ਪੰਜਾਬੀ ਗ਼ਜ਼ਲਾਂ ਅਬਦੁਲ ਕਰੀਮ ਕੁਦਸੀ
(ਰੰਜਨਦੀਪ ਸੰਧੂ, ਅਮਰੀਕ ਮਠਾਰੁ)
1. ਰੰਗ ਬਰੰਗੇ ਮਹਿਲਾਂ ਕੋਲ, ਖਲੋਣ ਦਾ ਫਾਇਦਾ ਕੋਈ ਨਹੀਂ
ਰੰਗ ਬਰੰਗੇ ਮਹਿਲਾਂ ਕੋਲ, ਖਲੋਣ ਦਾ ਫਾਇਦਾ ਕੋਈ ਨਹੀਂ ।
ਅੱਡੀਆਂ ਚੁੱਕ ਕੇ ਐਵੇਂ ਵੱਡਿਆਂ, ਹੋਣ ਦਾ ਫ਼ਾਇਦਾ ਕੋਈ ਨਹੀਂ ।
ਜਿਹੜੀ ਸ਼ੈ ਦੀ ਮਰਦਾਂ ਵਾਂਗੂੰ, ਰਾਖੀ ਕਰ ਨਹੀਂ ਸਕਦਾ ਤੂੰ,
ਉਹਦੇ ਲਈ ਹੁਣ ਬੁੱਢਿਆਂ ਵਾਂਗੂੰ, ਰੋਣ ਦਾ ਫ਼ਾਇਦਾ ਕੋਈ ਨਹੀਂ ।
ਗੱਲੀਂ ਬਾਤੀਂ ਭੁੱਖ ਨਹੀਂ ਮਰਦੀ, ਕਾਲ ਨਹੀਂ ਕੱਟੇ ਜਾਂਦੇ,
ਮਿੱਟੀ ਆਟੇ ਰੰਗੀ ਕਰਕੇ, ਗੌਣ ਦਾ ਫ਼ਾਇਦਾ ਕੋਈ ਨਹੀਂ ।
ਪਤਾ ਨਹੀਂ ਸੀ ਇਕ ਦੂਜੇ ਦੇ, ਬਣ ਜਾਵਾਂਗੇ ਵੈਰੀ ਵੀ,
ਇਹ ਤੇ ਪਤਾ ਸੀ ਵੱਖੋ-ਵੱਖੀ, ਹੋਣ ਦਾ ਫ਼ਾਇਦਾ ਕੋਈ ਨਹੀਂ ।
ਚੰਗੇ ਹਾਕਮ ਬਣੇ ਨਹੀਂ ਜੇਕਰ, ਬਣੋਂ ਰਿਆਇਆ ਚੰਗੀ,
ਹਰ ਚੰਗਿਆਈ ਅਪਣੇ ਹੱਥੋਂ, ਖੋਣ ਦਾ ਫ਼ਾਇਦਾ ਕੋਈ ਨਹੀਂ ।
‘ਕੁਦਸੀ’ ਜਿਹੜੇ ਆਪ ਨਾ ਬੋਲਣ, ਗ਼ਜ਼ਲਾਂ ਨਜ਼ਮਾਂ ਅੰਦਰ,
ਉਹਨਾਂ ਹਰਫ਼ਾਂ ‘ਤੇ ਲਫ਼ਜ਼ਾਂ ਦੀ, ਚੋਣ ਦਾ ਫ਼ਾਇਦਾ ਕੋਈ ਨਹੀਂ ।
2. ਪੱਥਰ ਦਿਲ ਇਸ ਦੁਨੀਆਂ ਅੰਦਰ, ਬਹੁਤੇ ਨਾ ਤੂੰ ਯਾਰ ਬਣਾ
ਪੱਥਰ ਦਿਲ ਇਸ ਦੁਨੀਆਂ ਅੰਦਰ, ਬਹੁਤੇ ਨਾ ਤੂੰ ਯਾਰ ਬਣਾ ।
ਜ਼ਿੰਦਾ ਦਿਲ ਇਨਸਾਨਾਂ ਅੰਦਰ, ਅਪਣਾ ਇਕ ਦਿਲਦਾਰ ਬਣਾ ।
ਜੀਵਨ ਦੇ ਲਈ ਹਰ ਬੰਦੇ ਨੂੰ ਕੁਝ ਤੇ ਕਰਨਾ ਪੈਂਦਾ ਏ,
ਸੱਧਰਾਂ ਦੀ ਬੰਜਰ ਧਰਤੀ ਵਿੱਚ ਗੁਲਸ਼ਨ ਦੇ ਆਸਾਰ ਬਣਾ ।
ਅਰਜ਼ਾਂ ਦੇ ਵਾਇਰਸ ਨੇ ਤੈਨੂੰ, ਏਨਾ ਰੋਗੀ ਕੀਤਾ ਏ,
ਲਾਲਚ ਦੀ ਨਗਰੀ ਤੋਂ ਹੱਟ ਕੇ, ਵੱਖ ਅਪਣਾ ਘਰਬਾਰ ਬਣਾ ।
ਆਬਾਦੀ ਲਈ ਬੰਦਿਆ ਜੰਗਲ ਦੇ ਵਲ ਵਧਦਾ ਜਾਂਦਾ ਏਂ,
ਇਨਸਾਨਾਂ ਤੋਂ ਨਫ਼ਰਤ ਕਰਕੇ ਵਹਿਸ਼ੀ ਨਾ ਤੂੰ ਯਾਰ ਬਣਾ ।
ਸੱਚ ਦਾ ਜੁਗਨੂੰ ਹੋ ਕੇ ਚਮਕਾਂ ਮੈਂ ਤਾਂ ਕਾਲੀਆਂ ਰਾਤਾਂ ਵਿੱਚ,
ਚੜ੍ਹਦੇ ਸੂਰਜ ਵਾਂਗੂੰ ਸੱਜਨਾਂ ਤੂੰ ਵੀ ਕੁਝ ਲਿਸ਼ਕਾਰ ਬਣਾ ।
ਮਾਂ ਬੋਲੀ ਦੀ ਤਾਂਘ ਹੀ ਤੈਨੂੰ ਏਥੇ ਤਕ ਲੈ ਆਈ ਏ,
ਇਹਦੇ ਵਿੱਚ ਮੈਂ ਲਿਖਦਾਂ ਤਾਂ, ਜੋ ਤੂੰ ਵੀ ਇਹ ਰਫ਼ਤਾਰ ਬਣਾ ।
ਗੁੰਗੇ ਬੋਲੇ ਲੋਕਾਂ ਵਿੱਚ ਬਸ, ਕੱਲਾ ਫਿਰਦਾ ਰਹਿੰਦਾ ਏਂ,
ਕਦ ਤੱਕ ਕੱਲਾ ਰਹੇਂਗਾ ‘ਕੁਦਸੀ’ ਤੂੰ ਕੋਈ ਗ਼ਮਖ਼ਾਰ ਬਣਾ ।
3. ਮਿਜਾਜ਼ ਮੌਸਮ ਦਾ ਖ਼ੌਰੇ ਕੀਹਨੇ ਸ਼ਦੀਦ ਕੀਤਾ
ਮਿਜਾਜ਼ ਮੌਸਮ ਦਾ ਖ਼ੌਰੇ ਕੀਹਨੇ ਸ਼ਦੀਦ ਕੀਤਾ ।
ਖ਼ਿਜ਼ਾਂ ਦੇ ਖੰਜਰ ਨੇ ਪੱਤਾ ਪੱਤਾ ਸ਼ਹੀਦ ਕੀਤਾ ।
ਹਵਾ ਨੇ ਉਹਦੇ ਸ਼ਰੀਰ ਵਿੱਚੋਂ ਮਿਠਾਸ ਚੁਣ ਲਈ,
ਅਸਾਂ ਗ਼ਰੀਬਾਂ ਨੇ ਜਿਹੜਾ ਮੇਵਾ ਖ਼ਰੀਦ ਕੀਤਾ ।
ਤਿਰੀ ਨਜ਼ਰ ਦੀ ਫ਼ਰਾਤ ਕੰਢੇ ਨਾ ਪਿਆਸ ਬੁੱਝੀ,
ਤੂੰ ਪਿਆਰ ਦਰਿਆ ਦਾ ਕਤਰਾ ਕਤਰਾ ਬਦੀਦ ਕੀਤਾ ।
ਅਦਬ ਦੀ ਖੇਤੀ ‘ਚ ਵੰਨ ਸੁਵੰਨੇ ਖ਼ਿਆਲ ਬੀਜੇ,
ਅਸਾਂ ਅਦਬ ਦਾ ਕਦੀਮ ਲਹਿਜ਼ਾ ਜਦੀਦ ਕੀਤਾ ।
ਜਦੋਂ ਵੀ ਨਿਕਲੀ ਮੁਨਾਫ਼ਕਤ ਦੀ ਸ਼ਰਾਬ ਨਿਕਲੀ,
ਖਲੂਸ ਜਦ ਵੀ ਮੈਂ ਦੋਸਤਾਂ ਦਾ ਕਸੀਦ ਕੀਤਾ ।
ਇਹ ਯਾਰੀਆਂ ਵੀ ਜ਼ਰੂਰਤਾਂ ਦੇ ਤਬਾਦਲੇ ਨੇ,
ਜ਼ਰੂਰਤਾਂ ਨੇ ਇਹ ਪਾਕ ਜਜ਼ਬਾ ਪਲੀਦ ਕੀਤਾ ।
ਅਸੀਂ ਆਂ ‘ਕੁਦਸੀ’ ਉਹ ਲੋਕ ਜਿਨ੍ਹਾਂ ਗ਼ਜ਼ਲ ਘਰਾਣਾ-
ਅਦਬ ਦੇ ਪੈਰਾਂ ਤੋਂ ਖੋਹਕੇ ਅਪਣਾ ਮੁਰੀਦ ਕੀਤਾ ।
4. ਜੀ ਕਰਦਾ ਏ ਧੋਖਾ ਤੇਰੇ ਨਾਲ ਕਰਾਂ
ਜੀ ਕਰਦਾ ਏ ਧੋਖਾ ਤੇਰੇ ਨਾਲ ਕਰਾਂ ।
ਐਪਰ ਜੇਰਾ ਕਿਸ ਦਾ ਇਸਤੇਮਾਲ ਕਰਾਂ ?
ਹੰਝੂਆਂ ਦੇ ਮੋਤੀ ਯਾ ਹੀਰੇ ਜ਼ਖ਼ਮਾਂ ਦੇ,
ਸੱਜਨਾਂ ਦੀ ਖ਼ਿਦਮਤ ਵਿੱਚ ਕੀ ਅਰਸਾਲ ਕਰਾਂ ।
ਜਿਹਨਾਂ ਦੀ ਲੌ ਮੇਰੀ ਕਿਸਮਤ ਵਰਗੀ ਏ,
ਉਹ ਦੀਵੇ ਕੀ ਮਹਿਫ਼ਲ ਦੇ ਵਿੱਚ ‘ਬਾਲ’ ਕਰਾਂ ।
ਤੇਰੀ ਯਾਦ ਦੇ ਬਾਲ ਗੁਆਚੇ ਭੀੜਾਂ ਵਿੱਚ,
ਹੁਣ ਕਿਸਮਤ ਮੈਂ ਤੇਰਾ ਇਸਤਕਬਾਲ ਕਰਾਂ ।
ਸਾਰੇ ਉਸ ਵਲ ਅੱਡੀਆਂ ਚੁੱਕ ਚੁੱਕ ਵੇਂਹਦੇ ਨੇ,
ਮੈਂ ਕੱਲਾ ਨਹੀਂ ਜੋ ਇਸ ਦਾ ਇਕਬਾਲ ਕਰਾਂ ।
ਪੈਸੇ ਦੀ ਥਾਂ ਖੀਸਾ ਭਰਿਆ ਗ਼ਜ਼ਲਾਂ ਨਾਲ,
ਅਪਣੇ ਬੱਚਿਆਂ ਦਾ ਕੀ ਹੋਰ ਖ਼ਿਆਲ ਕਰਾਂ ।
ਦਰਦ ਸਮੇਟ ਕੇ ਆਖਿਆ ਮੇਰੇ ਖ਼ਾਲਿਕ ਨੇ,
ਆ ਹੁਣ ‘ਕੁਦਸੀ’ ਤੈਨੂੰ ਮਾਲਾ ਮਾਲ ਕਰਾਂ ।
5. ਮੂੰਹ ਦਾ ਜ਼ਾਇਕਾ ਕੌੜਾ-ਕੌੜਾ ਖੀਸੇ ਸਾਡੇ ਸੱਖਣੇ
ਮੂੰਹ ਦਾ ਜ਼ਾਇਕਾ ਕੌੜਾ-ਕੌੜਾ ਖੀਸੇ ਸਾਡੇ ਸੱਖਣੇ ।
ਅਸਾਂ ਗਰੀਬਾਂ ਨਵੀਂ ਬਹਾਰ ਦੇ ਮੇਵੇ ਕਾਦ੍ਹੇ ਚੱਖਣੇ ?
ਭਾਗਾਂ ਵਾਲੀ ਧਰਤੇ ਦੇ ਪੁੱਤ ਸੜਿਆਂ ਭਾਗਾਂ ਵਾਲੇ,
ਸਾਰੀ ਉਮਰ ਮੁਸ਼ੱਕਤ ਕਰਦੇ ਫੇਰ ਭੜੋਲੇ ਸੱਖਣੇ ।
ਘੁੱਪ ਹਨੇਰੇ ਅੰਦਰ ਕਿਹੜਾ ਵਧ ਕੇ ਦੀਵੇ ਬਾਲੇ,
ਰੌਸ਼ਨੀਆਂ ਨੂੰ ਤਰਸ ਗਏ ਨੇ ਇਹ ਅੱਖੀਆਂ ਦੇ ਰਖਣੇ।
ਸਾਡੇ ਜਿਸਮ ਦਾ ਨੰਗ ਲੁਕਾਂਦੀ ਧੂੜ ਮੁਸ਼ੱਕਤ ਵਾਲੀ,
ਅਸੀਂ ਨੇ ਅਪਣੇ ਜੁੱਸੇ ਕਾਦ੍ਹੇ ਸਾਂਭ-ਸੰਭਾਲ ਕੇ ਰੱਖਣੇ ।
ਲੰਮੀਆਂ-ਲੰਮੀਆਂ ਕਾਰਾਂ ਦੇ ਵਿਚ ਬੈਠੀਆਂ ਦਿੱਸਣ ਡੈਣਾਂ,
ਨੰਗੇ ਪੈਰੀਂ ਕੋਲੇ ਚੁਗਦੇ ‘ਕੁਦਸੀ’ ਜਿਸਮ ਸੁਲੱਖਣੇ ।
6. ਸੁਘੜ ਸਿਆਣੀ ਬਣ ਜਾਂਦੀ ਉਹ ਭਾਵੇਂ ਝੱਲੀ ਹੋਵੇ
ਸੁਘੜ ਸਿਆਣੀ ਬਣ ਜਾਂਦੀ ਉਹ ਭਾਵੇਂ ਝੱਲੀ ਹੋਵੇ ।
ਜਿਸ ਖ਼ੁਸ਼ਕਿਸਮਤ ਤੇ ਮੁਰਸ਼ਦ ਦੀ ਨਜ਼ਰ ਸਵੱਲੀ ਹੋਵੇ ।
ਗੱਲ ਅਮਲਾਂ ਤੇ ਮੁਕਦੀ ਸਾਰੀ ਜ਼ਾਤਾਂ ਤੇ ਨਹੀਂ ਮੁਕਦੀ,
ਸੱਯਦ ਹੋਵੇ ਭਾਵੇਂ ਕਿਸੇ ਦੀ ਜ਼ਾਤ ਮੁਸੱਲੀ ਹੋਵੇ ।
ਖ਼ੈਰ ਖ਼ਬਰ ਲੋਕਾਂ ਦੇ ਮੂੰਹੋਂ ਸੁਣਕੇ ਚੈਨ ਨਾ ਆਵੇ ।
ਖੱਤ ਆਵੇ ਸੱਜਣਾਂ ਦਾ ਦਿਲ ਨੂੰ ਫੇਰ ਤਸੱਲੀ ਹੋਵੇ ।

