ਬਾਗਬਾਨੀ ਵਿਭਾਗ ਨੇ ਜਨਵਰੀ ਮਹੀਨੇ ਦੌਰਾਨ ਬਾਗਾਂ ਨੂੰ ਸੰਭਾਲਣ ਦੇ ਨੁਕਤੇ ਬਾਗਬਾਨਾਂ ਨਾਲ ਸਾਂਝੇ ਕੀਤੇ

 

ਬਾਗਬਾਨੀ ਵਿਭਾਗ ਨੇ ਜਨਵਰੀ ਮਹੀਨੇ ਦੌਰਾਨ ਬਾਗਾਂ ਨੂੰ ਸੰਭਾਲਣ ਦੇ ਨੁਕਤੇ ਬਾਗਬਾਨਾਂ ਨਾਲ ਸਾਂਝੇ ਕੀਤੇ

ਬਟਾਲਾ, ( ਅਮਰੀਕ ਮਠਾਰੂ) – ਬਾਗਬਾਨੀ ਵਿਭਾਗ ਨੇ ਬਾਗਬਾਨ ਨੂੰ ਸਲਾਹ ਦਿੱਤੀ ਹੈ ਕਿ ਜਨਵਰੀ ਦੇ ਦੂਜੇ ਪੰਦਰਵਾੜੇ ਤੱਕ ਨਾਖ, ਆੜੂ ਅਤੇ ਅਲੂਚੇ ਦੇ ਨਵੇਂ ਬੂਟੇ ਲਗਾ ਦੇਣੇ ਚਾਹੀਦੇ ਹਨ। ਇਸ ਤੋਂ ਇਲਾਵਾ ਜਨਵਰੀ ਮਹੀਨੇ ਵਿੱਚ ਬਿਨਾਂ ਗਾਚੀ ਤੋਂ ਬੇਰ ਵੀ ਲੱਗ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਬਟਾਲਾ ਦੇ ਬਾਗਬਾਨੀ ਵਿਕਾਸ ਅਧਿਕਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਮਹੀਨਾ ਆੜੂ, ਅਲੂਚੇ ਅਤੇ ਨਾਖਾਂ ਆਦਿ ਦੀ ਕਟਾ-ਛਾਂਟ ਲਈ ਬਹੁਤ ਢੁੱਕਵਾਂ ਸਮਾਂ ਹੈ। ਇਨ੍ਹਾਂ ਬੂਟਿਆਂ ਦੀ ਕਾਟ-ਛਾਂਟ ਸਿਫ਼ਾਰਸ਼ਾਂ ਮੁਤਾਬਿਕ ਹੀ ਕੀਤੀ ਜਾਣੀ ਚਾਹੀਦੀ ਹੈ, ਅੰਗੂਰਾਂ ਅਤੇ ਨਾਖਾਂ ਦੀ ਕਾਂਟ-ਛਾਂਟ 15 ਫ਼ਰਵਰੀ ਤੱਕ ਕੀਤੀ ਜਾ ਸਕਦੀ ਹੈ।

ਬਾਗਬਾਨੀ ਵਿਕਾਸ ਅਧਿਕਾਰੀ ਨੇ ਕਿਹਾ ਕਿ ਇਸ ਮਹੀਨੇ ਹਰ ਬੂਟੇ ਕੋਲ ਜਾ ਕੇ ਧਿਆਨ ਨਾਲ ਦੇਖੋ ਕਿ ਠੰਢ ਤੋਂ ਬਚਾਉਣ ਲਈ ਜੋ ਕੁੱਲੀ ਬੰਨ੍ਹੀ ਸੀ ਉਹ ਠੀਕ ਹੈ। ਜੇਕਰ ਠੀਕ ਕਰਨ ਦੀ ਲੋੜ ਹੈ ਤਾਂ ਠੀਕ ਕਰ ਦਿਉ। ਫ਼ਲਦਾਰ ਬੂਟਿਆਂ ਨੂੰ ਹੁਣ ਤੱਕ ਦੇਸੀ ਰੂੜੀ ਪਾ ਦਿਓ। ਜੇਕਰ ਨਹੀਂ ਪਾਈ ਤਾਂ ਇਹ ਜ਼ਰੂਰੀ ਕੰਮ ਜਲਦੀ ਪੂਰਾ ਕਰ ਦਿਉ। ਉਨ੍ਹਾਂ ਕਿਹਾ ਕਿ ਬੇਰਾਂ ਨੂੰ ਇਸ ਮਹੀਨੇ ਪਾਣੀ ਦਿਓ ਕਿਉਂਕਿ ਇਸ ਮਹੀਨੇ ਫ਼ਲਾਂ ਦੇ ਵਾਧੇ ਦੀ ਅਵਸਥਾ ਹੁੰਦੀ ਹੈ। ਬਾਗਬਾਨੀ ਅਫ਼ਸਰ ਨੇ ਕਿਹਾ ਕਿ ਇਹ ਮਹੀਨਾ ਨਿੰਬੂ ਜਾਤੀ ਦੇ ਬੂਟਿਆਂ ਤੋਂ ਸੁੱਕੀਆਂ ਟਹਿਣੀਆਂ ਕੱਟਣ ਦਾ ਵੀ ਸਹੀ ਸਮਾਂ ਹੈ ਕਿਉਂਕਿ ਫਿਰ ਨਵਾਂ ਫੁਟਾਰਾ ਸ਼ੁਰੂ ਹੋ ਜਾਂਦਾ ਹੈ। ਕੱਟ ਵਾਲੇ ਟੱਕਾਂ ਤੇ ਬੋਰਡੋ ਪੇਂਟ ਲਗਾਉ। ਜੇ ਮੁੱਢਾਂ ਤੇ ਗੂੰਦ ਵਗਦੀ ਹੋਵੇ ਤਾਂ ਗੂੰਦ ਨੂੰ ਚਾਕੂ ਨਾਲ ਸਾਫ਼ ਕਰਕੇ ਬੋਰਡੋ ਪੇਂਟ ਲਗਾਓ।

ਬਾਗਬਾਨੀ ਵਿਕਾਸ ਅਧਿਕਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੂਟਿਆਂ ਉੱਪਰ 2 : 2: 250 ਬੋਰਡੋ ਮਿਸ਼ਰਣ ਦਾ ਛਿੜਕਾਅ ਕਰੋ। ਨਿੰਬੂ ਜਾਤੀ ਦੇ ਮੁੱਢ ਦੇ ਗਾਲੇ ਗਮੋਸਿਸ ਅਤੇ ਕੈਂਕਰ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਬਿਮਾਰੀ ਤੋਂ ਪ੍ਰਭਾਵਿਤ ਟਾਹਣੀਆਂ ਕੱਟ ਦਿਉ ਅਤੇ ਫਿਰ ਕੱਟੀ ਹੋਈ ਥਾਂ ਤੇ ਬੋਰਡੋ ਪੇਸਟ ਦਾ ਘੋਲ ਲਗਾਉ। ਅੰਬਾਂ ਦੇ ਪੁਰਾਣੇ ਦਰੱਖਤਾਂ ਦਾ ਨਵੀਨੀਕਰਨ ਕਰਨ ਲਈ ਜਨਵਰੀ ਵਿੱਚ ਦਰੱਖਤਾਂ ਨੂੰ ਜ਼ਮੀਨ ਦੇ ਪੱਧਰ ਤੋਂ ਤਿੰਨ ਮੀਟਰ ਦੀ ਉਚਾਈ ਤੋਂ ਕੱਟ ਦਿਉ ਅਤੇ ਕੱਟੇ ਹੋਏ ਭਾਗਾਂ ਤੇ ਬੋਰਡੋ ਪੇਸਟ ਲਗਾ ਦਿਓ। ਧਿਆਨ ਰੱਖੋ ਕਿ ਕੱਟੇ ਹੋਏ ਦਰੱਖਤਾਂ ਦੀਆ 4-5 ਬਾਹਰ ਵੱਲ ਜਾਂਦੀਆਂ ਸਾਂਖਵਾ ਬਚ ਜਾਣ।

ਅੰਬਾਂ ਦੀ ਗਦੈਹੜੀ ਦੀ ਰੋਕਥਾਮ ਲਈ ਦਰਖ਼ਤਾਂ ਦੇ ਤਣਿਆਂ ਦੁਆਲੇ 15-20 ਸੈਂਟੀਮੀਟਰ ਚੌੜੀ ਤਿਲਕਵੀਂ ਪੱਟੀ ਬੰਨ੍ਹ ਦਿਉ। ਇਹ ਜ਼ਮੀਨ ਦੀ ਪੱਧਰ ਤੋਂ ਇੱਕ ਮੀਟਰ ਉੱਚੀ ਹੋਵੇ। ਉਨ੍ਹਾਂ ਕਿਹਾ ਕਿ ਕਿੰਨੋ ਅਤੇ ਬਲੱਡ ਰੈੱਡ ਮਾਲਟੇ ਦੀ ਤੁੜਾਈ ਲਈ ਇਹ ਢੁੱਕਵਾਂ ਸਮਾਂ ਹੈ। ਫ਼ਲ ਤੋੜਨ ਸਮੇਂ ਧਿਆਨ ਰੱਖੋ ਕਿ ਫ਼ਲ ਡੰਡੀ ਬਟਨ ਦੀ ਤਰ੍ਹਾਂ ਕੱਟੀ ਹੋਵੇ, ਨਹੀਂ ਤਾਂ ਲੰਬੀ ਡੰਡੀ ਦੂਜੇ ਫ਼ਲਾਂ ਨੂੰ ਜ਼ਖ਼ਮੀ ਕਰ ਸਕਦੀ ਹੈ ਅਤੇ ਫ਼ਲ ਗਲ ਸਕਦੇ ਹਨ।

Leave a Reply

Your email address will not be published. Required fields are marked *