ਨਗਰ ਨਿਗਮ ਚੋਣਾਂ ਦਾ ਕੱਲ ਰੌਲਾ ਰੱਪਾ ਮੁੱਕ ਗਿਆ, ਕਈ ਵਹਿਮ ਵੀ ਨਿਕਲ ਗਏ। ਜਿਸ ਬਦਲਾਅ ਦੀ ਸੋਚ ਮੈਂ ਰੱਖਦਾ ਸੀ, ਉਹ ਸ਼ਾਇਦ ਇਸ ਦੇਸ਼ ਵਿੱਚ ਆਓਣ ਵਾਲੇ 100 ਸਾਲ ਵਿੱਚ ਪੂਰੀ ਨਹੀਂ ਹੋ ਸੱਕਦੀ। ਲੋਕ ਬਦਲਾਅ ਨਹੀਂ ਚਾਹੁੰਦੇ, ਉਹ ਲਾਲਚੀ, ਸੁਆਰਥੀ, ਭੁੱਖੇ, ਦੋਗਲੇ ਤੇ ਸ਼ਰਾਬੀ ਹਨ। ਸ਼ਾਇਦ ਰਾਜਨੀਤਕ ਵਰਗ ਵੀ ਲੋਕਾਂ ਕੋਲੋਂ ਇਹੀ ਤਵੱਕੋਂ ਰੱਖਦਾ ਹੈ। ਅਥਾਹ ਵਿਕਾਸ ਦੇ ਮੁੱਦੇ ਤੋਂ ਸ਼ੁਰੂ ਹੋਈਆਂ ਚੋਣਾਂ ਆਖਰੀ ਦਿਨ ਤੱਕ ਪਹੁੰਚਦਿਆਂ ਪਹੁੰਚਦਿਆਂ ਸ਼ਤਾਬ ਵਿੱਚ ਡੁੱਬ ਗਈਆਂ ਤੇ ਵੋਟਾਂ ਦੀ ਸ਼ਰੇਆਮ ਬੋਲੀ ਹੁੰਦੀ ਰਹੀ। ਹੱਦ ਤਾਂ ਉਸ ਵਕਤ ਵੇਖੀ ਜਦੋਂ ਇੱਕ ਬੰਦੇ ਨੇ ਆਪਣੀ ਘਰਵਾਲੀ ਦੇ ਗਰਭਪਾਤ ਲਈ ਵੋਟ ਬਦਲੇ ਪੈਸੇ ਦੀ ਮੰਗ ਕਰ ਦਿੱਤੀ। ਵਾਰਡਾਂ ਵਿੱਚ ਜੋ ਵੋਟਰ ਕੀਮਤ ਮੰਗੀ, ਉਹ ਮਿਲੀ। ਜਦੋਂ ਵੋਟ ਦੀ ਕੀਮਤ ਹੀ ਲੈ ਲਈ ਗਈ ਤਾਂ ਜੁਆਬ ਦੇਹੀ ਦਾ ਫਿਰ ਹੱਕ ਕਾਹਦਾ ?? ਚੰਗੇ ਭਲੇ ਬੰਦੇ ਸ਼ਰਾਬ ਲਈ ਬੂਹਿਆਂ ਤੇ ਬੈਠੇ ਵੇਖੇ। ਸਦੀਆਂ ਦੀ ਭੁੱਖ ਤੇ ਗੁਲਾਮੀ ਸਿਰ ਚੜ੍ਹ ਬੋਲ ਰਹੀ ਸੀ। ਸਬਮਰਸੀਬਲ ਪੰਪ, ਸੂਟ, ਰਾਸ਼ਨ ਕਿੱਟਾਂ, ਸ਼ਰਾਬ ਦੀਆਂ ਪੇਟੀਆਂ, ਸੀਮਿੰਟ, ਰੇਤ, ਬੱਜਰੀ, ਸਟ੍ਰੀਟ ਲਾਈਟਾਂ, ਧਾਰਮਿਕ ਅਦਾਰਿਆਂ ਲਈ ਦਾਨ, ਨਕਦ ਪੈਸਾ ਆਦਿ ਮੰਗ ਜ਼ੋਰਦਾਰ ਰਹੀ। ਕਿਸਾਨ ਅੰਦਲੋਨ ਬਾਰੇ ਲੱਗਭੱਗ ਚੇਤਾ ਭੁੱਲ ਚੁੱਕੇ ਲੋਕ ਨਿਗਮ ਚੋਣਾਂ ਦਾ ਆਨੰਦ ਲੈਂਦੇ ਰਹੇ। ਇਹ ਨਹੀਂ ਕਿ ਸਹੀ ਲੋਕ ਨਹੀਂ ਹਨ ਪਰ ਉਹ ਸਰਗਰਮ ਹੀ ਨਹੀਂ ਹਨ। ਉਹ ਵੋਟ ਪਾਉਣ ਘੱਟ ਨਿਕਲ ਰਹੇ ਹਨ, ਕੁਲੀਨ ਵਰਗ ਚੋਣਾਂ ਤੋਂ ਆਪਣੇ ਆਪ ਨੂੰ ਦੂਰ ਰੱਖਣਾ ਆਪਣੀ ਸ਼ਾਨ ਸਮਝਦਾ ਹੈ। ਇਹ ਕਾਰਕ ਨਾ ਹੁੰਦੇ ਤਾਂ ਸਾਬਕਾ ਪ੍ਰਧਾਨ ਮੰਤਰ ਮਨਮੋਹਨ ਸਿੰਘ ਚੋਣ ਨਾ ਹਾਰਦਾ।
ਕੁੱਲ ਮਿਲਾ ਕੇ ਚੋਣ ਪੈਸੇ ਤੇ ਤਾਕਤ ਵਾਲੇ ਦੀ ਖੇਡ ਬਣ ਚੁੱਕੀ ਹੈ। ਪੰਚਾਇਤ ਤੇ ਸਥਾਨਕ ਸਰਕਾਰਾਂ ਦੀ ਚੋਣ ਕਰਾਉਣ ਦਾ ਮਨੋਰਥ ਹੇਂਠਲੇ ਪੱਧਰ ਤੱਕ ਲੋਕਤੰਤਰ ਨੂੰ ਮਜਬੂਤ ਕਰਨਾ ਸੀ ਪਰ ਇਹ ਚੋਣਾਂ ਵਿਧਾਨ ਤੇ ਲੋਕ ਸਭਾ ਦੀਆਂ ਚੋਣਾਂ ਲੜਨ ਲਈ ਇੱਕ ਪਨੀਰੀ ਤਿਆਰ ਕਰਨ ਦਾ ਸਾਧਨ ਬਣ ਚੁੱਕੀਆਂ ਹਨ। ਇਹ ਚੋਣਾਂ ਕਰਵਾਉਣ ਦਾ ਅਸਲ ਅਰਥ ਬੇਮਾਇਨੇ ਹੋ ਚੁੱਕਾ ਹੈ। ਜਿਸ ਲੋਕਤੰਤਰ ਦੀ ਬੁਨਿਆਦ ਹੀ ਲਾਲਚ ਹੋਏ ਉਸ ਦੀ ਇਮਾਰਤ ਤਾਂ ਬਾ ਕਮਾਲ ਹੋਏਗੀ। ਭਰੇ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਇਮਾਨਦਾਰ ਤੇ ਸੱਚ ਲਈ ਇਸ ਮੁਲੱਕ ਵਿੱਚ ਜਗਾ ਨਹੀਂ ਹੈ, ਉਸਨੂੰ ਆਪਣਾ ਬੰਦੋਬਸਤ ਜਲਦ ਕਰ ਲੈਣਾ ਚਾਹੀਦਾ ਹੈ, ਦੇਸ਼ ਦਾ ਭਵਿੱਖ ਘੋਰ ਹਨੇਰੇ ਵੱਲ ਵੱਧ ਰਿਹਾ ਹੈ ਤੇ ਲੋਕ ਤਮਾਸ਼ਬੀਨ ਹੀ ਨਹੀਂ ਬਣ ਰਹੇ, ਸਗੋਂ ਤਮਾਸ਼ੇ ਦਾ ਹਿੱਸਾ ਬਣ ਚੁੱਕੇ ਹਨ ।ਇਹ ਸਭ ਵਿਚਾਰ ਜੱਸਵੰਤ ਸਿੰਘ ਜੱਸ ਸਾਂਝੇ ਕੀਤੇ।
ਜਸਵੰਤ ਜੱਸ !!


