26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਲਈ ਲੋਕਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਵੱਡੀ ਗਿਣਤੀ ਲੋਕ ਦਿੱਲੀ ਵੱਲ ਵਹੀਰਾ ਘੱਤ ਰਹੇ ਹਨ। ਖ਼ਾਸ ਕਰ ਕੇ ਨੌਜਵਾਨਾਂ ਵਿਚ ਇਸ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਬੀਤੇ ਦਿਨ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਟਰੈਕਟਰਾਂ ਦਾ ਦਿੱਲੀ ਵੱਲ ਜਾਣਾ ਜਾਰੀ ਹੈ। ਕਿਸਾਨਾਂ ਨੇ ਟਰੈਕਟਰਾਂ ਨੂੰ ਖ਼ਾਸ ਤਰ੍ਹਾਂ ਨਾਲ ਸਜਾਇਆ ਗਿਆ ਹੈ।
ਦਿੱਲੀ ਪੁਲੀਸ ਨੇ ਐਤਵਾਰ ਨੂੰ ਕਿਹਾ ਹੈ ਕਿ ਕਿਸਾਨਾਂ ਦੀ ਟਰੈਕਟਰ ਪਰੇਡ 26 ਜਨਵਰੀ ਨੂੰ ਗਣਤੰਤਰ ਦਿਵਸ ਸੰਪੰਨ ਹੋਣ ਮਗਰੋਂ 3 ਰੂਟਾਂ ’ਤੇ ਸਖ਼ਤ ਸੁਰੱਖਿਆ ਹੇਠ ਹੋਵੇਗੀ। ਇਸ ਦਾ ਰੂਟ ਪਲਾਨ ਤੈਅ ਕਰਕੇ ਕਿਸਾਨਾਂ ਨਾਲ ਸਾਂਝਾ ਕਰ ਲਿਆ ਗਿਆ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਵਿਸ਼ੇਸ਼ ਪੁਲੀਸ ਕਮਿਸ਼ਨਰ (ਇੰਟੈਲੀਜੈਂਸ) ਦੀਪੇਂਦਰ ਪਾਠਕ ਨੇ ਕਿਹਾ
ਕਿ ਟਰੈਕਟਰ ਪਰੇਡ ਟਿਕਰੀ ਬਾਰਡਰ (63 ਕਿਲੋਮੀਟਰ), ਸਿੰਘੂ ਬਾਰਡਰ (62 ਕਿਲੋਮੀਟਰ) ਤੇ ਗਾਜ਼ੀਪੁਰ ਬਾਰਡਰ (46 ਕਿਲੋਮੀਟਰ) ਤਿੰਨ ਰੂਟਾਂ ’ਤੇ ਹੋਵੇਗੀ ਅਤੇ ਪਰੇਡ ਖ਼ਤਮ ਹੋਣ ਮਗਰੋਂ ਮੂਲ ਸਥਾਨਾਂ ’ਤੇ ਵਾਪਸ ਆਵੇਗੀ।
ਸਿੰਘੂ ਤੋਂ ਇਹ ਕਾਂਝਵਾਲਾ, ਬਵਾਨਾ, ਅਚੰਡੀ ਹੱਦ, ਕੇਐੱਮਪੀ ਐਕਸਪ੍ਰੈੱਸਵੇਅ ਤੋਂ ਹੁੰਦੀ ਹੋਈ ਵਾਪਸ ਸਿੰਘੂ ਆਵੇਗੀ। ਟਿਕਰੀ ਸਰਹੱਦ ਤੋਂ ਇਹ ਪਰੇਡ ਨਾਗਲੋਈ ਜਾ ਕੇ ਨਜ਼ਫਗੜ੍ਹ ਅਤੇ ਪੱਛਮੀ ਪੈਰੀਫੇਰੀਅਲ ਐਕਸਪ੍ਰੈੱਸ ਵੇਅ ਰਾਹੀਂ ਲੰਘੇਗੀ। ਗਾਜ਼ੀਪੁਰ ਦੀ ਹੱਦ ਤੋਂ ਇਹ ਮਾਰਚ ਕੁੰਡਲੀ-ਗਾਜ਼ੀਆਬਾਦ-ਪਲਵਲ ਐਕਸਪ੍ਰੈੱਸ ਵੇਅ ਤੋਂ ਲੰਘਦਾ ਹੋਇਆ ਆਪਣੇ ਮੂਲ ਸਥਾਨ ’ਤੇ ਵਾਪਸ ਆਵੇਗਾ।

