ਸਰਦੀਆਂ ਦੇ ਮੌਸਮ ਵਿੱਚ ਫ਼ਲਦਾਰ ਬੁੂਟਿਆਂ ਵੱਲ ਖਾਸ ਧਿਆਨ ਦੇਣ ਦੀ ਲੋੜ – ਬਾਗਬਾਨੀ ਵਿਭਾਗ
ਬੇਰ ਦੇ ਬੂਟਿਆਂ ਦੀ ਪੱਤਾ ਸੈਂਪਲਿੰਗ ਲਈ ਦਸੰਬਰ ਤੋਂ ਜਨਵਰੀ ਢੁੱਕਵਾਂ ਸਮਾਂ
ਬਟਾਲਾ, ( ਅਮਰੀਕ ਮਠਾਰੂ ਰੰਜਨਦੀਪ ਸੰਧੂ) – ਸਰਦੀਆਂ ਦੇ ਮੌਸਮ ਵਿੱਚ ਫ਼ਲਦਾਰ ਬੁੂਟਿਆਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਸਦਾਬਹਾਰ ਫ਼ਲਦਾਰ ਨਵੇਂ ਲਗਾਏ ਬੂਟਿਆਂ ਦੀ ਦੇਖਭਾਲ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਮੁੱਢਲੀ ਹਾਲਤ ਵਿੱਚ ਬਿਨਾਂ ਚੰਗੀ ਤਰਾਂ ਦੇਖਭਾਲ ਦੇ ਬੂਟੇ ਵਧਦੇ-ਫੁਲਦੇ ਨਹੀਂ ਅਤੇ ਕਈ ਵਾਰ ਤਾਂ ਅਣਗਹਿਲੀ ਕਾਰਨ ਬੂਟੇ ਮਰ ਵੀ ਜਾਂਦੇ ਹਨ।
ਸਰਦੀਆਂ ਦੇ ਮੌਸਮ ਦੌਰਾਨ ਫ਼ਲਦਾਰ ਬੂਟਿਆਂ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੰਦਿਆਂ ਬਟਾਲਾ ਦੇ ਬਾਗਬਾਨੀ ਵਿਕਾਸ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਉਂਦ ਤੋਂ ਹੇਠਾਂ ਦੀਆਂ ਫੁੱਟ ਰਹੀਆਂ ਟਹਣੀਆਂ ਨੂੰ ਕਟਦੇ ਰਹੋ। ਅਣਚਾਹਿਆ ਫੁਟਾਰਾ ਹਰ 10-15 ਦਿਨਾਂ ਪਿਛੋਂ ਬਹੁਤ ਹੀ ਧਿਆਨ ਨਾਲ ਕੱਟ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਦਾਬਹਾਰ ਫਲਦਾਰ ਛੋਟੇ ਬੂਟਿਆਂ ਉੱਪਰ ਸਰਕੰਡੇ, ਪਰਾਲੀ ਜਾਂ ਮੱਕੀ ਦੇ ਟਾਂਡਿਆਂ ਨਾਲ ਛਤਰੀਆਂ ਬਣਾ ਕੇ ਆਉਣ ਵਾਲੇ ਸਰਦੀ ਦੇ ਮੌਸਮ ਦੇ ਭੈੜੇ ਅਸਰ ਤੋਂ ਬਚਾਓ ਕੀਤਾ ਜਾ ਸਕਦਾ ਹੈ। ਨਿੰਬੂ ਜਾਤੀ ਦੇ ਬੂਟੇ ਜ਼ਿਆਦਾ ਠੰਢ ਨਹੀਂ ਸਹਾਰ ਸਕਦੇ, ਜੇਕਰ ਜੀਰੋ ਡਿਗਰੀ ਸੈਂਟੀਗਰੇਡ ਤੋਂ ਘੱਟ ਤਾਪਮਾਨ ਲੰਮੇ ਸਮੇਂ ਲਈ ਰਹਿ ਜਾਵੇ ਤਾਂ ਨਿੰਬੂ ਜਾਤੀ ਦੇ ਬੂਟਿਆਂ ਲਈ ਹਾਨੀਕਾਰਕ ਹੁੰਦਾ ਹੈ।ੱ
ਬਾਗਬਾਨੀ ਅਫ਼ਸਰ ਨੇ ਦੱਸਿਆ ਕਿ ਛੋਟੇ ਬੂਟਿਆਂ ਨੂੰ ਛੇਤੀ-ਛੇਤੀ ਅਤੇ ਹਲਕਾ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ। ਭਰਵੀਂ ਸਿੰਜਾਈ ਨਹੀਂ ਕਰਨੀ ਚਾਹੀਦੀ। ਬੂਟੀਆਂ ਨੂੰ ਪਾਣੀ ‘ਸੁਧਰੇ ਦੌਰ ਢੰਗ’ ਨਾਲ ਦੇਣਾ ਚਾਹੀਦਾ ਹੈ। ਤੁਪਕਾ ਸਿੰਜਾਈ ਤਰੀਕੇ ਨਾਲ ਪਾਣੀ ਦਾ ਉਚਿਤ ਪ੍ਰਯੋਗ ਕਰਕੇ ਉਤਪਾਦਨ ਵਿੱਚ ਵੀ ਵਾਧਾ ਕੀਤਾ ਜਾ ਸਕਦਾ ਹੈ। ਨਵੇਂ ਲਗਾਏ ਬੂਟਿਆਂ ਨੂੰ ਸਿੱਧਾ ਰੱਖਣ ਲਈ ਸੋਟੀ ਦਾ ਸਹਾਰਾ ਦਿਓ। ‘ਸੁਧਰੀਆਂ ਲੀਡਰ ਢੰਗ’ ਬਹੁਤ ਸਾਰੇ ਫਲਦਾਰ ਬੂਟਿਆਂ ਲਈ ਢੁੱਕਵਾਂ ਹੈ। ਨਿੰਬੂ ਜਾਤੀ ਦੇ ਫਲਾਂ ਦੀ ਕਾਂਟ-ਛਾਂਟ ਫਲ ਤੋੜਨ ਤੋਂ ਬਾਅਦ ਸਰਦੀ ਦੇ ਅੰਤ ਜਾਂ ਬਹਾਰ ਦੇ ਸ਼ੁਰੂ ਵਿੱਚ ਹੀ ਕਰਨੀ ਚਾਹੀਦੀ ਹੈ।
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੇਰ ਦੇ ਬੂਟਿਆਂ ਦੀ ਪੱਤਾ ਸੈਂਪਲਿੰਗ ਲਈ ਦਸੰਬਰ ਤੋਂ ਜਨਵਰੀ ਢੁੱਕਵਾਂ ਸਮਾਂ ਹੈ। ਇਸ ਲਈ ਟਾਹਣੀ ਦੇ ਅੱਧ ਵਿਚਕਾਰੋਂ 5-7 ਮਹੀਨੇ ਪੁਰਾਣੇ 70 ਪੱਤੇ ਇਕੱਠੇ ਕਰਨੇ ਚਾਹੀਦੇ ਹਨ ਅਤੇ ਲੋੜ ਮੁਤਾਬਕ ਹੀ ਖੁਰਾਕੀ ਤੱਤ ਵਰਤਣੇ ਚਾਹੀਦੇ ਹਨ। ਲੀਚੀ, ਨਾਖ, ਆੜੂ, ਅਲੂਚਾ, ਚੀਕੂ, ਨਿੰਬੂ-ਜਾਤੀ ਅਤੇ ਕਿੰਨੂ ਨੂੰ ਗੋਹੇ ਦੀ ਗਲੀ ਸੜੀ ਰੂੜੀ ਦਸੰਬਰ ਵਿਚ ਪਾਈ ਜਾਂਦੀ ਹੈ। ਨਾਸ਼ਪਾਤੀ ਨੂੰ ਸਾਰੀ ਰੂੜੀ, ਸੁਪਰਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦਸੰਬਰ ਮਹੀਨੇ ਪਾਓ।
ਪਤਝੜ ਦੇ ਫਲਦਾਰ ਬੂਟੇ ਲਗਾਉਣ ਦਾ ਢੁੱਕਵਾ ਸਮਾਂ ਇਨਾਂ ਦਾ ਸੁਸਤ ਪੜਾਅ ਹੈ ਜੋ ਕਿ ਦਸੰਬਰ ਤੋਂ ਜਨਵਰੀ ਵਿੱਚ ਹੁੰਦਾ ਹੈ, ਨਵਾਂ ਵਾਧਾ ਸ਼ੁਰੂ ਹੋਣ ਤੋਂ ਪਹਿਲਾਂ। ਨਵੇਂ ਲਗਾਏ ਬੂਟਿਆਂ ਵਿੱਚ ਖਾਲੀ ਥਾਂ ’ਤੇ ਹਾੜੀ ਦੀਆਂ ਫਸਲਾਂ ਵਿਚੋਂ ਕਣਕ, ਮਟਰ ਅਤੇ ਛੋਲੇ ਆਦਿ ਦੀ ਬਿਜਾਈ ਕੀਤੀ ਜਾ ਸਕਦੀ ਹੈ ਪਰ ਫਲਦਾਰ ਬੂਟਿਆਂ ਦਾ ਪਾਣੀ ਦਾ ਪ੍ਰਬੰਧ ਵੱਖਰਾ ਹੀ ਹੋਣਾ ਚਾਹੀਦਾ ਹੈ।
ਬਾਗਬਾਨੀ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਨਾਂ ਮਹੀਨਿਆਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਢੁਕਵਾਂ ਸਮਾਂ ਹੈ। ਬੂਟਿਆਂ ਦੇ ਦੌਰ ਕਹੀ ਨਾਲ ਨਹੀਂ ਪੁੱਟਣੇ ਚਾਹੀਦੇ ਸਗੋਂ ਉਨਾਂ ਵਿਚੋਂ ਖੁਰਪੇ ਆਦਿ ਨਾਲ ਨਦੀਨਾਂ ਦਾ ਨਾਸ਼ ਕਰਨਾ ਚਾਹੀਦਾ ਹੈ। ਬਾਗਾਂ ਵਿੱਚ ਆਡਾਂ, ਸੜਕਾਂ ਅਤੇ ਰਸਤਿਆਂ ਦੇ ਆਸੇ-ਪਾਸੇ ਵਾਲੇ ਨਦੀਨ ਨਸ਼ਟ ਕਰਨੇ ਜਰੂਰੀ ਹਨ, ਤਾਂ ਜੋ ਇਹ ਬਾਗ ਦੀ ਜਮੀਨ ਵਿੱਚ ਆਪਣੇ ਬੀਜ ਨਾ ਸੁੱਟ ਸਕਣ। ਬਰੂ, ਕਾਹੀ ਅਤੇ ਮੋਥੇ ਵਰਗੇ ਸਖਤ ਨਦੀਨਾਂ ਨੂੰ ਨਸ਼ਟ ਕਰਨਾ ਬਹੁਤ ਜਰੂਰੀ ਹੈ। ਪੱਕੇ ਹੋਏ ਫਲਾਂ ਨੂੰ ਸਰਦੀਆਂ ਵਿੱਚ ਖਾਸ ਕਰਕੇ ਅਮਰੂਦ ਨੂੰ 48-72 ਘੰਟੇ ਲਈ ਕਮਰੇ ਦੇ ਤਾਪਮਾਨ ’ਤੇ ਵੀ ਰੱਖਿਆ ਜਾ ਸਕਦਾ ਹੈ।