ਸੀਵਰੇਜ ਪਾਉਣ ਸਮੇਂ ਰਾਹਗੀਰਾਂ ਲਈ ਆਵਾਜਾਈ ਦਾ ਬਦਲਵਾਂ ਪ੍ਰਬੰਧ ਜਰੂਰ ਕਰੇ ਸੀਵਰੇਜ ਬੋਰਡ – ਚੇਅਰਮੈਨ ਚੀਮਾ

 

ਸੀਵਰੇਜ ਪਾਉਣ ਸਮੇਂ ਰਾਹਗੀਰਾਂ ਲਈ ਆਵਾਜਾਈ ਦਾ ਬਦਲਵਾਂ ਪ੍ਰਬੰਧ ਜਰੂਰ ਕਰੇ ਸੀਵਰੇਜ ਬੋਰਡ – ਚੇਅਰਮੈਨ ਚੀਮਾ

ਚੀਮਾ ਵੱਲੋਂ ਅਧਿਕਾਰੀਆਂ ਨੂੰ ਰੋਜ਼ਾਨਾਂ ਸੀਵਰੇਜ ਦੇ ਕੰਮ ਦੀ ਪ੍ਰਗਤੀ ਦਾ ਜਾਇਜਾ ਲੈਣ ਦੀਆਂ ਹਦਾਇਤਾਂ

ਬਟਾਲਾ,  ( ਅਮਰੀਕ ਮਠਾਰੂ, ਰੰਜਨਦੀਪ ਸੰਧੂ,ਬਲਦੇਵ ਸਿੰਘ ਖਾਲਸਾ) – ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਸੀਵਰੇਜ ਦੀਆਂ ਲਾਈਨਾਂ ਪਾਉਣ ਸਮੇਂ ਆਵਾਜਾਈ ਦਾ ਬਦਲਵਾਂ ਪ੍ਰਬੰਧ ਜਰੂਰ ਕਰਨ ਤਾਂ ਜੋ ਰਾਹਗੀਰਾਂ ਨੂੰ ਕੋਈ ਮੁਸ਼ਕਲ ਨਾ ਆਵੇ। ਅੱਜ ਆਪਣੇ ਕੈਂਪ ਦਫ਼ਤਰ ਵਿਖੇ ਸੀਵਰੇਜ ਬੋਰਡ ਦੇ ਐੱਸ.ਈ. ਸ੍ਰੀ ਸੁਰਿੰਦਰ ਕੁਮਾਰ ਰੰਗਾ, ਐਕਸੀਅਨ ਅਤੇ ਐੱਸ.ਡੀ.ਓ. ਨਾਲ ਮੀਟਿੰਗ ਕਰਦਿਆਂ ਚੇਅਰਮੈਨ ਸ. ਚੀਮਾ ਨੇ ਕਿਹਾ ਕਿ ਸੀਵਰੇਜ ਦੇ ਕੰਮ ਨੂੰ ਤਹਿ ਸਮੇਂ ਅੰਦਰ ਪੂਰਾ ਕੀਤਾ ਜਾਵੇ ਅਤੇ ਬਿਨ੍ਹਾਂ ਵਜ੍ਹਾ ਕਈ-ਕਈ ਦਿਨ ਰਸਤਾ ਨਾ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਸੀਵਰੇਜ ਪਾਉਣ ਸਮੇਂ ਪੂਰੇ ਮਾਪਦੰਡਾਂ ਦਾ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਕੰਮ ਵਿੱਚ ਕਿਸੇ ਪ੍ਰਕਾਰ ਦੀ ਊਣਤਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਟਾਲਾ ਸ਼ਹਿਰ ਵਿੱਚ ਚੱਲ ਰਹੇ ਸੀਵਰੇਜ ਅਤੇ ਜਲ-ਸਪਲਾਈ ਪ੍ਰੋਜੈਕਟਾਂ ਦੀ ਖੁਦ ਨਿਗਰਾਨੀ ਕਰਨ ਅਤੇ ਮੌਕੇ ਉੱਪਰ ਜਾ ਕੇ ਰੋਜ਼ਾਨਾਂ ਕੰਮ ਦੀ ਪ੍ਰਗਤੀ ਦਾ ਜਾਇਜਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਬਟਾਲਾ ਸ਼ਹਿਰ ਲਈ ਬੜਾ ਅਹਿਮ ਹੈ ਅਤੇ ਇਸਦੇ ਮੁਕੰਮਲ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ।

ਇਸ ਮੌਕੇ ਚੇਅਰਮੈਨ ਸ. ਚੀਮਾ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਬਟਾਲਾ ਸ਼ਹਿਰ ਵਿੱਚ ਅਮੁਰਤ ਯੋਜਨਾ ਤਹਿਤ ਪੈ ਰਹੇ ਸੀਵਰੇਜ ਤੇ ਜਲ ਸਪਲਾਈ ਪ੍ਰੋਜੈਕਟ ਦਾ ਨਿਰੀਖਣ ਵੀ ਕੀਤਾ। ਕਾਹਨੂੰਵਾਨ ਰੋਡ ਦੇ ਵਸਨੀਕਾਂ ਵੱਲੋਂ ਸ. ਚੀਮਾ ਦਾ ਧਿਆਨ ਸੀਵਰੇਜ ਦੇ ਮੇਨ ਹੋਲ ਦੀ ਸਮੱਸਿਆ ਦਿਵਾਇਆ ਗਿਆ ਤਾਂ ਉਨ੍ਹਾਂ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਿਨ੍ਹਾਂ ਦੇਰੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਸ. ਚੀਮਾ ਨੇ ਕਿਹਾ ਕਿ ਸਾਲ 2021 ਦੌਰਾਨ ਬਟਾਲਾ ਸ਼ਹਿਰ ਵਿੱਚ ਸੀਵਰੇਜ ਅਤੇ ਜਲ ਸਪਲਾਈ ਦਾ ਪ੍ਰੋਜੈਕਟ ਮੁਕੰਮਲ ਹੋ ਜਾਵੇਗਾ ਜਿਸ ਨਾਲ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਸਾਲ ਵੀ ਬਟਾਲਾ ਸ਼ਹਿਰ ਦੇ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੋਵੇਗਾ।

Leave a Reply

Your email address will not be published. Required fields are marked *