‘ਮੇਰਾ ਕੂੜਾ, ਮੇਰੀ ਜਿੰਮੇਵਾਰੀ’ ਮੁਹਿੰਮ ਤਹਿਤ ਬਟਾਲਾ ਸ਼ਹਿਰ ਨੂੰ ਡੰਪ ਮੁਕਤ ਕਰਨ ਲਈ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਪਹਿਲੇ ਪੜਾਅ ਤਹਿਤ ਸ਼ਹਿਰ ਵਿੱਚਲੇ ਮੁੱਖ 30 ਕੂੜਾ ਡੰਪਾਂ ਨੂੰ ਖਤਮ ਕੀਤਾ ਜਾਵੇਗਾ – ਡੀ.ਸੀ.

 

‘ਮੇਰਾ ਕੂੜਾ, ਮੇਰੀ ਜਿੰਮੇਵਾਰੀ’ ਮੁਹਿੰਮ ਤਹਿਤ ਬਟਾਲਾ ਸ਼ਹਿਰ ਨੂੰ ਡੰਪ ਮੁਕਤ ਕਰਨ ਲਈ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ

ਪਹਿਲੇ ਪੜਾਅ ਤਹਿਤ ਸ਼ਹਿਰ ਵਿੱਚਲੇ ਮੁੱਖ 30 ਕੂੜਾ ਡੰਪਾਂ ਨੂੰ ਖਤਮ ਕੀਤਾ ਜਾਵੇਗਾ – ਡੀ.ਸੀ.

ਸ਼ਹਿਰ ਨੂੰ ਡੰਪ ਮੁਕਤ ਕਰਨ ਲਈ ਬਟਾਲਾ ਵਾਸੀ ਪ੍ਰਸ਼ਾਸਨ ਦਾ ਸਹਿਯੋਗ ਕਰਨ

ਬਟਾਲਾ,  (ਅਮਰੀਕ ਮਠਾਰੂ, ਰੰਜਨਦੀਪ ਸੰਧੂ ) – ‘ਮੇਰਾ ਕੂੜਾ, ਮੇਰੀ ਜਿੰਮੇਵਾਰੀ’ ਮੁਹਿੰਮ ਤਹਿਤ ਬਟਾਲਾ ਸ਼ਹਿਰ ਨੂੰ ਡੰਪ ਮੁਕਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਬਟਾਲਾ ਸ਼ਹਿਰ ਨੂੰ ਸਫ਼ਾਈ ਪੱਖੋਂ ਬੇਹਤਰ ਬਣਾਉਣ ਲਈ ਹਰ ਹਫ਼ਤੇ ਨਗਰ ਨਿਗਮ ਦੇ ਅਧਿਕਾਰੀਆਂ, ਸਫ਼ਾਈ ਕਰਮੀਆਂ ਅਤੇ ਬਟਾਲਾ ਵਾਸੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਜ਼ਮੀਨੀ ਹਕੀਕਤ ਨੂੰ ਜਾਣ ਕੇ ਉਸ ਅਨੁਸਾਰ ਕਾਰਵਾਈ ਕੀਤੀ ਜਾ ਸਕੇ।

ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਅੱਜ ਬਟਾਲਾ ਦੇ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਮੀਟਿੰਗ ਕਰਕੇ ਸ਼ਹਿਰ ਦੀ ਸਫ਼ਾਈ ਵਿਵਸਥਾ ਦਾ ਜਾਇਜਾ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਕਿਹਾ ਕਿ ਉਹ ਸਫ਼ਾਈ ਮੁਹਿੰਮ ਵਿੱਚ ਸਮੂਹ ਸ਼ਹਿਰ ਵਾਸੀਆਂ ਦਾ ਸਾਥ ਲੈਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੁੱਕਾ ਤੇ ਗਿੱਲਾ ਕੂੜਾ ਵੱਖ-ਵੱਖ ਦੇਣ ਲਈ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਤਹਿਤ ਸ਼ਹਿਰ ਵਿੱਚਲੇ ਮੁੱਖ 30 ਕੂੜਾ ਡੰਪ ਨੂੰ ਖਤਮ ਕੀਤਾ ਜਾਵੇ ਅਤੇ ਇਨ੍ਹਾਂ ਡੰਪਾਂ ਉੱਪਰ ਸੁੱਕੇ ਕੂੜੇ ਲਈ ਪਲਾਸਟਿਕ ਦੇ ਵੱਡੇ ਲਿਫਾਫੇ ਰੱਖੇ ਜਾਣ ਅਤੇ ਗਿੱਲੇ ਕੂੜੇ ਲਈ ਵੱਖਰਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੂੜਾ ਸੈਗਰੀਗੇਟ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਹਰ ਡੰਪ ਉੱਪਰ ਸਫ਼ਾਈ ਕਰਮੀਆਂ ਦੇ ਨਾਲ ਵਲੰਟੀਅਰ ਲਗਾਏ ਜਾਣਗੇ ਜੋ ਲੋਕਾਂ ਨੂੰ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਕਰਨ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਪੁਆਇੰਟਾਂ ਉੱਪਰ ਕੂੜੇ ਨਾਲ ਬੋਰੇ ਭਰ ਜਾਣਗੇ ਤਾਂ ਸਫ਼ਾਈ ਕਰਮੀ ਈ-ਰਿਕਸ਼ਾ ਮੰਗਵਾ ਕੇ ਸੁੱਕੇ ਕੂੜੇ ਨੂੰ ਐੱਮ.ਆਰ.ਐੱਫ. ਯੂਨਿਟ ’ਤੇ ਅਤੇ ਗਿੱਲੇ ਕੂੜੇ ਨੂੰ ਕੰਪੋਸਟ ਪਿਟਸ ’ਤੇ ਭੇਜ ਦੇਣਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੂੜੇ ਦਾ ਨਿਪਟਾਰਾ ਕੂੜੇ ਨੂੰ ਸੈਗਰੀਗੇਟ ਕਰਕੇ ਹੀ ਕੀਤਾ ਜਾ ਸਕਦਾ ਹੈ ਅਤੇ ਇਸ ਲਈ ਲੋਕਾਂ ਨੂੰ ਆਪਣੀ ਆਦਤ ਵਿੱਚ ਬਦਲਾਅ ਲਿਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਹਰ ਸ਼ਹਿਰ ਵਾਸੀ ਆਪਣੇ ਘਰ ਵਿੱਚ ਸੁੱਕੇ ਅਤੇ ਗਿੱਲੇ ਕੂੜੇ ਲਈ ਦੋ ਵੱਖ-ਵੱਖ ਡਸਟਬੀਨ ਲਗਾਏ ਅਤੇ ਸਫ਼ਾਈ ਕਰਮੀ ਨੂੰ ਸੁੱਕਾ ਤੇ ਗਿੱਲਾ ਕੂੜਾ ਵੱਖ-ਵੱਖ ਹੀ ਦੇਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੇ ਇਸ ਨਿੱਕੇ ਜਿਹੇ ਉਪਰਾਲੇ ਨਾਲ ਹੀ ਬਹੁਤ ਜਲਦ ਸ਼ਹਿਰ ਡੰਪ ਮੁਕਤ ਹੋ ਸਕਦਾ ਹੈ। ਉਨ੍ਹਾਂ ਕਮਿਸ਼ਨਰ ਨਗਰ ਨਿਗਮ ਨੂੰ ਕਿਹਾ ਕਿ ਸਫ਼ਾਈ ਕਰਮੀਆਂ ਦੀ ਗਿਣਤੀ ਵਧਾਈ ਜਾਵੇ ਅਤੇ ਹਰ ਘਰ ਵਿੱਚੋਂ ਕੂੜਾ ਚੁੱਕਣਾ ਯਕੀਨੀ ਬਣਾਇਆ ਜਾਵੇ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬਟਾਲਾ ਸ਼ਹਿਰ ਦੀ ਸਫ਼ਾਈ ਵਿਵਸਥਾ ਦੀ ਨਿਗਰਾਨੀ ਰੱਖਣ ਲਈ ਨਿਯੁਕਤ ਕੀਤੇ ਅਬਜ਼ਰਵਰਾਂ ਅਤੇ ਸਫ਼ਾਈ ਕਰਮਚਾਰੀਆਂ ਕੋਲੋਂ ਫੀਡਬੈਕ ਲਈ ਅਤੇ ਉਨ੍ਹਾਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਵੀ ਦਿੱਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੰਗਾ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਗਣਤੰਤਰ ਦਿਵਸ ਸਮਾਗਮ ਉੱਪਰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਜਾਵੇਗਾ।

ਮੀਟਿੰਗ ਦੌਰਾਨ ਐੱਸ.ਡੀ.ਐੱਮ. ਬਟਾਲਾ-ਕਮ-ਕਮਿਸ਼ਨਰ ਨਗਰ ਨਿਗਮ ਸ. ਬਲਵਿੰਦਰ ਸਿੰਘ, ਤਹਿਸੀਲਦਾਰ ਜਸਕਰਨ ਸਿੰਘ, ਐਕਸੀਅਨ ਨਗਰ ਨਿਗਮ ਰਮੇਸ਼ ਭਾਟੀਆ, ਐਕਸੀਅਨ ਲੋਕ ਨਿਰਮਾਣ ਵਿਭਾਗ ਰਾਜੀਵ ਸੈਣੀ, ਐੱਸ.ਡੀ.ਓ. ਰਵਿੰਦਰ ਸਿੰਘ ਕਲਸੀ, ਐੱਸ.ਡੀ.ਓ. ਦਵਿੰਦਰਪਾਲ ਸਿੰਘ, ਸੁਪਰਡੈਂਟ ਨਿਰਮਲ ਸਿੰਘ, ਨਾਇਬ ਤਹਿਸੀਲਦਾਰ ਰਾਜ ਕੁਮਾਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *