ਸਫ਼ਾਈ ਕਰਮਚਾਰੀਆਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਸ਼ਲਾਘਾਯੋਗ ਕੰਮ ਕੀਤਾ : ਡੀ.ਸੀ.
ਸਫ਼ਾਈ ਕਰਮੀ ਘਰਾਂ ਵਿੱਚੋਂ ਸੁੱਕਾ ਤੇ ਗਿੱਲਾ ਕੂੜਾ ਵੱਖ-ਵੱਖ ਇਕੱਠਾ ਕਰਨ
ਵਧੀਆ ਕੰਮ ਕਰਨ ਵਾਲੇ ਸਫ਼ਾਈ ਕਰਮਚਾਰੀ ਨੂੰ ਕੀਤਾ ਜਾਵੇਗਾ ਸਨਮਾਨਤ
ਬਟਾਲਾ, 22 ਦਸੰਬਰ (ਅਮਰੀਕ ਮਠਾਰੂ, ਰੰਜਨਦੀਪ ਸੰਧੂ ) – ਸਥਾਨਕ ਸਰਕਾਰਾਂ ਵਿਭਾਗ ਵਿੱਚ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਮੂਹਰਲੀ ਕਤਾਰ ਵਿਚ ਆਪਣੇ ਕੰਮ ਨੂੰ ਨਿਪੁੰਨਤਾ ਤੇ ਸਿਰੜ ਨਾਲ ਕਰਕੇ ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ।
ਸਫ਼ਾਈ ਕਰਮੀਆਂ ਵੱਲੋਂ ਕੋਰਨਾ ਕਾਲ ਦੌਰਾਨ ਨਿਭਾਈਆਂ ਸੇਵਾਵਾਂ ਦੀ ਸਰਾਹਨਾ ਕਰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਜਿਥੇ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦਾ ਕੰਮ ਬਹੁਤ ਅਹਿਮ ਸੀ ਓਥੇ ਸਫ਼ਾਈ ਕਰਮਚਾਰੀਆਂ ਦਾ ਕੰਮ ਵੀ ਬਹੁਤ ਔਖਾ ਤੇ ਚਣੌਤੀਪੂਰਨ ਸੀ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮੀਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਕੋਰੋਨਾ ਕਾਲ ਦੌਰਾਨ ਵੀ ਸਫ਼ਾਈ ਵਿਵਸਥਾ ਨੂੰ ਠੀਕ ਰੱਖ ਕੇ ਜਿਥੇ ਕੋਰੋਨਾ ਮਹਾਂਮਾਰੀ ਦੇ ਪਸਾਰ ਨੂੰ ਰੋਕਿਆ ਹੈ ਓਥੇ ਕਈ ਹੋਰ ਬਿਮਾਰੀਆਂ ਤੋਂ ਵੀ ਸਮਾਜ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮੀਆਂ ਦੀਆਂ ਇਨ੍ਹਾਂ ਸੇਵਾਵਾਂ ਉੱਤੇ ਪੂਰੇ ਸਮਾਜ ਨੂੰ ਮਾਣ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਫ਼ਾਈ ਇੱਕ ਅਜਿਹਾ ਵਿਸ਼ਾ ਹੈ ਜੋ ਸਿੱਧਾ ਸਾਡੀ ਸਿਹਤ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਨੂੰ ਖੁਦਾਈ ਦਾ ਰੁਤਬਾ ਦਿੱਤਾ ਗਿਆ ਹੈ ਇਸ ਲਈ ਸਫ਼ਾਈ ਕਰਨ ਵਾਲੇ ਕਰਮਚਾਰੀਆਂ ਨੂੰ ਸਮਾਜ ਵੱਲੋਂ ਪੂਰਾ ਮਾਣ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਫ਼ਾਈ ਕਰਮੀਆਂ ਨੂੰ ਕਿਹਾ ਕਿ ਉਨ੍ਹਾਂ ਦਾ ਪੇਸ਼ਾ ਬਹੁਤ ਜਿੰਮੇਵਾਰੀ ਵਾਲਾ ਹੈ ਅਤੇ ਹਰ ਸਫ਼ਾਈ ਕਰਮਚਾਰੀ ਨੂੰ ਆਪਣੀ ਇਸ ਜਿੰਮੇਵਾਰੀ ਦਾ ਅਹਿਸਾਸ ਕਰਦਿਆਂ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਸਫ਼ਾਈ ਕਰਮਚਾਰੀ ਆਪਣੀ ਬੀਟ ਦੀ ਰੋਜ਼ਾਨਾ ਸਫ਼ਾਈ ਕਰੇ ਅਤੇ ਆਪਣੇ ਇਲਾਕੇ ਦੇ ਘਰਾਂ ਵਿੱਚ ਸੁੱਕਾ ਤੇ ਗਿੱਲਾ ਕੂੜਾ ਵੱਖ-ਵੱਖ ਇਕੱਤਰ ਕਰੇ। ਉਨ੍ਹਾਂ ਕਿਹਾ ਸਫ਼ਾਈ ਕਰਮੀ ਜਿਸ ਵੀ ਘਰ ਵਿੱਚੋਂ ਕੂੜਾ ਇਕੱਤਰ ਕਰਦੇ ਹਨ ਉਨ੍ਹਾਂ ਤੱਕ ਇਹ ਸੁਨੇਹਾ ਜਰੂਰ ਦੇਣ ਕਿ ਉਹ ਆਪਣੇ ਘਰਾਂ ਦਾ ਕੂੜਾ ਸੈਗਰੀਗੇਟ ਕਰਕੇ ਹੀ ਉਨ੍ਹਾਂ ਨੂੰ ਦੇਣ। ਉਨ੍ਹਾਂ ਕਿਹਾ ਕਿ ਸੈਗਰੀਗੇਟ ਕੂੜਾ ਇਕੱਠਾ ਹੋਣ ਨਾਲ ਕਿਤੇ ਵੀ ਕੂੜੇ ਦਾ ਡੰਪ ਨਹੀਂ ਲੱਗੇਗਾ ਅਤੇ ਸੁੱਕੇ ਤੇ ਗਿੱਲੇ ਕੂੜੇ ਨੂੰ ਅਸਾਨੀ ਨਾਲ ਵੱਖ-ਵੱਖ ਮੈਨੇਜ ਕੀਤਾ ਜਾ ਸਕੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜਾ ਸਫ਼ਾਈ ਕਰਮਚਾਰੀ ਸਭ ਤੋਂ ਵਧੀਆ ਕੰਮ ਕਰੇਗਾ ਉਸਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਜਾਵੇਗਾ।

