ਵੋਟਾਂ ਕਾਰਨ ਇਸ ਐਤਵਾਰ ਬੱਸ ਯਾਤਰਾ ਮੁਲਤਵੀ ਕੀਤੀ
21 ਫਰਵਰੀ ਤੋਂ ਦੁਬਾਰਾ ਹਰ ਐਤਵਾਰ ਹੋਵੇਗੀ ਮੁਫ਼ਤ ਬੱਸ ਯਾਤਰਾ – ਡੀ.ਸੀ.
ਬਟਾਲਾ, (ਅਮਰੀਕ ਮਠਾਰੂ ) – ਸਥਾਨਕ ਸਰਕਾਰਾਂ ਦੀਆਂ 14 ਫਰਵਰੀ ਨੂੰ ਹੋ ਰਹੀਆਂ ਚੋਣਾਂ ਦੇ ਮੱਦੇਨਜ਼ਰ ਇਸ ਐਤਰਵਾਰ ਨੂੰ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਵੱਲੋਂ ਬਟਾਲਾ ਤੇ ਗੁਰਦਾਸਪੁਰ ਤੋਂ ਧਰਮਿਕ ਤੇ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਲਈ ਬੱਸਾਂ ਨਹੀਂ ਚਲਾਈਆਂ ਜਾਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਸਾਂਝੀ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 14 ਫਰਵਰੀ ਨੂੰ ਵੋਟਾਂ ਹੋਣ ਕਾਰਨ ਇਹ ਯਾਤਰਾ ਉਸ ਦਿਨ ਲਈ ਮੁਲਤਵੀ ਕੀਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣ। ਉਨ੍ਹਾਂ ਕਿਹਾ ਕਿ ਵੋਟਾਂ ਤੋਂ ਬਾਅਦ 21 ਫਰਵਰੀ ਤੋਂ ਹਰ ਐਤਵਾਰ ਇਹ ਯਾਤਰਾ ਦੁਬਾਰਾ ਸ਼ੁਰੂ ਕਰ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਸ ਯਾਤਰਾ ਤੋਂ ਇਲਾਵਾ ਇਸ ਮਹੀਨੇ ਬਟਾਲਾ ਸ਼ਹਿਰ ਦੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਲਈ ‘ਹੈਰੀਟੇਜ਼ ਵਾਕ ਬਟਾਲਾ’ ਦੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪੈਦਲ ਯਾਤਰਾ ਵੀ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਇਸ ਰਾਹੀਂ ਬਟਾਲਾ ਸ਼ਹਿਰ ਦੇ ਸਦੀਆਂ ਦੇ ਇਤਿਹਾਸ ਨੂੰ ਰੂਪਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਗੁਰਦਾਸਪੁਰ ਵੱਲੋਂ ਜਲਦੀ ਹੀ ਇੱਕ ਹੋਰ ਬੱਸ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜੋ ਦੇਸ਼-ਵਿਦੇਸ਼ ਦੇ ਯਾਤਰੂਆਂ ਨੂੰ ਜ਼ਿਲ੍ਹੇ ਦੇ ਪ੍ਰਮੁੱਖ ਸਥਾਨਾਂ ਦੇ ਦਰਸ਼ਨ ਕਰਵਾਏਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਯਾਤਰਾਵਾਂ ਵਿੱਚ ਭਾਗ ਲੈਣ ਲਈ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਬਟਾਲਾ ਜਾਂ ਗੁਰਦਾਸਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।