ਫੀਲਡ ਸਟਾਫ਼ ਹਰ ਘਰ ਦਾ ਕੁੰਡਾ ਖੜਕਾਅ ਕੇ ਲੋਕਾਂ ਦੀ ਸਿਹਤ ਦਾ ਹਾਲ ਪੁੱਛੇ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕਰੇ – ਚੇਅਰਮੈਨ ਚੀਮਾ

 

ਚੇਅਰਮੈਨ ਚੀਮਾ ਵੱਲੋਂ ਸਿਵਲ ਹਸਪਤਾਲ ਬਟਾਲਾ ਵਿਖੇ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਅਤੇ ਆਸ਼ਾ ਵਰਕਰਾਂ ਨਾਲ ਮੀਟਿੰਗ

ਫੀਲਡ ਸਟਾਫ਼ ਹਰ ਘਰ ਦਾ ਕੁੰਡਾ ਖੜਕਾਅ ਕੇ ਲੋਕਾਂ ਦੀ ਸਿਹਤ ਦਾ ਹਾਲ ਪੁੱਛੇ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕਰੇ – ਚੇਅਰਮੈਨ ਚੀਮਾ

ਬਟਾਲਾ,  (ਅਮਰੀਕ ਮਠਾਰੂ ਰੰਜਨਦੀਪ ਸੰਧੂ ) – ਪੰਜਾਬ ਸਰਕਾਰ ਵੱਲੋਂ ਹੈਲਥ ਫਾਰ ਆਲ ਦੇ ਵਾਅਦੇ ਤਹਿਤ ਸੂਬਾ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਦਿੱੱਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਜਿਥੇ ਸੂਬੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬੁਨਿਆਦੀ ਢਾਂਚਾ ਵਿਕਸਤ ਕੀਤਾ ਗਿਆ ਹੈ ਓਥੇ ਸਰਕਾਰੀ ਹਸਪਤਾਲਾਂ ਵਿੱਚ ਮਾਹਿਰ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਨਵੇਂ ਡਾਕਟਰ ਵੀ ਭਰਤੀ ਕੀਤੇ ਗਏ ਹਨ।

ਇਹ ਪ੍ਰਗਟਾਵਾ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਅੱਜ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਅਤੇ ਆਸ਼ਾ ਵਰਕਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ। ਸ. ਚੀਮਾ ਨੇ ਕਿਹਾ ਕਿ ਹਰ ਰਾਜ ਵਾਸੀ ਤੱਕ ਮਿਆਰੀ ਸਿਹਤ ਸੇਵਾਵਾਂ ਪਹੁੰਚਾਉਣਾ ਸੂਬਾ ਸਰਕਾਰ ਦਾ ਫਰਜ਼ ਹੈ ਅਤੇ ਰਾਜ ਸਰਕਾਰ ਇਸ ਵਿੱਚ ਕਾਮਯਾਬ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਦੌਰਾਨ ਪੰਜਾਬ ਦੇ ਸਿਹਤ ਵਿਭਾਗ ਨੇ ਮਿਸਾਲੀ ਕੰਮ ਕੀਤਾ ਹੈ ਅਤੇ ਸਿਹਤ ਵਿਭਾਗ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਸੂਬਾ ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਕਾਬੂ ਹੇਠ ਆ ਸਕੀ ਹੈ।

ਇਸ ਤੋਂ ਪਹਿਲਾਂ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਅਤੇ ਆਸ਼ਾ ਵਰਕਰਾਂ ਨਾਲ ਮੀਟਿੰਗ ਕਰਦਿਆਂ ਚੇਅਰਮੈਨ ਚੀਮਾ ਨੇ ਸਾਰਿਆਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਪੂਰੀ ਨਿਸ਼ਠਾ ਨਾਲ ਕੰਮ ਕਰਨ ’ਤੇ ਸ਼ਾਬਾਸ਼ੀ ਦਿੱਤੀ। ਉਨ੍ਹਾਂ ਕਿਹਾ ਕਿ ਜਿਸ ਜਜਬੇ, ਸੇਵਾ ਭਾਵਨਾ ਅਤੇ ਪੇਸ਼ੇਵਰਾਨਾ ਪਹੁੰਚ ਨੂੰ ਅਪਣਾ ਕੇ ਸਿਹਤ ਵਿਭਾਗ ਦੇ ਹਰ ਡਾਕਟਰ ਅਤੇ ਕਰਮਚਾਰੀ ਨੇ ਕੋਰੋਨਾ ਮਹਾਂਮਾਰੀ ਦੌਰਾਨ ਕੰਮ ਕੀਤਾ ਹੈ ਇਹ ਆਪਣੇ ਆਪ ਵਿੱਚ ਮਿਸਾਲ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਭਾਂਵੇ ਅਜੇ ਖਤਮ ਤਾਂ ਨਹੀਂ ਹੋਇਆ ਪਰ ਸਿਹਤ ਵਿਭਾਗ ਦੇ ਯਤਨਾ ਸਦਕਾ ਪੰਜਾਬ ਵਿੱਚ ਸਥਿਤੀ ਕਾਬੂ ਹੇਠ ਹੈ।

ਚੇਅਰਮੈਨ ਚੀਮਾ ਨੇ ਏ.ਐੱਨ.ਐੱਮਜ਼ ਅਤੇ ਆਸ਼ਾ ਵਰਕਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਤੁਸੀ ਸਿਹਤ ਵਿਭਾਗ ਦੀ ਰੀਡ ਦੀ ਹੱਡੀ ਹੋ ਅਤੇ ਤੁਹਾਡੀਆਂ ਸੇਵਾਵਾਂ ਸਦਕਾ ਹੀ ਰਾਜ ਦੇ ਹਰ ਨਾਗਰਿਕ ਤੱਕ ਵਿਭਾਗ ਦੀ ਪਹੁੰਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਫੀਲਡ ਸਟਾਫ਼ ਹਰ ਘਰ ਦਾ ਕੁੰਡਾ ਖੜਕਾਅ ਕੇ ਲੋਕਾਂ ਦੀ ਸਿਹਤ ਦਾ ਹਾਲ ਪੁੱਛੇ ਅਤੇ ਲੋਕਾਂ ਵਿੱਚ ਬਿਮਾਰੀਆਂ ਤੋਂ ਬਚਣ ਲਈ ਜਾਗਰੂਕਤਾ ਫੈਲਾਈ ਜਾਵੇ। ਉਨ੍ਹਾਂ ਕਿਹਾ ਕਿ ਗਰਭਵਤੀ ਮਹਿਲਾਵਾਂ ਦੀ ਰਜਿਸਟ੍ਰੇਸ਼ਨ, ਉਨ੍ਹਾਂ ਦੇ ਰੁਟੀਨ ਚੈੱਕਅਪ ਤੋਂ ਇਲਾਵਾ ਬੱਚਿਆਂ ਦਾ ਸੌ ਫੀਸਦੀ ਟੀਕਾਕਰਨ ਕੀਤਾ ਜਾਵੇ। ਸ. ਚੀਮਾ ਨੇ ਸਿਹਤ ਵਿਭਾਗ ਦਾ ਹਰ ਕਰਮਚਾਰੀ ਤੰਦਰੁਸਤ ਪੰਜਾਬ ਸਿਰਜਣ ਵਿੱਚ ਆਪਣਾ ਯੋਗਦਾਨ ਪਾਵੇ।

ਇਸ ਮੌਕੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਸਿਵਲ ਹਸਪਤਾਲ ਬਟਾਲਾ ਵਿੱਚ ਨਵੇਂ ਜੁਆਇੰਨ ਕੀਤੇ ਡਾਕਟਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪਹਿਲੀ ਨਿਯੁਕਤੀ ਦੀ ਵਧਾਈ ਦਿੱਤੀ। ਸ. ਚੀਮਾ ਨੇ ਕਿਹਾ ਕਿ ਡਾਕਟਰੀ ਪੇਸ਼ਾ ਬਹੁਤ ਹੀ ਸੇਵਾ ਭਾਵਨਾ ਵਾਲਾ ਅਤੇ ਸਤਿਕਾਰਤ ਪੇਸ਼ਾ ਹੈ ਅਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਨਵੇਂ ਭਰਤੀ ਹੋਏ ਡਾਕਟਰ ਆਪਣੇ ਪੇਸ਼ੇ ਦੀਆਂ ਸ਼ਾਨਦਾਰ ਰਵਾਇਤਾਂ ਅਤੇ ਮਾਣ ਨੂੰ ਬਹਾਲ ਰੱਖਣਗੇ।

ਇਸ ਮੌਕੇ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਡਾ. ਸੰਜੀਵ ਭੱਲਾ, ਡਾ. ਰਵਿੰਦਰ ਸਿੰਘ, ਨਵ-ਨਿਯੁਕਤ ਡਾਕਟਰ ਗੁਰਸ਼ਰਨ ਸਿੰਘ ਕਾਹਲੋਂ, ਡਾ. ਅੰਮ੍ਰਿਤਪਾਲ ਸਿੰਘ ਕਾਹਲੋਂ, ਡਾ. ਸਤਨਾਮ ਸਿੰਘ, ਡਾ. ਪਾਰਥ ਭੂਸ਼ਨ, ਡਾ. ਪ੍ਰਿਅੰਕਾ ਸੰਗੋਤਰਾ, ਡਾ. ਅਰਸ਼ਦੀਪ ਕੌਰ, ਸਿਮਤੀ ਥਾਪਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *