ਅੱਚਲ ਸਾਹਿਬ ਤੀਰਥ ਅਸਥਾਨ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ – ਡੀ.ਸੀ . ਨੌਵੀਂ ਦਸਵੀਂ ਦੇ ਮੇਲੇ ਦੌਰਾਨ ਸੰਗਤਾਂ ਕੋਵਿਡ-19 ਤੋਂ ਬਚਣ ਦੀਆਂ ਹਦਾਇਤਾਂ ਦੀ ਵੀ ਪਾਲਣਾ ਕਰਨ

 

ਡਿਪਟੀ ਕਮਿਸ਼ਨਰ ਸ੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਨਤਮਸਤਕ ਹੋਏ

ਇਸ ਤੀਰਥ ਅਸਥਾਨ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ – ਡੀ.ਸੀ
.
ਨੌਵੀਂ ਦਸਵੀਂ ਦੇ ਮੇਲੇ ਦੌਰਾਨ ਸੰਗਤਾਂ ਕੋਵਿਡ-19 ਤੋਂ ਬਚਣ ਦੀਆਂ ਹਦਾਇਤਾਂ ਦੀ ਵੀ ਪਾਲਣਾ ਕਰਨ

ਬਟਾਲਾ,( ਅਮਰੀਕ ਮਠਾਰੂ,ਰੰਜਨਦੀਪ ਸੰਧੂ ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਨੌਵੀਂ-ਦਸਵੀਂ ਦੇ ਮੇਲੇ ਸਬੰਧੀ ਅੱਜ ਸਵਾਮੀ ਕਾਰਤਿਕ ਜੀ ਦੇ ਮੰਦਰ ਸ੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਅਤੇ ਬੀ.ਡੀ.ਪੀ.ਓ. ਬਟਾਲਾ ਸ੍ਰੀਮਤੀ ਅਮਨਦੀਪ ਕੌਰ ਵੀ ਮੌਜੂਦ ਸਨ।

ਸਭ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਸ੍ਰੀ ਕਾਰਤਿਕ ਸਵਾਮੀ ਦੇ ਮੰਦਰ ਵਿਖੇ ਨਤਮਸਤਕ ਹੋਏ ਅਤੇ ਇਸ ਪ੍ਰਾਚੀਨ ਮੰਦਰ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਉਪਰੰਤ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਦੇ ਦਰਸ਼ਨ ਕੀਤੇ ਅਤੇ ਇਥੋਂ ਦੇ ਇਤਿਹਾਸ ਬਾਰੇ ਜਾਣਿਆ।

ਡਿਪਟੀ ਕਮਿਸ਼ਨਰ ਨੇ ਸ੍ਰੀ ਅੱਚਲ ਸਾਹਿਬ ਵਿਖੇ ਅਧਿਕਾਰੀਆਂ ਦੇ ਨਾਲ ਮੰਦਰ, ਗੁਰਦੁਆਰਾ ਕਮੇਟੀ ਅਤੇ ਗ੍ਰਾਂਮ ਪੰਚਾਇਤ ਚਾਹਲਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਨਗਰ ਦੇ ਵਿਕਾਸ ਲਈ ਕੰਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਮਾਰਟ ਵਿਲੇਜ ਕੰਪੇਨ ਤਹਿਤ ਪਿੰਡ ਚਾਹਲਾਂ ਦੇ ਵਿਕਾਸ ਉੱਪਰ 41 ਲੱਖ ਰੁਪਏ ਹੋਰ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ 20 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੇ ਛੱਪੜ ਦਾ ਥਾਪਰ ਮਾਡਲ ਤਹਿਤ ਨਵੀਨੀਕਰਨ ਕੀਤਾ ਜਾਵੇਗਾ। ਮੰਦਰ ਕਮੇਟੀ ਦੀ ਮੰਗ ਉੱਪਰ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਮੰਦਰ ਦੇ ਸਾਹਮਣੇ ਲਾਈਟਾਂ ਲਗਾਉਣ ਲਈ 3 ਲੱਖ ਰੁਪਏ ਦੀ ਵਿਸ਼ੇਸ਼ ਰਾਸ਼ੀ ਦੇਣ ਦਾ ਭਰੋਸਾ ਵੀ ਦਿੱਤਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪਾਵਨ ਅਸਥਾਨ ਦੇ ਸਰਬਪੱਖੀ ਵਿਕਾਸ ਲਈ ਮਾਸਟਰ ਪਲਾਨ ਤਿਆਰ ਕੀਤਾ ਜਾਵੇਗਾ ਅਤੇ ਸੰਗਤਾਂ ਦੀ ਸਹੂਲਤ ਲਈ ਜੋ ਵੀ ਢਾਂਚਾ ਲੋੜੀਂਦਾ ਹੋਇਆ ਉਸ ਨੂੰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਚਲ ਸਾਹਿਬ ਤੋਂ ਚਾਹਲ ਖੁਰਦ ਰਾਹੀਂ ਲਿੰਕ ਰੋਡ ਦਾ ਵੀ ਐਸਟੀਮੈਟ ਤਿਆਰ ਕੀਤਾ ਜਾਵੇਗਾ ਤਾਂ ਜੋ ਇੱਕ ਹੋਰ ਸੜਕ ਇਸ ਧਾਰਮਿਕ ਅਸਥਾਨ ਨਾਲ ਜੋੜੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟੂਰਿਜ਼ਮ ਵਿਭਾਗ ਨਾਲ ਮਿਲ ਕੇ ਕੋਸ਼ਿਸ਼ ਕੀਤੀ ਜਾਵੇਗੀ ਕਿ ਸ੍ਰੀ ਅੱਚਲ ਸਾਹਿਬ ਨੂੰ ਧਾਰਮਿਕ ਟੂਰਿਜ਼ਮ ਦੇ ਸਰਕਟ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਸ਼ਰਧਾਲੂ ਇਸ ਅਸਥਾਨ ਦੇ ਦਰਸ਼ਨਾਂ ਲਈ ਆ ਸਕਣ। ਉਨ੍ਹਾਂ ਕਿਹਾ ਕਿ ਸ੍ਰੀ ਅੱਚਲ ਸਾਹਿਬ ਨੂੰ ਵਿਕਾਸ ਪੱਖੋਂ ਬੇਹਤਰ ਬਣਾਇਆ ਜਾਵੇਗਾ ਅਤੇ ਉਹ ਇਸ ਅਸਥਾਨ ਦੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਲਈ ਹਰ 15 ਦਿਨਾਂ ਬਾਅਦ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।

ਇਸਦੇ ਨਾਲ ਹੀ ਸੰਗਤਾਂ ਨੂੰ ਨੌਵੀਂ ਦਸਵੀਂ ਦੇ ਮੇਲੇ ਦੀ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਸੰਗਤਾਂ ਮੇਲੇ ਵਿੱਚ ਸ਼ਮੂਲੀਅਤ ਕਰਨ ਮੌਕੇ ਕੋਵਿਡ-19 ਤੋਂ ਬਚਣ ਸਬੰਧੀ ਸਾਵਧਾਨੀਆਂ ਦੀ ਵੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਕੋਵਿਡ-19 ਅਜੇ ਖਤਮ ਨਹੀਂ ਹੋਇਆ ਅਤੇ ਸਾਰਿਆਂ ਨੂੰ ਮਾਸਕ ਲਗਾ ਕੇ ਰੱਖਣੇ ਚਾਹੀਦੇ ਹਨ। ਉਨ੍ਹਾਂ ਮੰਦਰ ਅਤੇ ਗੁਰਦੁਆਰਾ ਕਮੇਟੀ ਨੂੰ ਵੀ ਇਸ ਸਬੰਧੀ ਢੁਕਵੇਂ ਪ੍ਰਬੰਧ ਕਰਨ ਲਈ ਕਿਹਾ।

ਇਸ ਮੌਕੇ ਮੰਦਰ ਸ੍ਰੀ ਅਚਲੇਸ਼ਵਰ ਧਾਮ ਟਰੱਸਟ ਵਲੋਂ ਪਵਨ ਕੁਮਾਰ ਪੰਮਾ, ਗੁਲਸ਼ਨ ਕੁਮਾਰ, ਸੰਨੀ ਕੁੰਦਰਾ, ਕਾਕਾ ਕੁੰਦਰਾ, ਸੁਰਿੰਦਰ ਬਾਂਸਲ, ਰਾਮ ਮਲਹੋਤਰਾ ਅਤੇ ਗੁਰਦੁਆਰਾ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ, ਮੈਨੇਜਰ ਬਲਜੀਤ ਸਿੰਘ ਤਲਵੰਡੀ ਰਾਮਾ ਜਤਿੰਦਰ ਪਾਲ ਸਿੰਘ ਵਿੱਕੀ ਭਾਟੀਆ, ਲੇਖਾਕਾਰ ਬਲਕਾਰ ਸਿੰਘ, ਸਰਬਜੀਤ ਸਿੰਘ, ਸਰਪੰਚ ਬਿਕਰਮਜੀਤ ਸਿੰਘ ਬਿੱਕਾ ਚਾਹਲਾ, ਸੁਖਵਿੰਦਰ ਸਿੰਘ ਸੰਧੂ ਵਲੋਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਅਤੇ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੂੰ ਸਨਮਾਨਤ ਕੀਤਾ ਗਿਆ।

Leave a Reply

Your email address will not be published. Required fields are marked *