਕਸ਼ਮੀ ਸਮਾਧ ਆਪਣੀ ਬੁੱਕਲ ਵਿੱਚ ਮਹਾਨ ਇਤਿਹਾਸ ਸਮੋਈ ਬੈਠੀ ਹੈ।
ਸਤੀ ਲਕਸ਼ਮੀ ਸਮਾਧ ਦੇ ਲਾਗੋਂ ਰੋਜ਼ਾਨਾਂ ਹਜ਼ਾਰਾਂ ਲੋਕ ਗੁਜ਼ਰਦੇ ਹਨ, ਪਰ ਬਹੁਤ ਘੱਟ ਲੋਕਾਂ ਨੂੰ ਇਸਦੇ ਸ਼ਾਨਾਮੱਤੇ ਇਤਿਹਾਸ ਦਾ ਇਲਮ ਹੈ। ਬਟਾਲਾ ਦੀ ਇਸ ਸਮਾਧ ਦਾ ਸਬੰਧ ਵੀਰ ਹਕੀਕਤ ਰਾਏ (ਕਈ ਇਤਿਹਾਸਕਾਰ ਭਾਈ ਹਕੀਕਤ ਸਿੰਘ ਵੀ ਲਿਖਦੇ ਹਨ) ਨਾਲ ਅਤੇ ਲਾਹੌਰ ਸ਼ਹਿਰ ਨਾਲ ਜੁੜਦਾ ਹੈ।
ਗੱਲ ਅਠਾਰਵੀਂ ਸਦੀ ਦੇ ਤੀਸਰੇ ਦਹਾਕੇ ਦੀ ਹੈ। ਬਟਾਲਾ ਦੇ ਇੱਕ ਸਰਦਾਰ ਕਿਸ਼ਨ ਸਿੰਘ ਉੱਪਲ ਅਤੇ ਭਾਗਵੰਤੀ ਦੀ ਪਿਆਰੀ ਧੀ ਲਕਸ਼ਮੀ ਖਜ਼ੂਰੀ ਗੇਟ ਦੇ ਅੰਦਰ ਆਪਣੇ ਘਰ ਨੇੜਲੀ ਖੂਹੀ (ਅੱਜ ਕੱਲ ਦੀ ਕਾਦੀ ਹੱਟੀ ਦੇ ਲਾਗੇ) ਤੋਂ ਪਾਣੀ ਭਰ ਰਹੀ ਸੀ। ਅਚਾਨਕ ਸ੍ਰੀ ਰਾਮ ਨਾਮ ਦਾ ਇੱਕ ਵਿਅਕਤੀ ਲਾਹੌਰ ਤੋਂ ਸੁਨੇਹਾ ਲੈ ਕੇ ਆਇਆ। ਸ੍ਰੀ ਰਾਮ ਨੇ ਬਾਲੜੀ ਲਕਸ਼ਮੀ ਨੂੰ ਪਛਾਣ ਕੇ ਦੱਸਿਆ ਕਿ “ਧੀਏ ਤੇਰਾ ਪਤੀ ਹਕੀਕਤ ਰਾਇ ਲਾਹੌਰ ਵਿਚ ਸ਼ਹੀਦ ਕਰ ਦਿੱਤਾ ਗਿਆ ਏ”। ਏਨੀ ਗੱਲ ਸੁਣਨ ਦੀ ਦੇਰ ਸੀ ਕਿ ਲਕਸ਼ਮੀ ਦੇ ਹੱਥੋਂ ਪਾਣੀ ਵਾਲਾ ਘੜਾ ਡਿੱਗ ਗਿਆ ਅਤੇ ਉਹ ਸਦਮੇ ਵਿੱਚ ਬੇਹੋਸ਼ ਹੋ ਗਈ। ਉਸਦੀਆਂ ਸਹੇਲੀਆਂ ਨੇ ਵੀ ਉੱਚੀ-ੳੁੱਚੀ ਰੋਣਾ ਤੇ ਵਿਰਲਾਪ ਕਰਨਾ ਸ਼ੁਰੂ ਕਰ ਦਿੱਤਾ। ਘਰ ਦੇ ਬਾਹਰ ਜਦੋਂ ਚੀਕ-ਚਿਹਾੜਾ ਸੁਣਿਆ ਤਾਂ ਲਕਸ਼ਮੀ ਦੀ ਮਾਂ ਭਾਗਵੰਤੀ ਵੀ ਭੱਜੀ-ਭੱਜੀ ਬਾਹਰ ਆਈ ਤਾਂ ਦੇਖਿਆ ਕਿ ਲਕਸ਼ਮੀ ਜ਼ਮੀਨ ’ਤੇ ਬੇ-ਸੁੱਧ ਪਈ ਹੈ। ਭਾਗਵੰਤੀ ਨੇ ਭੱਜ ਕੇ ਲਕਸ਼ਮੀ ਨੂੰ ਆਪਣੀ ਹਿੱਕ ਨਾਲ ਲਗਾਇਆ ਅਤੇ ਉਸਨੂੰ ਦੁਲਾਰ ਕਰਨ ਲੱਗੀ। ਲਕਸ਼ਮੀ ਨੂੰ ਘਰ ਲਿਜਾਇਆ ਗਿਆ ਅਤੇ ਸਾਰਿਆਂ ਨੇ ਉਸਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕੀਤੀ।
ਵੀਰ ਹਕੀਕਤ ਰਾਏ ਦੀ ਸ਼ਹਾਦਤ ਦੀ ਖਬਰ ਸੁਣ ਕੇ ਸਾਰੇ ਬਟਾਲੇ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ। ਕਿਸ਼ਨ ਸਿੰਘ ਉੱਪਲ ਦੀ ਇਕਲੌਤੀ ਧੀ ਲਕਸ਼ਮੀ ਸਿਆਲਕੋਟ ਦੇ ਨਿਵਾਸੀ ਹਕੀਕਤ ਰਾਇ ਨਾਲ ਵਿਆਹੀ ਹੋਈ ਸੀ।
ਹਕੀਕਤ ਰਾਇ ਦਾ ਜਨਮ 12 ਵਦੀ ਸੰਮਤ 1781 ਬਿਕਰਮੀ ਨੂੰ ਸਿਆਲਕੋਟ ਵਿਖੇ ਭਾਗ ਮੱਲ ਪੁਰੀ ਖੱਤਰੀ ਅਤੇ ਮਾਤਾ ਗੌਰਾਂ ਦੇ ਘਰ ਹੋਇਆ ਸੀ। ਮਾਤਾ ਗੌਰਾਂ ਦਾ ਪਰਿਵਾਰਕ ਪਿਛੋਕੜ ਵੀ ਬੜੀ ਉੱਚੀ ਹਸਤੀ ਭਾਈ ਘਨ੍ਹਈਆ ਜੀ ਨਾਲ ਜੁੜਦਾ ਹੈ। ਹਕੀਕਤ ਰਾਇ ਦੇ ਮਾਤਾ ਗੌਰਾਂ ਭਾਈ ਘਨ੍ਹਈਆ ਜੀ ਦੀ ਪੋਤਰੀ ਸਨ।
ਹਕੀਕਤ ਰਾਇ ਬਹੁਤ ਲਾਇਕ ਅਤੇ ਖੂਬਸੂਰਤ ਨੌਜਵਾਨ ਨਿਕਲਿਆ। ਉਹ ਅਰਬੀ ਤੇ ਫਾਰਸੀ ਵਿੱਚ ਬਹੁਤ ਹੁਸ਼ਿਆਰ ਸੀ। ਹਕੀਕਤ ਰਾਇ ਦਾ ਵਿਆਹ ਬਟਾਲਾ ਨਿਵਾਸੀ ਸਰਦਾਰ ਕਿਸ਼ਨ ਸਿੰਘ ਦੀ ਲੜਕੀ ਲਕਸ਼ਮੀ ਨਾਲ ਹੋ ਗਿਆ। ਛੋਟੀ ਉਮਰੇ ਵਿਆਹ ਹੋਣ ਕਾਰਨ ਲਕਸ਼ਮੀ ਅਜੇ ਆਪਣੇ ਪੇਕੇ ਘਰ ਬਟਾਲੇ ਹੀ ਰਹਿੰਦੀ ਸੀ।
ਹਕੀਕਤ ਰਾਇ ਦਾ ਪਿਤਾ ਭਾਗ ਮੱਲ ਮੁਗਲ ਹਕੂਮਤ ਦੀ ਨੌਂਕਰੀ ਕਰਦਾ ਸੀ। ਓਨੀਂ ਦਿਨੀ ਮੁਗਲ ਹਕੂਮਤ ਧਾਰਮਿਕ ਕੱਟੜਤਾ ਦੀ ਨੀਤੀ ਉੱਪਰ ਚੱਲਦੀ ਹੋਈ ਗੈਰ ਮੁਸਲਮਾਨਾਂ ਉੱਪਰ ਬਹੁਤ ਸਖਤੀ ਕਰ ਰਹੀ ਸੀ। ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਆਦਿਕ ਸਿੰਘਾਂ ਦਾ ਧਰਮ ਉੱਪਰੋਂ ਕੁਰਬਾਨ ਹੋਣਾ ਉਸ ਸਮੇਂ ਹਰ ਕਿਸੇ ਦੇ ਦਿਲ-ਦਿਮਾਗ ਉੱਪਰ ਛਾਇਆ ਹੋਇਆ ਸੀ।
ਹਕੀਕਤ ਰਾਇ ਇੱਕ ਦਿਨ ਦੇਵੀ ਪੂਜਨ ਦਾ ਟਿਕਾ ਲਾ ਕੇ ਮਕਤਬ ਵਿੱਚ ਆਇਆ ਤਾਂ ਉਸਦੇ ਜਮਾਤੀ ਮੁਸਲਮਾਨ ਮੁੰਡਿਆਂ ਨੇ ਹਿੰਦੂਆਂ ਦੇ ਦੇਵੀ ਦੇਵਤਿਆਂ ਨੂੰ ਬੁਰਾ ਭਲਾ ਕਿਹਾ। ਆਪਣੇ ਧਰਮ ਦੀ ਨਿੰਦਾ ਸੁਣ ਕੇ ਹਕੀਕਤ ਰਾਇ ਨੇ ਅੱਗੋਂ ਉਨ੍ਹਾਂ ਨੂੰ ਵੀ ਜੁਆਬ ਦਿੱਤੇ। ਮੁਸਲਮਾਨ ਮੁੰਡਿਆਂ ਨੇ ਇਸ ਸ਼ਿਕਾਇਤ ਆਪਣੇ ਮੌਲਵੀ ਅਬਦੁੱਲ ਹੱਕ ਕੋਲ ਕੀਤੀ। ਮੌਲਵੀ ਬਹੁਤ ਮੁਤੱਸਬੀ ਸੀ ਅਤੇ ਉਹ ਮੁਸਲਮਾਨ ਮੁੰਡਿਆਂ ਦੀ ਮਦਦ ਕਰਨ ਲੱਗ ਪਿਆ। ਜਦੋਂ ਮੌਲਵੀ ਨੇ ਹਕੀਕਤ ਰਾਇ ਨਾਲ ਇਸਲਾਮ ਤੇ ਹਿੰਦੂ ਧਰਮ ਬਾਰੇ ਸਵਾਲ-ਜੁਆਬ ਕੀਤੇ ਤਾਂ ਹਕੀਕਤ ਰਾਇ ਨੇ ਪੂਰੀ ਲਿਆਕਤ ਨਾਲ ਜੁਆਬ ਦੇ ਕੇ ਮੌਲਵੀ ਨੂੰ ਨਿਰ-ਉੱਤਰ ਕਰ ਦਿੱਤਾ।
ਮੌਲਵੀ ਨੇ ਆਪਣੀ ਹੇਠੀ ਜਾਣ ਕੇ ਕਾਜ਼ੀ ਪਾਸ ਜਾ ਸ਼ਿਕਾਇਤ ਕੀਤੀ ਕਿ ਹਕੀਕਤ ਰਾਇ ਨੇ ਇਸਲਾਮ ਖਿਲਾਫ ਮਾੜੇ ਸ਼ਬਦ ਬੋਲੇ ਹਨ। ਕਾਜ਼ੀ ਨੇ ਸਿਆਲਕੋਟ ਦੇ ਹਾਕਮ ਅਮੀਰ ਬੇਗ ਦੇ ਰੂਬਰੂ ਹਕੀਕਤ ਰਾਇ ਨੂੰ ਬੁਲਾ ਲਿਆ ਅਤੇ ਉਸ ਤੋਂ ਸਵਾਲ ਜੁਆਬ ਕੀਤੇ। ਹਕੀਕਤ ਰਾਇ ਅਰਬੀ ਅਤੇ ਫਾਰਸੀ ਦਾ ਬਹੁਤ ਵਧੀਆ ਜਾਣਕਾਰ ਸੀ ਸੋ ਉਸਨੇ ਸਾਰੇ ਸੁਆਲਾਂ ਦਾ ਜੁਆਬ ਬੜੀ ਨਿਡਰਤਾ ਨਾਲ ਦਿੱਤਾ। ਹਾਕਮ ਨੇ ਬਾਲਕਾਂ ਦੀ ਬਹਿਸ ਨੂੰ ਤੁਛ ਜਾਣ ਕੇ ਮਾਮਲਾ ਖਤਮ ਕਰਨ ਦੀ ਸੋਚੀ ਪਰ ਕਾਜ਼ੀਆਂ ਨੇ ਜ਼ਿਦ ਕਰਕੇ ਮੁਫਤੀ ਤੋਂ ਫਤਵਾ ਦਿਵਾ ਦਿੱਤ ਕਿ ਹਕੀਕਤ ਰਾਇ ਜਾਂ ਮੁਸਲਮਾਨ ਹੋਵੇ ਜਾਂ ਕਤਲ ਕੀਤਾ ਜਾਵੇ। ਹਾਕਮ ਦੀ ਤੇ ਕਾਜ਼ੀਆਂ ਦੀ ਇੱਕ ਰਾਇ ਨਾ ਹੋਣ ਕਰਕੇ ਤਿੰਨ ਮਹੀਨੇ ਝਗੜਾ ਹੁੰਦਾ ਰਿਹਾ, ਓੜਕ ਕਾਜ਼ੀਆਂ ਨੇ ਲਾਹੌਰ ਦੇ ਸੂਬੇ ਖਾਨ ਬਹਾਦਰ ਪਾਸ ਚਲਾਨ ਕਰਾ ਲਿਆ।
ਜਕਰੀਆ ਖਾਨ ਨੇ ਹਕੀਕਤ ਰਾਇ ਨੂੰ ਕਿਹਾ ਕਿ ਉਹ ਜਾਂ ਤਾਂ ਮੁਸਲਮਾਨ ਹੋਵੇ ਜਾਂ ਮੌਤ ਨੂੰ ਕਬੂਲ ਕਰੇ। ਹਕੀਕਤ ਰਾਇ ਨੇ ਬੜੀ ਦ੍ਰਿੜਤਾ ਨਾਲ ਜਕਰੀਆ ਖਾਨ ਨੂੰ ਉੱਤਰ ਦਿੱਤਾ ਕਿ ਉਸਨੂੰ ਆਪਣਾ ਧਰਮ ਜਾਨ ਤੋਂ ਪਿਆਰਾ ਹੈ ਅਤੇ ਮੌਤ ਦਾ ਉਸਨੂੰ ਕੋਈ ਡਰ ਨਹੀਂ। ਜਕਰੀਆਂ ਖਾਨ ਨੇ ਹਕੀਕਤ ਰਾਇ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ।
ਜਦ ਹਕੀਕਤ ਰਾਇ ਨੂੰ ਸ਼ਹੀਦ ਕਰਨ ਦੀ ਖਬਰ ਲਾਹੌਰ ਫੈਲੀ ਤਾਂ ਦੀਵਾਨ ਸੂਰਤ ਸਿੰਘ, ਲਾਲਾ ਦਰਗਾਹੀ ਮੱਲ ਅਤੇ ਜਮਾਂਦਾਰ ਕਸੂਰ ਬੇਗ ਵੀ ਜਕਰੀਆ ਖਾਨ ਪਾਸ ਗਏ ਕਿ ਹਕੀਕਤ ਨੂੰ ਛੱਡ ਦਿੱਤਾ ਜਾਵੇ, ਪਰ ਜਕਰੀਆ ਖਾਨ ਨੇ ਇੱਕ ਨਾ ਸੁਣੀ।
ਜਕਰੀਆ ਖਾਨ ਦੇ ਹੁਕਮ ’ਤੇ ਜਲਾਦਾਂ ਨੇ 14 ਸਾਲ ਦੇ ਇਸ ਨੌਜਵਾਨ ਹਕੀਕਤ ਰਾਇ ਨੂੰ ਬਸੰਤ ਪੰਚਮੀ ਵਾਲੇ ਦਿਨ ਲਾਹੌਰ ਦੇ ਨਖਾਸ ਚੌਂਕ ਵਿੱਚ ਸ਼ਹੀਦ ਕਰ ਦਿੱਤਾ। ਵੀਰ ਹਕੀਕਤ ਰਾਇ ਦਾ ਸਸਕਾਰ ਸ਼ਾਹ ਬਲਾਵਲ ਦੇ ਮਕਬਰੇ ਲਾਗੇ ਕੀਤਾ ਗਿਆ ਜਿਥੇ ਬਾਅਦ ਵਿੱਚ ਉਸਦੀ ਸਮਾਧ ਬਣਾਈ ਗਈ।
ਓਧਰ ਜਦੋਂ ਹਕੀਕਤ ਰਾਇ ਦੀ ਸ਼ਹਾਦਤ ਬਾਰੇ ਬਟਾਲਾ ਵਿੱਚ ਉਸਦੇ ਸੁਹਰੇ ਸਰਦਾਰ ਕਿਸ਼ਨ ਸਿੰਘ ਉੱਪਲ ਤੇ ਉਸਦੇ ਭਰਾਵਾਂ ਮੱਲ ਸਿੰਘ, ਦਲ ਸਿੰਘ ਤੇ ਹੋਰ ਸਿੰਘਾਂ ਨੂੰ ਪਤਾ ਲੱਗਾ ਤਾਂ ਸਿੰਘਾਂ ਨੇ ਸਿਆਲਕੋਟ ਉੱਪਰ ਹੱਲਾ ਬੋਲ ਦਿੱਤਾ। ਜਿਸ ਕਾਜ਼ੀ ਨੇ ਹਕੀਕਤ ਰਾਇ ਨੂੰ ਸ਼ਹੀਦ ਕਰਨ ਦਾ ਫ਼ਤਵਾ ਦਿੱਤਾ ਸੀ ਸਿੰਘਾਂ ਨੇ ਉਸਨੂੰ ਮਾਰ ਮੁਕਾਇਆ ਅਤੇ ਫੌਜਦਾਰ ਅਮੀਰ ਖਾਨ ਜੋ ਹਕੀਕਤ ਰਾਇ ਨੂੰ ਲਾਹੌਰ ਲੈ ਕੇ ਗਿਆ ਸੀ, ਉਸਦਾ ਸਿਰ ਵੱਢ ਲਿਆ ਅਤੇ ਬਟਾਲਾ ਸ਼ਹਿਰ ਵਿੱਚ ਉਸਦੇ ਵੱਢੇ ਸਿਰ ਨੂੰ ਘੁਮਾਇਆ। ਇਸ ਤਰਾਂ ਬਟਾਲੇ ਦੇ ਸਿੰਘਾਂ ਨੇ ਹਕੀਕਤ ਰਾਇ ਦੀ ਸ਼ਹਾਦਤ ਦਾ ਬਦਲਾ ਲਿਆ।
ਓਧਰ ਸਰਦਾਰ ਕਿਸ਼ਨ ਸਿੰਘ ਉੱਪਲ ਦੀ ਇਕਲੌਤੀ ਧੀ ਲਕਸ਼ਮੀ ਆਪਣੇ ਪਤੀ ਹਕੀਕਤ ਰਾਇ ਦੀ ਸ਼ਹਾਦਤ ਕਾਰਨ ਹਾਲੋਂ ਬੇਹਾਲ ਸੀ। ਲਕਸ਼ਮੀ ਨੇ ਫੈਸਲਾ ਕੀਤਾ ਕਿ ਉਹ ਸਤੀ ਹੋਵੇਗੀ। ਕਹਿੰਦੇ ਹਨ ਲਕਸ਼ਮੀ ਦੇ ਮਾਂ-ਬਾਪ ਅਤੇ ਹੋਰ ਸਨੇਹੀਆਂ ਨੇ ਉਸਨੂੰ ਬਹੁਤ ਸਮਝਾਇਆ ਪਰ ਇਸ ਸਭ ਦੇ ਬਾਵਜੂਦ ਲਕਸ਼ਮੀ ਨੇ ਬਟਾਲਾ ਵਿਖੇ ਆਪਣੀ ਚਿਤਾ ਸਜਾਈ ਅਤੇ ਉਸ ਵਿੱਚ ਸਤੀ ਹੋ ਗਈ।
ਬਟਾਲਾ ਸ਼ਹਿਰ ਵਿੱਚ ਸਤੀ ਲਕਸ਼ਮੀ ਦੇਵੀ ਦੀ ਸਮਾਧ ਅੱਜ ਵੀ ਮੌਜੂਦ ਹੈ। ਜਲੰਧਰ ਰੋਡ ਸਥਿਤ ਸਤੀ ਲਕਸ਼ਮੀ ਸਮਾਧ ਦੀ ਦੇਖ-ਰੇਖ ਬਟਾਲਾ ਦੀ ਨਾਮੀ ਸਮਾਜ ਸੇਵੀ ਸੰਸਥਾ ਦੈਨਿਕ ਪ੍ਰਾਥਨਾ ਸਭਾ ਵਲੋਂ ਕੀਤੀ ਜਾ ਰਹੀ ਹੈ। ਇਸੇ ਸਮਾਰਕ ਵਿੱਚ ਵੀਰ ਹਕੀਕਤ ਰਾਇ ਦੀ ਯਾਦਗਾਰ ਵੀ ਬਣਾਈ ਗਈ ਹੈ। ਬਟਾਲਾ ਵਿਖੇ ਹਰ ਸਾਲ ਬਸੰਤ ਪੰਚਮੀਂ ’ਤੇ ਵੀਰ ਹਕੀਕਤ ਰਾਇ ਅਤੇ ਸਤੀ ਲਕਸ਼ਮੀ ਦੇ ਬਲੀਦਾਨ ਨੂੰ ਯਾਦ ਕਰਦਿਆਂ ਮੇਲਾ ਲਗਾਇਆ ਜਾਂਦਾ ਹੈ।
ਸਤੀ ਲਕਸ਼ਮੀ ਦਾ ਪੁਰਾਤਨ ਘਰ ਖਜ਼ੂਰੀ ਗੇਟ ਦੇ ਅੰਦਰ ਕਾਦੀ ਹੱਟੀ ਵਿਖੇ ਅੱਜ ਵੀ ਮੌਜੂਦ ਹੈ। ਉਹ ਖੂਹੀ ਜਿਥੋਂ ਲਕਸ਼ਮੀ ਪਾਣੀ ਭਰਦੀ ਸੀ ਉਹ ਭਾਂਵੇ ਹੁਣ ਪੂਰੀ ਜਾ ਚੁੱਕੀ ਹੈ ਪਰ ਉਸਦੇ ਨਿਸ਼ਾਨ ਅਜੇ ਵੀ ਬਾਕੀ ਹਨ। ਜਿਥੇ ਸਤੀ ਲਕਸ਼ਮੀ ਸਮਾਧ ਦੀ ਸਾਂਭ-ਸੰਭਾਲ ਹੋ ਰਹੀ ਹੈ ਓਥੇ ਸਤੀ ਲਕਸ਼ਮੀ ਦੀ ਖੂਹੀ ਅਤੇ ਉਸਦੇ ਘਰ ਨੂੰ ਵੀ ਯਾਦਗਾਰ ਵਜੋਂ ਸਾਂਭਿਆ ਜਾਣਾ ਚਾਹੀਦਾ ਹੈ।
ਵੀਰ ਹਕੀਕਤ ਰਾਇ ਦੀ ਸ਼ਹਾਦਤ ਅਤੇ ਸਤੀ ਲਕਸ਼ਮੀ ਦੀ ਕੁਰਬਾਨੀ ਵਰਗੀ ਕੋਈ ਹੋਰ ਉਦਾਹਰਨ ਲੱਭਣੀ ਔਖੀ ਹੈ। ਪੂਰੇ ਦੇਸ਼ ਵਾਸੀਆਂ ਦੇ ਨਾਲ ਬਟਾਲਾ ਵਾਸੀਆਂ ਨੂੰ ਵੀ ਵੀਰ ਹਕੀਕਤ ਰਾਇ ਦੀ ਸ਼ਹਾਦਤ ਅਤੇ ਸਤੀ ਲਕਸ਼ਮੀ ਦੇਵੀ ਦੀ ਕੁਰਬਾਨੀ ਉੱਪਰ ਹਮੇਸ਼ਾਂ ਮਾਣ ਰਹੇਗਾ।
– ਇੰਦਰਜੀਤ ਸਿੰਘ ਹਰਪੁਰਾ,
ਬਟਾਲਾ (ਗੁਰਦਾਸਪੁਰ)
Adv.

