ਜ਼ਿਲ੍ਹੇ ਦੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਲਈ ਇਸ ਐਤਵਾਰ ਨੂੰ ਵੀ ਬਟਾਲਾ ਤੇ ਗੁਰਦਾਸਪੁਰ ਤੋਂ ਚੱਲਣਗੀਆਂ ਵਿਸ਼ੇਸ਼ ਬੱਸਾਂ
ਯਾਤਰਾ ਦੀ ਬਕਿੰਗ ਲਈ ਡੀ.ਪੀ.ਆਰ.ਓ. ਬਟਾਲਾ ਤੇ ਗੁਰਦਾਸਪੁਰ ਨਾਲ ਸੰਪਰਕ ਕੀਤਾ ਜਾ ਸਕਦਾ – ਡੀ.ਸੀ.
ਬਟਾਲਾ, ( ਅਮਰੀਕ ਮਠਾਰੂ) – ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਜ਼ਿਲਾ ਹੈਰੀਟੇਜ਼ ਸੁਸਾਇਟੀ ਵੱਲੋਂ ਜ਼ਿਲੇ ਦੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਹਫ਼ਤਾਵਾਰੀ ਇੱਕ ਦਿਨਾਂ ਯਾਤਰਾ ਇਸ ਵਾਰ ਵੀ ਬਟਾਲਾ ਤੇ ਗੁਰਦਾਸਪੁਰ ਤੋਂ ਰਵਾਨਾ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਇਸ ਐਤਵਾਰ ਨੂੰ ਬਟਾਲਾ ਦੇ ਸ਼ਿਵ ਬਟਾਲਵੀ ਆਡੀਟੋਰੀਅਮ ਅਤੇ ਗੁਰਦਾਸਪੁਰ ਦੇ ਪੰਚਾਇਤ ਭਵਨ ਤੋਂ ਸਵੇਰੇ 9:30 ਵਜੇ ਵਿਸ਼ੇਸ਼ ਬੱਸਾਂ ਚੱਲਣਗੀਆਂ ਜੋ ਯਾਤਰੂਆਂ ਨੂੰ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੀ ਮੁਫ਼ਤ ਯਾਤਰਾ ਕਰਵਾਉਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਦੀ ਯਾਤਰਾ ਬਹੁਤ ਸਫ਼ਲ ਰਹੀ ਸੀ ਅਤੇ ਇਸ ਵਾਰ ਵੀ ਲੋਕਾਂ ਵਿੱਚ ਯਾਤਰਾ ਪ੍ਰਤੀ ਭਾਰੀ ਉਤਸ਼ਾਹ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਵੱਲੋਂ ਯਾਤਰਾ ਲਈ ਦੋ ਸਰਕਟ ਬਣਾਏ ਗਏ ਹਨ ਜਿਸ ਵਿੱਚ ਪਹਿਲਾ ਸਰਕਟ ਗੁਰਦਾਸਪੁਰ ਤੇ ਦੂਸਰਾ ਬਟਾਲਾ ਦਾ ਹੈ। ਉਨਾਂ ਦੱਸਿਆ ਕਿ ਗੁਰਦਾਸਪੁਰ ਤੋਂ ਚੱਲਣ ਵਾਲੀ ਬੱਸ ਰਾਹੀਂ ਛੋਟਾ ਘੱਲੂਘਾਰਾ ਸਮਾਰਕ, ਗੁਰਦੁਆਰਾ ਸ੍ਰੀ ਛੋਟਾ ਘੱਲੂਘਾਰਾ ਕਾਹਨੂੰਵਾਨ, ਗੁਰਦਾਸ ਨੰਗਲ ਗੜ੍ਹੀ, ਸ਼ਿਵ ਮੰਦਰ ਕਲਾਨੌਰ, ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ (ਦਰਸ਼ਨ ਸਥੱਲ), ਸ੍ਰੀ ਚੋਹਲਾ ਸਾਹਿਬ, ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਸਾਹਿਬ, ਰੱਤੜ-ਛੱਤੜ ਮਜ਼ਾਰ, ਧਿਆਨਪੁਰ ਧਾਮ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦਾਸਪੁਰ ਦੇ ਪੰਚਾਇਤ ਭਵਨ ਵਿਖੇ ਖਤਮ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੂਸਰਾ ਟੂਰ ਬਟਾਲਾ ਦੇ ਸ਼ਿਵ ਬਟਾਲਵੀ ਆਡੀਟੋਰੀਅਮ ਤੋਂ ਸਵੇਰੇ 9:30 ਵਜੇ ਸ਼ੁਰੂ ਹੋਵੇਗਾ ਜੋ ਸਭ ਤੋਂ ਪਹਿਲਾਂ ਛੋਟਾ ਘੱਲੂਘਾਰਾ ਸਮਾਰਕ, ਗੁਰਦੁਆਰਾ ਸ੍ਰੀ ਛੋਟਾ ਘੱਲੂਘਾਰਾ ਸਾਹਿਬ ਕਾਹਨੂੰਵਾਨ, ਸ੍ਰੀ ਹਰਗੋਬਿੰਦਪੁਰ ਵਿਖੇ ਲਾਹੌਰੀ ਦਰਵਾਜ਼ਾ, ਗੁਰੂ ਕੀ ਮਸੀਤ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਰਾਧਾ ਕ੍ਰਿਸ਼ਨ ਮੰਦਰ ਪਿੰਡ ਕਿਸ਼ਨ ਕੋਟ, ਨਾਮਦੇਵ ਦਰਬਾਰ ਘੁਮਾਣ, ਅਚਲੇਸ਼ਵਰ ਧਾਮ, ਗੁਰਦੁਆਰਾ ਸ੍ਰੀ ਅੱਚਲ ਸਾਹਿਬ ਦੇ ਦਰਸ਼ਨ ਕਰਦਾ ਹੋਇਆ ਸ਼ਾਮ ਨੂੰ ਬਟਾਲਾ ਵਿਖੇ ਖਤਮ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਯਾਤਰੂਆਂ ਕੋਲੋਂ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ ਅਤੇ ਇਹ ਯਾਤਰਾ ਪੂਰੀ ਤਰਾਂ ਮੁਫ਼ਤ ਹੋਵੇਗੀ। ਉਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਯਾਤਰੂਆਂ ਨੂੰ ਰਸਤੇ ਵਿੱਚ ਰਿਫ਼ਰੈਸ਼ਮੈਂਟ ਵੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਹ ਹਫ਼ਤਾਵਾਰੀ ਇੱਕ ਦਿਨਾਂ ਯਾਤਰਾ ਹਰ ਐਤਵਾਰ ਨੂੰ ਬਟਾਲਾ ਤੇ ਗੁਰਦਾਸਪੁਰ ਤੋਂ ਚੱਲਿਆ ਕਰੇਗੀ।ਬਣ
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਐਤਵਾਰ ਨੂੰ ਬਟਾਲਾ ਸਰਕਟ ਦੀ ਯਾਤਰਾ ਲਈ ਜ਼ਿਲਾ ਲੋਕ ਸੰਪਰਕ ਅਫ਼ਸਰ ਬਟਾਲਾ ਇੰਦਰਜੀਤ ਸਿੰਘ ਦੇ ਮੋਬਾਇਲ ਨੰਬਰ 9815577574 ਉੱਪਰ ਬੁਕਿੰਗ ਕਰਾਈ ਜਾ ਸਕਦੀ ਹੈ ਅਤੇ ਗੁਰਦਾਸਪੁਰ ਸਰਕਟ ਦੀ ਯਾਤਰਾ ਲਈ ਜ਼ਿਲਾ ਲੋਕ ਸੰਪਰਕ ਅਫ਼ਸਰ ਗੁਰਦਾਸਪੁਰ ਹਰਜਿੰਦਰ ਸਿੰਘ ਦੇ ਮੋਬਾਇਲ ਨੰਬਰ 9780013977 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੇ ਪਰਿਵਾਰ ਸਮੇਤ ਇਹ ਮੁਫ਼ਤ ਯਾਤਰਾ ਕਰ ਸਕਦਾ ਹੈ